ਸ਼ਰਧਾਂਜਲੀ: ਡੂੰਘੀ ਸਮਰਪਣ ਭਾਵਨਾ ਨਾਲ ਲੋਕਾਂ ਲੇਖੇ ਲੱਗੀ ਜ਼ਿੰਦਗੀ
- ਪਾਵੇਲ ਕੁੱਸਾ
ਲੰਘੀ ਦੋ ਜੁਲਾਈ ਨੂੰ ਕਮਿਊਨਿਸਟ ਇਨਕਲਾਬੀ ਲਹਿਰ ਦੀ ਅਹਿਮ ਆਗੂ ਸ਼ਖਸੀਅਤ ਕਾਮਰੇਡ ਗੁਰਦਿਆਲ ਸਿੰਘ ਪਹਾੜਪੁਰ 81 ਵਰ੍ਹਿਆਂ ਦੀ ਅਰਥ ਭਰਪੂਰ ਤੇ ਸ਼ਾਨਾਮੱਤੀ ਜ਼ਿੰਦਗੀ ਦਾ ਸਫ਼ਰ ਮੁਕਾ ਗਏ।ਪਰ ਇਹ ਨਿਵੇਕਲਾ ਸਫ਼ਰ ਲੋਕ ਮੁਕਤੀ ਦੇ ਰਾਹਾਂ ਦੇ ਪਾਂਧੀਆਂ ਲਈ ਰੌਸ਼ਨੀ ਦੇ ਸੋਮੇ ਵਜੋਂ ਸਦਾ ਆਪਣਾ ਚਾਨਣ ਵੰਡਦਾ ਰਹੇਗਾ।
ਕਾਮਰੇਡ ਗੁਰਦਿਆਲ ਪਹਾੜਪੁਰ 1960ਵਿਆਂ ਦੇ ਤਰਥੱਲੀਆਂ ਭਰਪੂਰ ਸਾਲਾਂ ਦੀ ਪੈਦਾਵਾਰ ਸਨ ਜਦੋਂ ਦੁਨੀਆ ਭਰ 'ਚ ਨੌਜਵਾਨ ਵਿਦਿਆਰਥੀ ਨਵੇਂ ਸਮਾਜ ਦੀ ਉਸਾਰੀ ਦੀ ਮੰਜ਼ਿਲ ਨੂੰ ਆਪਣੇ ਅਕੀਦੇ ਬਣਾ ਕੇ ਸੰਗਰਾਮਾਂ ਦੇ ਮੈਦਾਨ 'ਚ ਨਿੱਤਰ ਰਹੇ ਸਨ।ਮੁਲਕ ਦੇ ਵੀ ਹਜ਼ਾਰਾਂ ਨੌਜਵਾਨਾਂ ਨੇ ਕਿਰਤੀ ਲੋਕਾਈ ਦੀ ਮੁਕਤੀ ਲਈ ਸਮਾਜ ਦੀ ਇਨਕਲਾਬੀ ਕਾਇਆ ਪਲਟੀ ਖ਼ਾਤਰ ਜ਼ਿੰਦਗੀ ਅਰਪਿਤ ਕਰਨ ਦਾ ਰਾਹ ਫੜਿਆ ਸੀ ਪਰ ਇਸ ਲੰਮੇ ਸਫ਼ਰ ਚੋਂ ਵਿਰਲੇ ਹਨ ਜਿਹੜੇ ਜਵਾਨੀ ਵੇਲੇ ਚੁਣੇ ਗਏ ਇਸ ਰਸਤੇ 'ਤੇ ਅੰਤਿਮ ਸਾਹਾਂ ਤੱਕ ਡਟੇ ਰਹੇ।ਕਾਮਰੇਡ ਗੁਰਦਿਆਲ ਇਹਨਾਂ ਵਿਰਲਿਆਂ 'ਚ ਸ਼ੁਮਾਰ ਸਨ ਜਿਨ੍ਹਾਂ ਦੇ ਸਾਹਾਂ 'ਚ ਲੋਕ ਇਨਕਲਾਬ ਦਾ ਮਹਾਨ ਮਿਸ਼ਨ ਰਚਿਆ ਹੋਇਆ ਸੀ।ਲਗਭਗ 57-58 ਸਾਲ ਦੇ ਲੰਮੇ ਸਿਆਸੀ ਸਫ਼ਰ ਦਾ ਬਿਖੜਾ ਪੈਂਡਾ ਨਾ ਉਹਨਾਂ ਨੂੰ ਥਕਾ ਸਕਿਆ ਨਾ ਕਮਿਊਨਿਸਟ ਇਨਕਲਾਬੀ ਲਹਿਰ ਦੇ ਸੰਕਟ, ਉਤਰਾਅ ਚੜ੍ਹਾਅ ਤੇ ਪਛਾੜਾਂ ਕਦੇ ਉਹਨਾਂ ਨੂੰ ਰਸਤਿਓਂ ਥਿੜਕਾ ਸਕੀਆਂ।ਆਖਰੀ ਸਮੇਂ ਤੱਕ ਅੱਖਾਂ 'ਚ ਲੋਕ ਇਨਕਲਾਬ ਦੇ ਸੁਪਨੇ ਦੀ ਉਮੀਦ ਜਵਾਨੀ ਪਹਿਰੇ ਵਾਂਗ ਲਿਸ਼ਕਦੀ ਰਹੀ।ਇਹ ਲਿਸ਼ਕ ਬੁਢਾਪੇ ਦੇ ਕਦਮਾਂ ਦੀ ਤੋਰ ਅੰਦਰ ਵੀ ਤਾਂਘ ਬਣ ਕੇ ਉਤਰਦੀ ਰਹੀ ਤੇ ਕਦਮਾਂ ਦੀ ਰਵਾਨੀ ਬਣਦੀ ਰਹੀ।ਨਵੀਂ ਪੀੜ੍ਹੀ ਦੇ ਇਨਕਲਾਬੀਆਂ ਲਈ ਉਹ ਨਿਹਚਾ ਤੇ ਸਮਰਪਣ ਦੀ ਉੱਤਮ ਮਿਸਾਲ ਬਣਦੇ ਹਨ।
ਕਾਮਰੇਡ ਗੁਰਦਿਆਲ 60ਵਿਆਂ ਦੇ ਮਗਰਲੇ ਅੱਧ 'ਚ ਵਿਦਿਆਰਥੀ ਲਹਿਰ ਦੇ ਕਾਫ਼ਲੇ 'ਚ ਸ਼ਾਮਿਲ ਹੋਏ ਸਨ ਅਤੇ ਉਸ ਦੌਰ ਦੇ ਮਕਬੂਲ ਵਿਦਿਆਰਥੀ ਆਗੂ ਦਰਸ਼ਨ ਬਾਗੀ ਦੀ ਪ੍ਰੇਰਨਾ ਤੇ ਸਾਥ ਨਾਲ ਵਿਦਿਆਰਥੀ ਲਹਿਰ ਦੀਆਂ ਆਗੂ ਸਫਾਂ 'ਚ ਨਿਤਰੇ ਸਨ।ਇਨਕਲਾਬੀ ਲਹਿਰ 'ਚ ਉਹਨਾਂ ਦੀ ਸ਼ੁਰੂਆਤ ਦਾ ਦੌਰ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਦਾ ਹੀ ਇੱਕ ਅਹਿਮ ਦੌਰ ਹੈ ਜਦੋਂ ਪੰਜਾਬ ਦੇ ਵਿਦਿਆਰਥੀਆਂ ਦੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਇੱਕ ਮਕਬੂਲ ਜਥੇਬੰਦੀ ਵਜੋਂ ਪੰਜਾਬ ਦੇ ਵਿਦਿਆਰਥੀਆਂ ਦੀ ਸਮੂਹਿਕ ਹਸਤੀ ਦਾ ਚਿੰਨ੍ਹ ਬਣ ਕੇ ਉਭਰੀ ਸੀ।ਇਹੀ ਉਹ ਸਮਾਂ ਸੀ ਜਦੋਂ ਨਕਸਲਵਾੜੀ ਬਗਾਵਤ ਦੇ ਝੰਜੋੜੇ ਨਾਲ ਹਲੂਣੀ ਗਈ ਪੰਜਾਬ ਦੀ ਜਵਾਨੀ ਲੋਕ ਮੁਕਤੀ ਦੇ ਮਿਸ਼ਨ ਨੂੰ ਪ੍ਰਣਾਈ ਜਾ ਰਹੀ ਸੀ।ਪਰ ਇਨਕਲਾਬੀ ਲਹਿਰ ਅੰਦਰ ਆਏ ਖੱਬੇ ਮਾਅਰਕੇਬਾਜ਼ ਰੁਝਾਨ ਨੇ ਪੀ ਐਸ ਯੂ ਦੀ ਲੀਡਰਸ਼ਿਪ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਸੀ ਤੇ ਜਥੇਬੰਦੀ ਦੀ ਲੀਡਰਸ਼ਿਪ ਦੇ ਵੱਡੇ ਹਿੱਸੇ ਨੇ ਜਨਤਕ ਜਥੇਬੰਦੀ ਨੂੰ ਇਨਕਲਾਬ ਦੇ ਰਾਹ ਦਾ ਰੋੜਾ ਕਰਾਰ ਦੇ ਦਿੱਤਾ ਸੀ।ਕਾਮਰੇਡ ਗੁਰਦਿਆਲ ਅਜਿਹੇ ਔਖੇ ਵੇਲਿਆਂ 'ਚ ਇਸ ਗ਼ਲਤ ਰੁਝਾਨ ਦੀ ਪਛਾਣ ਕਰਨ ਵਾਲੇ ਤੇ ਵਿਦਿਆਰਥੀ ਜਥੇਬੰਦੀ ਦੇ ਮਹੱਤਵ ਨੂੰ ਸਮਝਣ ਵਾਲੇ ਮੁੱਢਲੇ ਇਨਕਲਾਬੀਆਂ ਚ ਸ਼ੁਮਾਰ ਸਨ।ਇਸ ਮੌਕੇ ਉਹ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਜੂਦ ਦੀ ਰਾਖੀ ਕਰਨ ਲਈ ਅੱਗੇ ਆਏ।ਪੀ ਐਸ ਯੂ ਨੂੰ ਮੁੜ-ਜਥੇਬੰਦ ਕਰਨ ਲਈ ਨਾਭਾ ਕਨਵੈਂਨਸ਼ਨ ਜਥੇਬੰਦ ਕੀਤੀ ਗਈ। ਇਸ ਮੌਕੇ ਉਹਨਾਂ ਨੇ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਵਜੋਂ ਜਿੰਮੇਵਾਰੀ ਓਟੀ।ਇਨਕਲਾਬੀ ਜਨਤਕ ਮੁਹਾਵਰੇ ਵਿੱਚ ਪੀ ਐਸ ਯੂ ਦਾ ਐਲਾਨਨਾਮਾ ਤਿਆਰ ਕੀਤਾ ਗਿਆ ਤੇ ਪ੍ਰਵਾਨ ਹੋਇਆ।ਵਿਦਿਆਰਥੀ ਸੰਘਰਸ਼ ਪਰਚੇ ਦਾ ਅੰਕ ਨੰ. 6 ਪ੍ਰਕਾਸ਼ਿਤ ਕੀਤਾ।ਇਹ ਦਸਤਾਵੇਜ਼ ਅਤੇ ਉਹਨਾਂ ਦੀਆਂ ਇਹ ਕੋਸ਼ਿਸ਼ਾਂ ਪੀਐਸਯੂ ਦੇ ਅਗਲੇ ਸਫ਼ਰ ਲਈ ਪਾਏਦਾਰ ਆਧਾਰ ਬਣੀਆਂ ਅਤੇ 1971 ਵਿੱਚ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਅਗਵਾਈ 'ਚ ਮੁੜ-ਜਥੇਬੰਦ ਹੋਈ ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਮੁੜ ਜਨਤਕ ਘੋਲ਼ਾਂ ਦੇ ਰਾਹ ਤੋਰ ਲਿਆ।ਪੀ ਐਸ ਯੂ ਦੇ ਅਗਲੇ ਸਫ਼ਰ ਵਿੱਚ ਕਾਮਰੇਡ ਗੁਰਦਿਆਲ ਦਾ ਤਜਰਬਾ ਤੇ ਅਗਵਾਈ ਮਿਸਾਲ ਹੋ ਕੇ ਜਗੀ ਤੇ ਉਹਨਾਂ ਨੇ ਮੁੜ-ਜਥੇਬੰਦੀ ਦੇ ਇਸ ਕਾਰਜ ਵਿੱਚ ਰਾਹ-ਨੁਮਾ ਵਜੋਂ ਅਹਿਮ ਰੋਲ਼ ਅਦਾ ਕੀਤਾ।ਇਸ ਅਗਵਾਈ ਤੇ ਪ੍ਰੇਰਨਾ ਨਾਲ ਪੀਐਸਯੂ ਆਪਣੀ ਨਵੀਂ ਸਿਖਾਂਦੂਰ ਆਗੂ ਟੀਮ ਨਾਲ ਮਹਾਨ ਮੋਗਾ ਘੋਲ਼ ਵਰਗਾ ਵੱਡਾ ਸੰਗਰਾਮ ਲੜ ਸਕੀ ਅਤੇ ਪੰਜਾਬ ਦੀ ਜਨਤਕ ਲਹਿਰ ਦੀ ਮੋਹਰੀ ਟੁਕੜੀ ਵਜੋਂ ਆਪਣੀ ਭੂਮਿਕਾ ਅਦਾ ਕਰ ਸਕੀ। 70ਵਿਆਂ ਦੇ ਦਹਾਕੇ 'ਚ ਪੀਐਸਯੂ ਦੇ ਰਾਹ-ਨੁਮਾ ਉਸੱਰੀਏ ਵਜੋਂ ਉਨਾਂ ਦੀ ਭੂਮਿਕਾ ਇਤਿਹਾਸ ਦੇ ਪੰਨਿਆਂ 'ਚ ਸਦਾ ਉੱਕਰੀ ਰਹੇਗੀ।
ਇੱਕ ਕਮਿਊਨਿਸਟ ਇਨਕਲਾਬੀ ਵਜੋਂ ਉਹ ਮਾਰਕਸਵਾਦ-ਲੈਨਿਨਵਾਦ ਤੇ ਮਾਓ ਵਿਚਾਰਧਾਰਾ ਨਾਲ ਸਿਧਾਂਤਕ ਵਫਾਦਾਰੀ ਦੀ ਮਿਸਾਲ ਬਣ ਕੇ ਨਿਭੇ ਜਿਹੜੇ ਲਹਿਰ ਦੇ ਅਹਿਮ ਮੋੜਾਂ 'ਤੇ ਕਮਿਊਨਿਸਟ ਵਿਚਾਰਧਾਰਾ ਖ਼ਾਸ ਕਰਕੇ ਮਾਓ ਵਿਚਾਰਧਾਰਾ ਦੀ ਰਾਖੀ ਲਈ ਡਟਣ ਵਾਲੇ ਨਿਹਚਾਵਾਨ ਇਨਕਲਾਬੀਆਂ 'ਚ ਸ਼ੁਮਾਰ ਸਨ।ਉਹ ਮਰਹੂਮ ਕਮਿਊਨਿਸਟ ਇਨਕਲਾਬੀ ਆਗੂ ਕਾ. ਹਰਭਜਨ ਸੋਹੀ ਦੇ ਸੰਗੀ ਸਾਥੀ ਤੇ ਉਹਨਾਂ ਦੀ ਸਿਆਸੀ ਵਿਚਾਰਧਾਰਕ ਵਿਰਾਸਤ ਦੇ ਡਟਵੇਂ ਪਹਿਰੇਦਾਰ ਸਨ।ਦਰੁਸਤ ਇਨਕਲਾਬੀ ਸਿਆਸਤ ਅਤੇ ਵਿਚਾਰਧਾਰਾ ਦੇ ਅਧਾਰ 'ਤੇ ਪੰਜਾਬ ਅੰਦਰ ਇਨਕਲਾਬੀ ਜਨਤਕ ਲਹਿਰ ਦੀ ਉਸਾਰੀ ਚ ਉਹਨਾਂ ਦਾ ਮਹੱਤਵਪੂਰਨ ਅਗਵਾਨੂੰ ਰੋਲ਼ ਰਿਹਾ।ਦਰੁਸਤ ਇਨਕਲਾਬੀ ਲੀਹ ਦੀ ਯੁੱਧ ਨੀਤੀ ਤੇ ਦਾਅਪੇਚਾਂ ਨੂੰ ਲਾਗੂ ਕਰਨ , ਹਾਲਤ ਦੀਆਂ ਸੰਭਾਵਨਾਵਾਂ ਨੂੰ ਪਛਾਨਣ ਤੇ ਸੀਮਤਾਈਆਂ ਨੂੰ ਸਰ ਕਰਨ ਲਈ ਲੰਮੇ ਦਾਅ ਦੀਆਂ ਵਿਉਂਤਾਂ ਘੜਨ ਤੇ ਲਾਗੂ ਕਰਨ 'ਚ ਉਹਨਾਂ ਦੀ ਵਿਸ਼ੇਸ਼ ਸਮਰੱਥਾ ਤੇ ਮੁਹਾਰਤ ਉੱਭਰ ਕੇ ਸਾਹਮਣੇ ਆਈ।ਲੰਮੇ ਸਿਆਸੀ ਸਫ਼ਰ ਦੌਰਾਨ ਉਹ ਇਨਕਲਾਬੀ ਜਨਤਕ ਲੀਹ ਦੇ ਝੰਡਾਬਰਦਾਰਾਂ 'ਚ ਸ਼ੁਮਾਰ ਰਹੇ।ਕਮਿਊਨਿਸਟ ਇਨਕਲਾਬੀਆਂ ਦੀ ਸਾਂਝ ਉਸਾਰਨ ਤੇ ਏਕਤਾ ਨੂੰ ਅੱਗੇ ਵਧਾਉਣ 'ਚ ਵੀ ਉਹਨਾਂ ਨੇ ਮੋਹਰੀ ਭੂਮਿਕਾ ਅਦਾ ਕੀਤੀ ਤੇ ਇਸ ਕਾਰਜ ਦੀਆਂ ਸਮੱਸਿਆਵਾਂ ਨੂੰ ਅਮਲੀ ਤੌਰ 'ਤੇ ਹੱਲ ਕਰਨ ਵਿੱਚ ਅਗਵਾਈ ਕੀਤੀ।ਪੰਜਾਬ 'ਚ ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਅੰਦਰ ਲੋਕ ਟਾਕਰਾ ਉਸਾਰਨ ਦੇ ਕਾਰਜਾਂ ਦੀ ਅਮਲੀ ਅਗਵਾਈ ਵਿੱਚ ਵੀ ਉਹਨਾਂ ਦੀ ਮੋਹਰੀ ਭੂਮਿਕਾ ਰਹੀ। ਇਸ ਲੰਮੇ ਸਫਰ ਦੌਰਾਨ ਉਹਨਾਂ ਨੇ ਵੱਖ ਵੱਖ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ 'ਚ ਸੂਬਾਈ ਤੇ ਕੇਂਦਰੀ ਪੱਧਰ 'ਤੇ ਆਗੂ ਜ਼ਿੰਮੇਵਾਰੀਆਂ ਨਿਭਾਈਆਂ।
ਇਕ ਪੇਸ਼ਾਵਰ ਇਨਕਲਾਬੀ ਵਜੋਂ ਲੋਕ ਇਨਕਲਾਬ ਦੇ ਮਿਸ਼ਨ 'ਚ ਅਟੱਲ ਭਰੋਸਾ ਤੇ ਅਡੋਲ ਨਿਹਚਾ ਦੇ ਜ਼ੋਰ 'ਤੇ ਹੀ ਉਹਨਾਂ ਨੇ ਲੰਮੀ ਅੰਡਰ-ਗਰਾਊਂਡ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਹੱਸ ਕੇ ਝੱਲਿਆ।ਇਕ ਪਰਪੱਕ ਕਮਿਊਨਿਸਟ ਇਨਕਲਾਬੀ ਨਜ਼ਰੀਏ ਕਾਰਨ ਹੀ ਸੰਸਾਰ ਇਨਕਲਾਬ ਨੂੰ ਲੱਗੀਆਂ ਪਛਾੜਾਂ ਦੀ ਸੱਟ ਨੂੰ ਜਰ ਸਕੇ ਅਤੇ ਇਸ ਸੱਟ ਨੇ ਉਹਨਾਂ ਨੂੰ ਕਦੇ ਬੇਦਿਲ ਨਹੀਂ ਕੀਤਾ।ਸਮਾਜਵਾਦੀ ਚੀਨ ਦੇ ਪੂੰਜੀਵਾਦ ਦੀ ਰਾਹ 'ਤੇ ਚਲੇ ਜਾਣ ਤੇ ਉਸਦੇ ਅਸਰ ਹੇਠ ਮੁਲਕ ਦੇ ਕਮਿ.ਇਨ. ਹਿੱਸਿਆਂ ਚ ਨਿਰਾਸ਼ਾ ਦਾ ਹੋਇਆ ਪਸਾਰਾ ਉਹਨਾਂ ਦੀ ਤੋਰ ਨੂੰ ਅਸਰ ਅੰਦਾਜ਼ ਨਾ ਕਰ ਸਕਿਆ ਤੇ ਇਨਕਲਾਬ ਦੇ ਪੰਧ 'ਤੇ ਇਹ ਤੋਰ ਸਦਾ ਸਾਵੀਂ ਰਹੀ। ਲਹਿਰ 'ਚੋਂ ਖਿੰਡ ਗਿਆਂ ਨੂੰ ਮੁੜ ਮੁੜ ਜੋੜਨ ਤੇ ਕਿਰ ਗਿਆਂ ਨੂੰ ਮੁੜ ਚੁਗਣ ਦਾ ਸਬਰ ਤੇ ਤਹੱਮਲ ਸਦਾ ਸਲਾਮਤ ਰਿਹਾ।
ਲੰਮੀ ਬਿਮਾਰੀ ਨਾਲ ਜੂਝਦਿਆਂ ਉਹਨਾਂ ਨੇ ਕਮਿਊਨਿਸਟ ਇਨਕਲਾਬੀਆਂ ਵਾਲੀ ਜੁਝਾਰ ਭਾਵਨਾ ਦਾ ਪ੍ਰਗਟਾਵਾ ਕੀਤਾ।ਬਿਮਾਰੀ ਨਾਲ ਵੀ ਉਹ ਪੂਰੀ ਤਿਆਰੀ ਤੇ ਸਪਸ਼ਟਤਾ ਨਾਲ ਲੜੇ ਤੇ ਨਾਲ ਹੀ ਜਮਾਤੀ ਘੋਲ ਦੀ ਅਗਵਾਈ ਦੇ ਮੋਰਚੇ 'ਤੇ ਡਟੇ ਰਹੇ।ਇਨਕਲਾਬੀ ਕਾਰਜਾਂ 'ਚ ਹਿੱਸਾ ਪਾਉਣ ਲਈ ਸਦਾ ਤਤਪਰ ਰਹੇ।ਸਰੀਰਕ ਬਿਮਾਰੀ ਉਹਨਾਂ ਦੇ ਮਨੋਬਲ ਨੂੰ ਢਾਹ ਨਾ ਸਕੀ।ਇਸ ਨਿਭਾਅ ਰਾਹੀਂ ਉਹਨਾਂ ਨੇ ਦਰਸਾਇਆ ਕਿ ਕਮਿਊਨਿਸਟ ਇਨਕਲਾਬੀ ਕਿਸ ਮਿੱਟੀ ਦੇ ਬਣੇ ਹੁੰਦੇ ਹਨ।
ਪੰਜਾਬ ਦੀ ਸੰਗਰਾਮੀ ਲੋਕ ਲਹਿਰ ਅੱਜ ਜੇਕਰ ਮੁਲਕ ਦੀ ਲਹਿਰ ਅੰਦਰ ਆਪਣਾ ਵਿਲੱਖਣ ਸਥਾਨ ਰੱਖਦੀ ਹੈ ਤੇ ਇਸ ਮੁਕਾਮ 'ਤੇ ਪਹੁੰਚੀ ਹੈ, ਤਾਂ ਇਸਦੀ ਉਸਾਰੀ ਦੀਆਂ ਨੀਹਾਂ 'ਚ ਕਾਮਰੇਡ ਗੁਰਦਿਆਲ ਵਰਗੇ ਕਿੰਨੇ ਹੀ ਸਾਥੀਆਂ ਦੀ ਜੀਵਨ ਭਰ ਦੀ ਘਾਲਣਾ ਪਈ ਹੈ।ਚਾਹੇ ਉਹਨਾਂ ਦਾ ਜ਼ਿਕਰ ਇਸ ਉਸਾਰੀ ਦੇ ਦਿਖਦੇ ਹਿੱਸੇ 'ਤੇ ਨਜ਼ਰੀ ਨਹੀਂ ਪੈਂਦਾ ਪਰ ਉਹਨਾਂ ਦੀ ਜੀਵਨ ਘਾਲਣਾ ਇਸ ਦੀਆਂ ਬੁਨਿਆਦਾਂ ਚ ਰਚੀ ਹੋਈ ਹੈ।ਉਹਨਾਂ ਦੇ ਜਾਣ ਮਗਰੋਂ ਵੀ ਉਹਨਾਂ ਦੀ ਅਜਿਹੀ ਭੂਮਿਕਾ ਇਨਕਲਾਬੀ ਲਹਿਰ ਦੇ ਅਗਲੇ ਸਫ਼ਰ ਲਈ ਪ੍ਰੇਰਨਾ ਬਣਦੀ ਰਹੇਗੀ।ਕਾਮਰੇਡ ਗੁਰਦਿਆਲ ਦੀ ਜੀਵਨ ਘਾਲਣਾ ਨੂੰ ਸਿਜਦੇ ਲਈ 12 ਜੁਲਾਈ ਨੂੰ ਬਠਿੰਡਾ ਵਿਖੇ ਲਾਲ ਸਲਾਮ ਸਮਾਗਮ ਹੋ ਰਿਹਾ ਹੈ।

-
ਪਾਵੇਲ ਕੁੱਸਾ , ਲੇਖਕ
....
94170-54015
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.