ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਉਚੇਰੀ ਸਿੱਖਿਆ ਦਾ ਮਾਡਲ ਇੱਕ ਨਿਵੇਕਲਾ ਮਾਡਲ ਹੈ। ਇਸ ਦੀਆਂ ਪੰਜ ਵਿਸ਼ੇਸ਼ਤਾਵਾਂ ਇਸ ਦੇ ਨਿਵੇਕਲੇਪਣ ਦਾ ਸਬੂਤ ਹਨ। ਇਨ੍ਹਾਂ ਵਿਸ਼ੇਸ਼ਤਾਵਾਂ ਦੇ ਸੁਮੇਲ ਨੇ ਪੰਜਾਬੀ ਯੂਨੀਵਰਸਿਟੀ ਨੂੰ ਸਧਾਰਨ ਲੋਕਾਂ ਦੀ ਯੂਨੀਵਰਸਿਟੀ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਇਹ ਪੰਜ ਵਿਸ਼ੇਸ਼ਤਾਵਾਂ ਹਨ: (1)ਸਸਤੀ ਸਿੱਖਿਆ, ਬਹੁਤ ਘੱਟ ਫੀਸਾਂ (2) ਮਾਂ ਬੋਲੀ ਪੰਜਾਬੀ ਵਿੱਚ ਸਿੱਖਿਆ (3) ਪੰਜਾਬੀ ਵਿੱਚ ਇਮਤਿਹਾਨ ਦੀ ਸਹੂ਼ਲਤ (4) ਸਿੱਖਿਆ ਖੇਤਰ ਵਿੱਚ ਪੱਛੜੇ ਵਰਗਾਂ ਲਈ ਖਾਸ ਸਹੂਲਤਾਂ (5) ਪੇਂਡੂ ਮਾਹੌਲ ਵਾਲੀ ਯੂਨੀਵਰਸਿਟੀ।ਪੰਜਾਬੀ ਯੂਨੀਵਰਸਿਟੀ ਦੇ ਇਸ ਮਾਡਲ ਨੇ ਪੰਜਾਬ ਵਿੱਚ, ਖਾਸ ਤੌਰ ਉੱਤੇ ਮਾਲਵੇ ਦੀ ਧਰਤੀ ਉੱਤੇ, ਸਮਾਜ ਦੇ ਹਰੇਕ ਵਰਗ, ਖਾਸ ਕਰ ਕੇ ਉਹ ਪਰਿਵਾਰ ਜਿਨ੍ਹਾਂ ਦੀ ਪਹਿਲੀ ਪੀੜ੍ਹੀ ਉਚੇਰੀ ਸਿੱਖਿਆ ਤੱਕ ਪਹੁੰਚਦੀ ਹੈ, ਨੂੰ ਪੜ੍ਹਾ ਲਿਖ ਕੇ ਸਮਾਜ ਦੇ ਪੜ੍ਹੇ-ਲਿਖੇ ਤਬਕੇ ਵਿੱਚ ਬਰਾਬਰੀ ਉੱਤੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਲੇਖ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਸਮਾਜ ਨੂੰ ਦੇਣ ਦੇ ਨਾਲ-ਨਾਲ ਇਸ ਗੱਲ ਉੱਤੇ ਵੀ ਚਰਚਾ ਕੀਤੀ ਗਈ ਹੈ ਕਿ ਮੌਜੂਦਾ ਸਮੇਂ ਯੂਨੀਵਰਸਿਟੀ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ ਅਤੇ ਭਵਿੱਖ ਵਿੱਚ ਇਸ ਯੂਨੀਵਰਸਿਟੀ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਮੰਤਵ ਨੂੰ ਹੋਰ ਵੀ ਬਾਖੂਬੀ ਪ੍ਰਾਪਤ ਕਰ ਸਕੇ।
ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ 30 ਅਪਰੈਲ 1962 ਨੂੰ ਕੀਤੀ ਗਈ ਸੀ। ਯੂਨੀਵਰਸਿਟੀ ਦਾ ਨੀਂਹ ਪੱਥਰ 24 ਜੂਨ 1962 ਨੂੰ ਉਸ ਸਮੇਂ ਦੇ ਭਾਰਤ ਦੇ ਰਾਸ਼ਟਰਪਤੀ ਡਾ। ਐੱਸ। ਰਾਧਾ ਕ੍ਰਿਸ਼ਨਨ ਨੇ ਰੱਖਿਆ। ਉਨ੍ਹਾਂ ਉਸ ਸਮੇਂ ਆਪਣੇ ਭਾਸ਼ਣ ਵਿੱਚ ਜੋ ਕਿਹਾ ਉਹ ਅੱਜ ਵੀ ਢੁਕਵਾਂ ਜਾਪਦਾ ਹੈ:- "ਉੱਚ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਦੇਸ਼/ਕੌਮ ਦੀ ਉਸਾਰੀ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ। ਸਾਡਾ ਟੀਚਾ ਲੋਕਤੰਤਰ ਭਾਰਤ ਵਿੱਚ ਸ਼ਕਤੀਸ਼ਾਲੀ ਅਤੇ ਆਜ਼ਾਦ ਨਾਗਰਿਕ ਬਣਾਉਣਾ ਹੈ ਜਿਨ੍ਹਾਂ ਵਿੱਚ ਵਧਣ-ਫੁੱਲਣ ਦੀ ਬਰਾਬਰ ਦੀ ਸੰਭਾਵਨਾ ਹੋਵੇ। ਇਸ ਕੰਮ ਲਈ ਅਹਿਮ ਜਿੰਮੇਦਾਰੀ ਯੂਨੀਵਰਸਿਟੀਆਂ ਦੀ ਹੁੰਦੀ ਹੈ।" ਪੰਜਾਬੀ ਯੂਨੀਵਰਸਿਟੀ ਇਹ ਅਹਿਮ ਰੋਲ ਨਿਭਾਉਣ 'ਚ ਪੂਰੀ ਤਰ੍ਹਾਂ ਕਾਮਯਾਬ ਹੋਈ ਹੈ। ਪੰਜਾਬੀ ਯੂਨੀਵਰਸਿਟੀ ਨੇ ਦਿਵਿਆਰਥੀਆਂ ਵਜੋਂ ਬੜੇ ਸ਼ਕਤੀਸ਼ਾਲੀ, ਨਿੱਡਰ ਅਤੇ ਆਜ਼ਾਦ ਨਾਗਰਿਕ ਪੈਦਾ ਕੀਤੇ ਹਨ, ਜਿਨ੍ਹਾਂ ਨੇ ਸਮਾਜ ਦੇ ਵੱਖਰੇ-ਵੱਖਰੇ ਖੇਤਰਾਂ ਵਿਚ ਨਾਮਣਾ ਖੱਟਿਆ ਹੈ।ਉਸ ਸਮੇਂ ਦੇ ਪੰਜਾਬ ਦੇ ਗਵਰਨਰ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ। ਐੱਨ।ਵੀ। ਗਾਰਗਿਲ ਨੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ, "ਯੂਨੀਵਰਸਿਟੀ ਦਾ ਮੁੱਖ ਮੰਤਵ ਹੋਰ ਵਿਦਵਾਨ ਅਤੇ ਭੱਦਰਪੁਰਸ਼ ਹੀ ਪੈਦਾ ਕਰਨਾ ਨਹੀਂ, ਸਗੋਂ ਸੰਤੁਲਨ ਮਨ ਵਾਲੇ ਸ਼ਹਿਰੀ ਪੈਦਾ ਕਰਨੇ ਹਨ ਜੋ ਸਮਾਜ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਪ੍ਰਤੀ ਸਹੀ ਦ੍ਰਿਸ਼ਟੀਕੋਣ ਦਾ ਵਿਕਾਸ ਕਰ ਸਕਣ।" ਇਸ ਕੱਸਵੱਟੀ 'ਤੇ ਵੀ ਪੰਜਾਬੀ ਯੂਨੀਵਰਸਿਟੀ ਪੂਰੀ ਉਤਰਦੀ ਹੈ।
ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਸ੍ਰ। ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬੀ ਬੋਲੀ ਦੇ ਬਹੁ-ਪੱਖੀ ਰੂਪ ਨੂੰ ਬਿਆਨ ਕਰਨ ਵਿੱਚ ਕਮਾਲ ਕਰ ਦਿੱਤੀ ਸੀ। ਉਨ੍ਹਾਂ ਕਿਹਾ ਸੀ, "ਪੰਜਾਬੀ ਬੋਲੀ ਬੜੇ ਝੱਖੜਾਂ, ਤੂਫਾਨਾਂ ਤੇ ਮੁਸੀਬਤਾਂ ਵਿੱਚੋਂ ਨਿੱਕਲੀ ਹੈ। ਇਸ ਨੇ ਤਲਵਾਰਾਂ, ਖੰਡਿਆਂ, ਤੀਰਾਂ, ਨੇਜਿਆਂ ਦੇ ਗੀਤ ਗਾਏ ਹਨ। ਜੰਗਲਾਂ ਬੇਲਿਆਂ ਤੇ ਮਾਰੂਥਲਾਂ ਵਿਚ ਰੁਮਾਂਚਕ ਢੋਲੇ ਗਾਏ ਹਨ। ਇਸ ਨੇ ਸੂਰਮਿਆਂ, ਯੋਧਿਆਂ ਤੇ ਸ਼ਹੀਦਾਂ ਦੀਆਂ ਅਣਖੀ ਵਾਰਾਂ ਦੀਆਂ ਗੂੰਜਾਂ ਪਾਈਆਂ ਤੇ ਇਸ ਬੋਲੀ ਨੇ ਭਗਤ ਬਾਣੀ, ਗੁਰੂ ਬਾਣੀ ਤੇ ਪ੍ਰਭੁ ਭਗਤੀ ਦਾ ਰਾਗ ਵੀ ਅਲਾਪਿਆ ਹੈ। ਅੱਜ ਇਹ ਗਿਆਨ ਦੇ ਮੰਦਰ ਅਰਥਾਤ ਯੂਨੀਵਰਸਿਟੀ 'ਚ ਆ ਬਿਰਾਜੀ ਹੈ।" ਪੰਜਾਬੀ ਯੂਨੀਵਰਸਿਟੀ ਨੇ ਆਪਣੇ ਤਕਰੀਬਨ 63 ਸਾਲਾਂ ਦੇ ਸਫਰ ਵਿੱਚ ਕੈਰੋਂ ਸਾਹਿਬ ਦੀ ਕੱਲੀ ਕੱਲੀ ਗੱਲ 'ਤੇ ਬਾਖੂਬੀ ਕੰਮ ਕੀਤਾ ਹੈ। ਪੰਜਾਬੀ ਬੋਲੀ ਵਾਂਗ ਪੰਜਾਬੀ ਯੂਨੀਵਰਸਿਟੀ ਨੇ ਆਪ ਵੀ ਬੜੇ ਝੱਖੜ, ਤੂਫ਼ਾਨ ਤੇ ਮੁਸੀਬਤਾਂ ਆਪਣੇ ਪਿੰਡੇ 'ਤੇ ਹੰਢਾਈਆਂ ਹਨ ਅਤੇ ਉਨ੍ਹਾਂ ਉਤੇ ਜਿੱਤ ਹਾਸਲ ਕੀਤੀ ਹੈ।
ਕਿੰਨੇ ਚੰਗੇ ਸਬੱਬ ਦੀ ਗੱਲ ਹੈ ਕਿ ਤਿੰਨ ਮਹਾਨ ਹਸਤੀਆਂ ਜੋ ਯੂਨੀਵਰਸਿਟੀ ਦੇ ਨੀਂਹ ਪੱਥਰ ਸਮੇਂ ਹਾਜ਼ਰ ਸਨ ਉਨ੍ਹਾਂ ਵਿੱਚੋਂ ਇੱਕ ਉੱਚਕੋਟੀ ਦੇ ਵਿਦਵਾਨ ਅਤੇ ਫਿਲਾਸਫ਼ਰ ਸਨ, ਦੂਜੇ ਮਰਾਠੀ ਭਾਸ਼ਾ ਦੇ ਲੇਖਕ ਅਤੇ ਆਜ਼ਾਦੀ ਘੁਲਾਟੀਆ ਵੀ ਸਨ। ਤੀਜੇ ਕੈਰੋਂ ਸਾਹਿਬ ਸਨ ਜੋ ਪੜ੍ਹੇ ਲਿਖੇ ਸਿਆਸਤਦਾਨ ਸਨ; ਉਨ੍ਹਾਂ ਨੇ ਦੋ ਵਿਸ਼ਿਆਂ ਰਾਜਨੀਤੀ ਵਿਗਿਆਨ ਅਤੇ ਅਰਥ ਸ਼ਾਸਤਰ ਵਿੱਚ ਅਮਰੀਕਾ ਦੀਆਂ ਉੱਚਕੋਟੀ ਦੀਆਂ ਯੂਨੀਵਰਸਿਟੀ ਤੋਂ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ। ਇਨ੍ਹਾਂ ਸ਼ਖ਼ਸੀਅਤਾਂ ਦੇ ਭਾਸ਼ਣਾਂ ਨੇ ਜੋ ਮੁੱਢਲੀ ਗੁੜ੍ਹਤੀ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੀ, ਉਸ ਦੇ ਨਤੀਜੇ ਵਜੋਂ ਆਪਣੇ ਸਾਹਿਤਕ, ਸੱਭਿਆਚਾਰਿਕ, ਸਮਾਜਿਕ ਅਤੇ ਨੈਤਿਕ ਫਰਜ਼ਾਂ ਨੂੰ ਬਾਖੂਬੀ ਨਿਭਾਉਂਦੀ ਹੋਈ ਪੰਜਾਬੀ ਯੂਨੀਵਰਸਿਟੀ ਸਾਡੇ ਸਾਹਮਣੇ ਹੈ।
ਪੰਜਾਬੀ ਯੂਨੀਵਰਸਿਟੀ ਦਾ ਮੰਤਵ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਪ੍ਰਸਾਰ ਅਤੇ ਪ੍ਰਚਾਰ ਕਰਨਾ, ਪੰਜਾਬੀ ਭਾਸ਼ਾ ਨੂੰ ਯੂਨੀਵਰਸਿਟੀ ਸਿੱਖਿਆ ਦੇ ਮਾਧਿਅਮ ਅਤੇ ਇਮਤਿਹਾਨਾਂ ਲਈ ਵਿਕਸਤ ਕਰਨਾ , ਨਾਲ ਨਾਲ ਮਨੁਖਤਾਵਾਦੀ ਵਿਸ਼ਿਆਂ, ਸਾਇੰਸ ਵਿਸ਼ਿਆਂ ਅਤੇ ਹੋਰ ਵਿਸ਼ਿਆਂ ਨਾਲ ਸਬੰਧਤ ਸਿੱਖਿਆ ਮੁਹੱਈਆ ਕਰਨਾ, ਉਚੇਰੀ ਸਿੱਖਿਆ ਅਤੇ ਖੋਜ ਨੂੰ ਪ੍ਰਫੁਲਤ ਕਰਨਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਮੁੱਖ ਮੰਤਵ ਭਾਵ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਸਾਰ ਅਤੇ ਪ੍ਰਚਾਰ ਦੀ ਪ੍ਰਾਪਤੀ ਲਈ ਪੰਜਾਬੀ ਨਾਲ ਸਬੰਧਤ 10 ਦੇ ਕਰੀਬ ਵਿਭਾਗ/ਕੇਂਦਰ ਪੂਰੀ ਤਨਦੇਹੀ ਨਾਲ ਰਾਤ ਦਿਨ ਕੰਮ ਕਰ ਰਹੇ ਹਨ। ਇਨ੍ਹਾਂ ਵਿਭਾਗਾਂ/ਕੇਂਦਰਾਂ ਨੇ ਆਪਣੇ ਅਕਾਦਮਿਕ ਕੋਰਸਾਂ ਰਾਹੀਂ, ਖੋਜ ਰਾਹੀਂ, ਪੰਜਾਬੀ ਵਿਚ ਵੱਖ-ਵੱਖ ਵਿਸ਼ਿਆਂ ਬਾਰੇ ਪੜ੍ਹਾਈ ਦੀ ਸਮੱਗਰੀ ਮੁਹੱਈਆ ਕਰ ਕੇ, ਮਹੱਤਵਪੂਰਨ ਕੋਸ਼ ਤਿਆਰ ਕਰ ਕੇ, ਵਿਸ਼ਵ ਪੱਧਰ ਦੀਆਂ ਕਾਨਫਰੰਸਾਂ ਰਾਹੀਂ, ਪੰਜਾਬੀ ਭਾਸ਼ਾ ਨੂੰ ਕੰਪਿਊਟਰ ਦੇ ਇਸਤੇਮਾਲ ਰਾਹੀਂ ਤਕਨੀਕੀ ਯੁੱਗ ਦੇ ਹਾਣ ਦਾ ਬਣਾ ਕੇ, ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਬਾਖ਼਼ੂਬੀ ਪ੍ਰਸਾਰ ਅਤੇ ਪ੍ਰਚਾਰ ਕੀਤਾ ਹੈ ਅਤੇ ਵਿਸ਼ਵ ਪੱਧਰ ਦਾ ਨਾਮਣਾ ਖੱਟਿਆ ਹੈ।
ਇਨ੍ਹਾਂ ਵਿਭਾਗਾਂ ਦੇ ਨਾਲ ਨਾਲ ਯੂਨੀਵਰਸਿਟੀ ਦੇ ਮੰਤਵ ਦੀ ਪੂਰਤੀ ਲਈ ਲਗਭਗ 60 ਦੇ ਕਰੀਬ ਹੋਰ ਵਿਭਾਗ/ਖੋਜ ਕੇਂਦਰ, ਨੇਬਰਹੁੱਡ ਕੈਂਪਸ, ਰੀਜਨਲ ਸੈਂਟਰ, ਕਾਂਸਟੀਚੁਐਂਟ ਕਾਲਜਾਂ ਨੇ ਵੀ ਆਪਣੇ ਅਕਾਦਮਿਕ ਕੋਰਸਾਂ ਰਾਹੀਂ, ਖੋਜਾਂ ਰਾਹੀਂ, ਪੇਟੈਂਟ ਰਾਹੀਂ ਅਤੇ ਟੈਨਕਲੌਜੀ ਟਰਾਂਸਫ਼ਰ ਪ੍ਰੋਗਰਾਮਾਂ ਰਾਹੀਂ ਆਹਲਾ ਦਰਜੇ ਦਾ ਕੰਮ ਕੀਤਾ ਹੈ।ਖੇਡ ਦੇ ਮੈਦਾਨ ਵਿਚ ਯੂਨੀਵਰਸਿਟੀ ਨੇ ਬੇਮਿਸਾਲ ਪ੍ਰਾਪਤੀਆਂ ਕੀਤੀਆਂ ਹਨ। ਪੰਜਾਬੀ ਯੂਨੀਵਰਸਿਟੀ ਨੂੰ 9 ਵਾਰ ਮਾਕਾ ਟਰਾਫ਼ੀ ਹਾਸਲ ਕਰਨ ਦਾ ਮਾਣ ਵੀ ਪ੍ਰਾਪਤ ਹੋਇਆ ਹੈ।ਨੈਕ ਦਰਜਾਬੰਦੀ ਦੇ ਚਾਰ ਗੇੜਾਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਉੱਚੇ ਅੰਕ, ਪੰਜਾਬੀ ਯੂਨੀਵਰਸਿਟੀ ਦੇ ਮੰਤਵ ਨੂੰ ਪੂਰਾ ਕਰਨ ਵਾਲੀਆਂ ਪ੍ਰਾਪਤੀਆਂ ਦੀ ਪੁਰਜੋਰ ਪੁਸ਼ਟੀ ਕਰਦੇ ਹਨ।
ਯੂਨੀਵਰਸਿਟੀ ਦੀ ਸਮਾਜ ਨੂੰ ਦੇਣ
ਯੂਨੀਵਰਸਿਟੀਆਂ ਕਿਸੇ ਦੇਸ਼, ਕੌਮ ਅਤੇ ਖਿੱਤੇ ਦਾ ਦਿਲ ਅਤੇ ਦਿਮਾਗ਼ ਹੁੰਦੀਆਂ ਹਨ। ਸਮਾਜ ਦੇ ਜਿੰਨੇ ਵੀ ਸਾਹਿਤਕ, ਆਰਥਿਕ, ਸਮਾਜਿਕ, ਰਾਜਨੀਤਕ, ਇਤਹਾਸਿਕ, ਧਾਰਮਿਕ ਅਤੇ ਜਜ਼ਬਾਤੀ ਮਸਲੇ ਹੁੰਦੇ ਹਨ, ਉਨ੍ਹਾਂ ਦੇ ਢੁਕਵੇਂ ਹੱਲ ਯੂਨੀਵਰਸਿਟੀਆਂ ਵਿੱਚ ਕੰਮ ਕਰਦੇ ਬੁੱਧੀਜੀਵੀ ਅਤੇ ਖੋਜਾਰਥੀ ਕਢਦੇ ਹਨ। ਉਹ ਖੋਜ ਕਰ ਕੇ, ਸਮਾਜ ਤੱਕ ,ਨੀਤੀਆਂ ਬਨਾਉਣ ਵਾਲੀਆਂ ਸਰਕਾਰਾਂ ਤੱਕ ਅਤੇ ਮਾਰਕੀਟ ਤੱਕ ਪਹੁੰਚਾਉਂਦੇ ਹਨ . ।ਪੰਜਾਬੀ ਯੂਨੀਵਰਸਿਟੀ ਨੇ ਇਹ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ ਹਨ ।
1। ਪੰਜਾਬੀ ਯੂਨੀਵਰਸਿਟੀ ਦੀ ਸਮਾਜ ਨੂੰ ਉੱਚਕੋਟੀ ਦੇ ਵਿਦਵਾਨਾਂ / ਮਾਹਿਰਾਂ ਦੇਣ ਸਬੰਧੀ ਵੱਡਮੁਲੀ ਦੇਣ
ਯੂਨੀਵਰਸਿਟੀਆਂ ਵਿਦਵਤਾ (ਸਕੌਲਰਸ਼ਿਪ) ਦਾ ਮੰਦਰ ਹੁੰਦੀਆਂ ਹਨ। ਪੰਜਾਬੀ ਯੂਨੀਵਰਸਿਟੀ ਦੀ ਜਰਖੇਜ਼ ਜਮੀਨ ਦੇ ਸੁਖਾਵੇਂ ਅਕਾਦਮਿਕ ਮਾਹੌਲ ਕਰ ਕੇ ਬਹੁਤ ਸਾਰੇ ਉੱਚਕੋਟੀ ਦੇ ਵਿਦਵਾਨ, ਸਾਹਿਤਕਾਰ, ਇਤਹਾਸਕਾਰ, ਸਾਇੰਸਦਾਨ, ਸਮਾਜ ਵਿਗਿਆਨੀ ਕਲਾਕਾਰ, ਉਪ-ਕੁਲਪਤੀ ,ਸਿਆਸਤਦਾਨ, ਜੱਜ, ਸੰਗੀਤਕਾਰ, ਫ਼ਿਲਮ ਅਤੇ ਥੀਏਟਰ ਕਲਾਕਾਰ, ਪੱਤਰਕਾਰ, ਧਾਰਮਿਕ ਵਿਦਵਾਨ, ਆਲਾ ਦਰਜੇ ਦੇ ਅਫ਼ਸਰ, ਅਤੇ ਉਚਕੋਟੀ ਦੇ ਖਿਡਾਰੀ ਯੂਨੀਵਰਸਿਟੀ ਨੇ ਸਮਾਜ ਦੀ ਝੋਲੀ ਵਿੱਚ ਪਾਏ ਹਨ। ਇਨ੍ਹਾਂ ਮਾਹਿਰਾਂ ਨੇ ਆਪਣੇ-ਆਪਣੇ ਖੇਤਰਾਂ ਵਿਚ ਸਮਾਜ ਨੂੰ ਸਹੀ ਦਿਸ਼ਾ ਦੇ ਕੇ ਇਕ ਉਸਾਰੂ ਸਮਾਜ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
2। ਪੰਜਾਬੀ ਯੂਨੀਵਰਸਿਟੀ ਨਵੇਂ ਅਤੇ ਅਗਾਂਹਵਧੂ ਵਿਚਾਰਾਂ ਅਤੇ ਕਾਢਾਂ ਦੀ ਨਰਸਰੀ
ਯੂਨੀਵਰਸਿਟੀਆਂ ਇਹੋ ਜਿਹੀਆਂ ਸੰਸਥਾਵਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਹਰ ਤਰ੍ਹਾਂ ਦੇ ਨਵੇਂ ਵਿਚਾਰ ਪ੍ਰਫੁੱਲਤ ਹੋ ਸਕਣ। ਸੰਸਾਰ ਭਰ ਵਿਚ ਜਿੰਨੀਆਂ ਵੀ ਤਬਦੀਲੀਆਂ ਆਈਆਂ ਹਨ, ਇਨਕਲਾਬ ਆਏ ਹਨ, ਉਨ੍ਹਾਂ ਪਿੱਛੇ ਕੰਮ ਕਰਨ ਵਾਲੇ ਵਿਚਾਰ ਯੂਨੀਵਰਸਿਟੀਆਂ 'ਚ ਪੈਦਾ ਹੋਏ ਅਤੇ ਵਧੇ ਫੁੱਲੇ ਹਨ। ਪੰਜਾਬੀ ਯੂਨੀਵਰਸਿਟੀ ਨੇ ਸ਼ੁਰੂ ਤੋਂ ਹੀ ਆਜ਼ਾਦ ਅਕਾਦਮਿਕ ਮਾਹੌਲ ਸਿਰਜਿਆ ਹੈ ਜਿਸਦੀ ਬਦੌਲਤ ਯੂਨੀਵਰਸਿਟੀ ਦੀ ਕੁੱਖ ਵਿੱਚੋਂ ਨਵੇਂ ਅਤੇ ਉਸਾਰੂ ਵਿਚਾਰਾਂ ਅਤੇ ਕਾਢਾਂ ਨੇ ਜਨਮ ਲਿਆ ਹੈ। ਪੰਜਾਬ ਦੀਆਂ ਲੋਕ ਹਿਤ ਲਹਿਰਾਂ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਨੇ ਅਹਿਮ ਰੋਲ ਅਦਾ ਕੀਤਾ ਹੈ।ਜਦੋਂ ਵੀ ਪੰਜਾਬ, ਪੰਜਾਬੀ ਭਾਸ਼ਾ ਅਤੇ ਸਮਾਜ ਦੇ ਕਿਸੇ ਵਰਗ ਨਾਲ ਧੱਕਾ ਹੋਇਆ ਹੈ, ਪੰਜਾਬ 'ਤੇ ਕੋਈ ਮੁਸੀਬਤ ਆਈ ਹੈ ਤਾਂ ਪੰਜਾਬੀ ਯੂਨੀਵਰਸਿਟੀ ਦੇ ਪਰਿਵਾਰ, ਜਿਸ ਵਿਚ ਵਿਦਿਆਰਥੀ ਵੀ ਸ਼ਾਮਲ ਹਨ, ਨੇ ਉਸ ਦੇ ਵਿਰੁੱਧ ਆਵਾਜ਼ ਉਠਾਈ ਹੈ, ਅਤੇ ਆਪਣੀਆਂ ਖੋਜਾਂ 'ਤੇ ਆਧਾਰਿਤ ਵਿਚਾਰਾਂ ਰਾਹੀਂ ਉਨ੍ਹਾਂ ਮੁਸੀਬਤਾਂ ਤੇ ਜਿੱਤ ਪਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਯੂਨੀਵਰਸਿਟੀ ਨੇ ਭਰੂਣ ਹੱਤਿਆਵਾਂ ਵਿਰੁੱਧ, ਨੱਸ਼ਿਆਂ ਵਿਰੁੱਧ, ਪਰਾਲੀ ਸਾੜਨ ਵਿਰੁੱਧ ਮੁਹਿੰਮਾ ਵਿਚ ਵੀ ਵੱਧ ਚੜ ਕੇ ਹਿੱਸਾ ਲਿਆ ਹੈ।
3। ਪੰਜਾਬੀ ਯੂਨੀਵਰਸਿਟੀ ਜਨ-ਸਾਧਾਰਨ ਦੀ ਯੂਨੀਵਰਸਿਟੀ
ਜਦੋਂ ਯੂਨੀਵਰਸਿਟੀਆਂ ਹੋਂਦ ਵਿੱਚ ਆਈਆਂ ਉਦੋਂ ਤੋਂ ਉਨ੍ਹਾਂ ਦੇ ਦਰਵਾਜ਼ੇ ਸਿਰਫ਼ ਕੁਲੀਨ ਵਰਗ ਲਈ ਹੀ ਖੁੱਲ੍ਹੇ ਸਨ। ਬਹੁਤ ਅਰਸੇ ਬਾਅਦ ਯੂਨੀਵਰਸਿਟੀਆਂ ਨੇ ਦਰਵਾਜ਼ੇ ਆਮ ਲੋਕਾਂ ਲਈ ਖੋਲ੍ਹੇ, ਪਰ ਪੰਜਾਬੀ ਯੂਨੀਵਰਸਿਟੀ ਨੇ ਸ਼ੁਰੂ ਤੋਂ ਹੀ ਉਚੇਰੀ ਸਿੱਖਿਆ ਲਈ ਬੜਾ ਹੀ ਪਹਿਲਕਦਮੀਆਂ ਵਾਲ਼ਾ ਮਾਹੌਲ ਅਪਣਾਇਆ ਤਾਂ ਕਿ ਸਮਾਜ ਦੇ ਹਰੇਕ ਤਬਕੇ ਖਾਸ ਕਰਕੇ ਗਰੀਬ ਅਤੇ ਪੱਛੜੇ ਤਬਕੇ ਵੀ ਉਚੇਰੀ ਸਿੱਖਿਆ ਦਾ ਲਾਭ ਉਠਾ ਸਕਣ। ਪੰਜਾਬੀ ਯੂਨੀਵਰਸਿਟੀ ਦੇ ਐਕਟ ਵਿੱਚ ਪੱਛੜੇ ਵਰਗਾਂ ਲਈ ਖਾਸ ਸਹੂਲਤਾਂ ਦਾ ਜ਼ਿਕਰ ਹੈ। ਇਸ ਐਕਟ ਵਿੱਚ ਲਿਖਿਆ ਹੈ ਕਿ, "ਸਿੱਖਿਅਕ ਤੌਰ ਉੱਤੇ ਪੱਛੜੀਆਂ ਸ਼ਰੇਣੀਆਂ ਅਤੇ ਫਿਰਕਿਆਂ ਵਿੱਚ ਯੂਨੀਵਰਸਿਟੀ ਸਿੱਖਿਆ ਦੇ ਫੈਲਾਉ ਲਈ ਵਿਸ਼ੇਸ਼ ਅਵਸਥਾ ਕਰਨਾ" (ਯੂਨੀਵਰਸਿਟੀ ਕੈਲੰਡਰ, ਜਿਲਦ।1, 2014 , ਪੰਨਾ 4) ੈ. ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਜੇ ਪੰਜਾਬੀ ਯੂਨੀਵਰਸਿਟੀ ਸਥਾਪਿਤ ਨਾ ਹੁੰਦੀ ਤਾਂ ਪੰਜਾਬ ਵਿੱਚੋਂ ਖਾਸ ਤੌਰ ਉੱਤੇ ਮਾਲਵੇ ਵਿੱਚੋਂ ਬਹੁਤ ਸਾਰੇ ਇਨਸਾਨ ਉਚੇਰੀ ਸਿੱਖਿਆ ਤੋਂ ਵਾਂਝੇ ਰਹਿ ਜਾਣੇ ਸਨ, ਲੇਖਕ ਉਨ੍ਹਾਂ ਵਿੱਚੋਂ ਇੱਕ ਹੋਣਾ ਸੀ।
4। ਪੰਜਾਬੀ ਯੂਨੀਵਰਸਿਟੀ ਲੜਕੀਆਂ ਦੀ ਸਿੱਖਿਆ ਲਈ ਚਾਨਣ ਮੁਨਾਰਾ
ਰਵਾਇਤੀ ਸਮਾਜ ਖਾਸ ਕਰਕੇ ਪੇਂਡੂ ਸਮਾਜ ਵਿਚ ਲੜਕੀਆਂ ਦੀ ਸਿੱਖਿਆ ਉੱਤੇ ਆਮ ਤੌਰ 'ਤੇ ਜ਼ੋਰ ਨਹੀਂ ਦਿੱਤਾ ਜਾਂਦਾ। ਪੰਜਾਬੀ ਯੂਨੀਵਰਸਿਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਮਾਲਵੇ ਦੀ ਧਰਤੀ ਦੀ ਸੱਥ ਦੀ ਇਹ ਫਿਜ਼ਾ ਬਦਲ ਗਈ, ਇਹ ਧਾਰਨਾਵਾਂ ਬਦਲ ਗਈਆਂ ਹਨ।ਪੰਜਾਬੀ ਯੂਨੀਵਰਸਿਟੀ, ਇਸ ਦੇ ਰੀਜਨਲ ਸੈਂਟਰਾਂ, ਨੈਬਰਹੁੱਡ ਕੈਂਪਸ, ਕਾਂਸਟੀਚੁਐਂਟ ਕਾਲਜਾਂ ਅਤੇ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਾਲਜਾਂ ਨੇ ਏਨਾ ਅੱਛਾ ਅਕਾਦਮਿਕ ਮਾਹੌਲ ਸਿਰਜਿਆ ਕਿ ਮਾਪਿਆਂ ਨੇ ਨਿਧੜਕ ਹੋ ਕੇ ਆਪਣੀਆਂ ਬੱਚੀਆਂ ਨੂੰ ਯੂਨੀਵਰਸਿਟੀ ਅਤੇ ਕਾਲਜਾਂ 'ਚ ਭੇਜਣਾ ਸ਼ੁਰੂ ਕਰ ਦਿੱਤਾ। ਅੱਜ ਦੀ ਤਾਰੀਖ ਵਿੱਚ ਇੱਥੇ ਪੜ੍ਹਨ ਵਾਲ਼ਿਆਂ ਵਿੱਚ ਲੜਕੀਆਂ ਦੀ ਤਾਅਦਾਦ ਲੜਕਿਆਂ ਨਾਲੋਂ ਜ਼ਿਆਦਾ ਹੈ। ਉਦਾਹਰਨ ਦੇ ਤੌਰ 'ਤੇ 2024-25 ਦੇ ਅਕਾਦਮਿਕ ਸ਼ੈਸਨ ਵਿਚ ਪੰਜਾਬੀ ਯੂਨੀਵਰਸਿਟੀ ਕੈਂਪਸ, ਨੇਬਰਹੁੱਡ ਅਤੇ ਕਾਂਸਟੀਚੁਐਂਟ ਕਾਲਜਾਂ ਵਿੱਚ ਲੱਗਭਗ 40,000 ਵਿਦਿਆਰਥੀ ਹਨ, ਜਿਨ੍ਹਾਂ ਵਿਚੋਂ 55 ਪ੍ਰਤੀਸ਼ਤ ਲੜਕੀਆਂ ਹਨ।ਜਨਰਲ ਅਤੇ ਪੱਛੜੀਆਂ ਸ਼ਰੇਣੀਆਂ ਸਮੇਤ ਸਭ ਸ਼ਰੇਣੀਆਂ ਵਿੱਚ ਲੜਕੀਆਂ ਦੀ ਸੰਖਿਆ ਲੜਕਿਆਂ ਨਾਲੋਂ ਜ਼ਿਆਦਾ ਹੈ।
ਵੱਡੀ ਗਿਣਤੀ ਵਿਚ ਲੜਕੀਆਂ ਨੂੰ ਸਿੱਖਿਆ ਮੁਹੱਈਆ ਕਰਾਉਣ ਪੱਖੋਂ ਪੰਜਾਬੀ ਯੂਨੀਵਰਸਿਟੀ ਦੀ ਸਮਾਜ ਨੂੰ ਸਭ ਤੋਂ ਵੱਡੀ ਦੇਣ ਹੈ ਕਿਉਂਕਿ ਯੂਨੀਵਰਸਿਟੀ ਸਿਰਫ਼ ਇਸ ਪੀੜ੍ਹੀ ਦੀਆਂ ਕੁੜੀਆਂ ਨੂੰ ਹੀ ਨਹੀਂ ਪੜ੍ਹਾ ਰਹੀ, ਸਗੋਂ ਪੜ੍ਹੀਆਂ ਲਿਖੀਆਂ ਕੁੜੀਆਂ ਰਾਹੀਂ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਿੱਖਿਆ ਨੂੰ ਵੀ ਪੱਕਾ ਕਰ ਰਹੀ ਹੈ,ਯਕੀਨੀ ਬਣਾ ਰਹੀ ਹੈ; ਕਿਉਂਕਿ ਪੜ੍ਹੀ ਲਿਖੀ ਮਾਂ ਦੇ ਬੱਚੇ ਕਦੇ ਵੀ ਅਨਪੜ੍ਹ ਨਹੀਂ ਰਹਿੰਦੇ।
ਚੁਣੌਤੀਆਂ
1। ਪਹਿਲੀ ਚੁਣੌਤੀ ਨਿੱਜੀ ਯੂਨੀਵਰਸਿਟੀਆਂ ਨਾਲ ਵਧ ਰਹੇ ਮੁਕਾਬਲੇ ਦੀ ਹੈ।
ਅੱਜ ਦੇ ਬਦਲ ਰਹੇ ਯੁੱਗ ਵਿੱਚ ਵੱਡੇ ਪੱਧਰ ਦੀਆਂ ਬੁਨਿਆਦੀ ਤਬਦੀਲੀਆਂ ਤਹਿਤ ਨਿੱਜੀ ਯੂਨੀਵਰਸਿਟੀਆਂ ਦਾ ਬੋਲਬਾਲਾ ਵਧ ਰਿਹਾ ਹੈ. ਇਸ ਕਰ ਕੇ ਇਨ੍ਹਾਂ ਯੂਨੀਵਰਸਿਟੀਆਂ ਦੀ ਭਰਪੂਰ ਨਿੰਦਾ ਕਰ ਕੇ, ਇਨ੍ਹਾਂ ਨੂੰ ਰੱਦ ਕਰ ਦੇਣ ਵਾਲੀ ਸੋਚ 'ਤੇ ਦੁਬਾਰਾ ਵਿਚਾਰਨ ਦੀ ਲੋੜ ਹੈ. ਸਰਕਾਰੀ ਯੂਨੀਵਰਸਿਟੀਆਂ ਨੂੰ ਨਿੱਜੀ ਯੂਨੀਵਰਸਿਟੀਆਂ ਦੇ ਮਾਡਲ, ਖਾਸ ਕਰ ਕੇ ਦਾਖਲਾ, ਅਕਾਦਮਿਕ ਪ੍ਰੋਗਰਾਮਾਂ, ਇਮਤਿਹਾਨ, ਵਿੱਤੀ ਸਾਧਨ, ਪ੍ਰਬੰਧਕੀ ਢਾਂਚੇ, ਪਲੇਸਮੈਂਟ ਅਤੇ ਯੂਨੀਵਰਸਿਟੀ-ਉਦਯੋਗ ਮਿਲਵਰਤਨ ਵਰਗੇ ਮਾਡਲਾਂ ਦਾ ਬਰੀਕੀ ਨਾਲ਼ ਅਧਿਐਨ ਕਰਨਾ ਚਾਹੀਦਾ ਹੈ. ਸਰਕਾਰੀ ਯੂਨੀਵਰਸਿਟੀਆਂ ਨੂੰ ਨਿੱਜੀ ਯੂਨੀਵਰਸਿਟੀਆਂ ਦੇ ਮਾਡਲਾਂ ਦੀਆਂ ਉਹ ਸਾਰੀਆਂ ਚੰਗੀਆਂ ਵਿਸ਼ੇਸ਼ਤਾਵਾਂ ਅਪਨਾਉਣ ਵਿੱਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ, ਜਿਨ੍ਹਾਂ ਸਦਕਾ ਸਰਕਾਰੀ ਯੂਨੀਵਰਸਿਟੀਆਂ ਦੇ ਮੰਤਵਾਂ ਦੀ ਪੂਰਤੀ ਹੋਰ ਵੀ ਵਧੀਆ ਹੋ ਸਕੇ. ਇਸ ਤਰ੍ਹਾਂ ਕਰਨ ਨਾਲ਼ ਪੰਜਾਬੀ ਯੂਨੀਵਰਸਿਟੀ ਵੀ ਨਿੱਜੀ ਯੂਨੀਵਰਸਿਟੀਆਂ ਨੂੰ ਟੱਕਰ ਦੇ ਸਕਦੀ ਹੈ.
(2) ਦੂਜੀ ਚਣੌਤੀ ਆਰਟੀਫੀਸ਼ੀਅਲ ਇੰਟੈਲੀਜੈਂਸੀ (ਏ।ਆਈ।) ਦੇ ਖੇਤਰ ਨਾਲ ਸਬੰਧਤ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸੀ ਨੇ ਸਮਾਜ ਦੇ ਹਰ ਖੇਤਰ ਵਿੱਚ ਭੂਚਾਲ ਲਿਆ ਦਿੱਤਾ ਹੈ। ਅਕਾਦਮਿਕ ਅਦਾਰੇ ਇਸ ਨਾਲ਼ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਗੂਗਲ ਦੇ ਸਾਬਕਾ ਸੀ।ਈ।ਓ। ਸ਼ਮਿਡ ਨੇ ਏ।ਆਈ। ਦੇ ਵਧ ਰਹੇ ਅਸਰ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ, ਏ।ਆਈ। ਬਿਜਲੀ ਹੈ. ਇਹ ਹਰੇਕ ਉਦਯੋਗ ਸਮੇਤ ਸਿੱਖਿਆ ਨੂੰ ਬਦਲ ਕੇ ਰੱਖ ਦੇਵੇਗੀ.
ਪੰਜਾਬੀ ਯੂਨੀਵਰਸਿਟੀ ਇਕ ਰਵਾਇਤੀ ਯੂਨੀਵਰਸਿਟੀ ਹੈ।ਕਈ ਵਾਰੀ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਸਾਡਾ ਏ।ਆਈ। ਨਾਲ ਕੋਈ ਖਾਸ ਲੈਣ ਦੇਣ ਨਹੀਂ ਹੈ; ਪਰ ਇਹ ਸਾਡਾ ਭਰਮ ਹੈ। ਏ। ਆਈ। ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ ਨੂੰ ਏ।ਆਈ। ਪਾਲਿਸੀ ਤਿਆਰ ਕਰਨੀ ਚਾਹੀਦੀ ਹੈ ਤਾਂ ਕਿ ਯੂਨੀਵਰਸਿਟੀ ਏ।ਆਈ। ਦਾ ਪੂਰਾ ਫਾਇਦਾ ਲੈ ਸਕੇ ਅਤੇ ਇਸ ਦੇ ਨੁਕਸਾਨਾਂ ਤੋਂ ਯੂਨੀਵਰਸਿਟੀ ਬਚ ਸਕੇ। ਪੰਜਾਬੀ ਯੂਨੀਵਰਸਿਟੀ ਵਿਚ ਵਾਈਸ-ਚਾਂਸਲਰ ਵਜੋਂ ਲੇਖਕ ਦੇ ਕਾਰਜਕਾਲ ਦੌਰਾਨ 'ਸੈਂਟਰ ਫ਼ਾਰ ਏ।ਆਈ। ਐਂਡ ਡੇਟਾ ਸਾਇੰਸ' ਸਥਾਪਤ ਕਰ ਦਿੱਤਾ ਗਿਆ ਸੀ। ਹੁਣ ਪਤਾ ਲੱਗਿਆ ਹੈ ਕਿ ਉਹ ਕੇਂਦਰ ਤਾਂ ਮੌਜੂਦ ਹੈ ਪਰ ਪੈਸਿਆਂ ਦੀ ਘਾਟ ਕਰ ਕੇ ਉੱਥੇ ਕੋਈ ਕੋਰਸ ਨਹੀਂ ਚੱਲ ਰਿਹਾ। ਇਸ ਨੂੰ ਫੰਡਜ਼ ਮੁਹੱਈਆ ਕਰਵਾ ਕੇ ਮੁੜ ਲੀਹ ਤੇ ਲਿਆਉਣ ਦੀ ਲੋੜ ਹੈ।
ਏ। ਆਈ। ਨਾਲ ਸਬੰਧਤ ਇਕ ਹੋਰ ਗੱਲ ਸਾਂਝੀ ਕਰਨ ਦੀ ਲੋੜ ਹੈ. ਉਹ ਇਹ ਕਿ ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਹਾਲੇ ਏ।ਆਈ। ਦੀ ਪਹੁੰਚ ਤੋਂ ਬਾਹਰ ਹਨ. ਜੋ ਕੋਈ ਪੰਜਾਬੀ ਯੂਨੀਵਰਸਿਟੀ 'ਚ ਹੋ ਰਹੇ ਕੰਮ ਬਾਰੇ ਏ।ਆਈ। ਰਾਹੀਂ ਜਾਨਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਕੋਈ ਪ੍ਰਮਾਣਿਤ ਉੱਤਰ ਨਹੀਂ ਮਿਲਦਾ ਕਿਉਂਕਿ ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਯੂਨੀਵਰਸਿਟੀ ਨੇ ਡਿਜੀਟਾਈਜ਼ ਹੀ ਨਹੀਂ ਕੀਤਾ, ਜਿਸਦੀ ਹੁਣ ਏ।ਆਈ। ਦੇ ਯੁੱਗ ਵਿੱਚ ਲੋੜ ਹੈ।
(3) ਖੋਜ ਲਈ ਵਿੱਤੀ ਸਰੋਤਾਂ ਦੀ ਕਮੀ:
ਯੂਨੀਵਰਸਿਟੀਆਂ ਵਿਚ ਅਧਿਆਪਨ ਅਤੇ ਖੋਜ ਸਿੱਕੇ ਦੇ ਦੋ ਪਹਿਲੂ ਹਨ। ਦੋਵਾਂ ਦੇ ਵਿਕਾਸ ਨਾਲ ਹੀ ਯੂਨੀਵਰਸਿਟੀਆਂ ਆਪਣੇ ਮੰਤਵ ਦੀ ਪ੍ਰਾਪਤੀ ਕਰ ਸਕਦੀਆਂ ਹਨ।
ਲੇਖਕ ਪੰਜਾਬ ਸਰਕਾਰ ਦੀ ਪੁਰਜੋਰ ਸ਼ਲਾਘਾ ਕਰਦਾ ਹੈੈ ਕਿ ਉਸ ਨੇ ਯੂਨੀਵਰਸਿਟੀ ਦੀ ਮਹੀਨਾਵਾਰ ਤਨਖਾਹ ਗਰਾਂਟ 360 ਕਰੋੜ ਰੂਪੈ ਸਲਾਨਾ ਕਰ ਦਿੱਤੀ ਹੈ, ਜਿਸ ਦੀ ਕਿ ਯੂਨੀਵਰਸਿਟੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ। ਉਸ ਵਿਚ ਸਾਲਾਨਾ ਵਾਧਾ ਵੀ ਹੋ ਰਿਹਾ ਹੈ। ਯੂਨੀਵਰਸਿਟੀ ਦਾ ਦੂਜਾ ਮੁੱਖ ਪ੍ਰੋਗਰਾਮ ਭਾਵ ਕਿ ਖੋਜ ਪੈਸਿਆਂ ਦੀ ਘਾਟ ਕਰ ਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਯੂਨੀਵਰਸਿਟੀ ਦੇ ਬਹੁਤ ਸਾਰੇ ਖੋਜ ਵਿਭਾਗ ਜਿਨ੍ਹਾਂ ਦੀ ਸਥਾਪਨਾ ਯੂਨੀਵਰਸਿਟੀ ਦੇ ਮੁੱਖ ਮੰਤਵ ਦੀ ਪ੍ਰਾਪਤੀ ਲਈ ਕੀਤੀ ਗਈ ਸੀ, ਫੰਡ ਦੀ ਕਮੀ ਕਰਕੇ ਆਪਣਾ ਲੋੜੀਂਦਾ ਯੋਗਦਾਨ ਪਾਉਣ ਵਿਚ ਅਸਮਰਥ ਹਨ। ਖੋਜ ਲਈ ਫੰਡ ਪੰਜਾਬੀ ਯੂਨੀਵਰਸਿਟੀ ਨੂੰ ਆਪ ਹੀ ਜੁਟਾਉਣੇ ਪੈਣੇ ਹਨ। ਇਸ ਮੰਤਵ ਲਈ ਯੂਨੀਵਰਸਿਟੀ ਕੋਲ ਚਾਰ ਰਸਤੇ ਹਨ:
1। ਪਹਿਲਾ ਵੱਡੀ ਗਿਣਤੀ ਵਿਚ ਚੰਗੇ ਖੋਜ ਪ੍ਰੋਜੈਕਟਾਂ ਰਾਹੀਂ ਵੱਡੇ ਪੱਧਰ ਉੱਤੇ ਕਰੋੜਾਂ ਵਿਚ ਫੰਡ ਪ੍ਰਾਪਤ ਕਰ ਸਕਦੇ ਹਾਂ।
2। ਦੂਸਰਾ ਫੰਡ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕਰ ਕੇ; ਇਸ ਲਈ ਪੁਰਾਣੇ ਵਿਦਿਆਰਥੀਆਂ , ਕਾਰਪੋਰੇਟ ਸੈਕਟਰ ਅਤੇ ਵੱਡੇ ਦਾਨੀ ਸੱਜਣਾਂ/ਸੰਸਥਾਵਾਂ ਨੂੰ ਪਹੁੰਚ ਕੀਤੀ ਜਾ ਸਕਦੀ ਹੈ।
3। ਸਲਾਹਕਾਰੀ (ਕਨਲਟੈਂਸੀ) ਸਬੰਧੀ ਸੇਵਾਵਾਂ ਮੁਹੱਈਆ ਕਰਨ ਨਾਲ : ਅੱਜਕੱਲ੍ਹ ਸਰਕਾਰਾਂ ਸਾਰੀ ਸਲਾਹ ਕਨਲਟੈਂਸੀ ਮਾਹਿਰਾਂ ਤੋਂ ਲੈਂਦੀਆਂ ਹਨ। ਪੰਜਾਬੀ ਯੂਨੀਵਰਸਿਟੀ ਕੋਲ ਉਨ੍ਹਾਂ ਨਾਲੋਂ ਜ਼ਿਆਦਾ ਬਿਹਤਰ ਖੋਜਾਰਥੀ ਹਨ, ਪਰ ਯੂਨੀਵਰਸਿਟੀ ਇਸ ਪਾਸੇ ਬਹੁਤ ਘੱਟ ਧਿਆਨ ਦੇ ਰਹੀ ।ਕੌਮੀ ਸਿੱਖਿਆ ਨੀਤੀ 2020 ਦੇ ਤਹਿਤ ਪੰਜਾਬੀ ਵਿੱਚ ਸਾਰੇ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਤਿਆਰ ਕਰਨ ਲਈ ਕਰੋੜਾਂ ਰੁਪਏ ਦੇ ਫੰਡ ਕੇਂਦਰ ਸਰਕਾਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ, ਕਿਉਂਕਿ ਇਸ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਆਹਲਾ ਦਰਜੇ ਦਾ ਕੰਮ ਕਰ ਚੁੱਕੀ ਹੈ।
4। ਫ਼ੈਕਲਟੀ ਦੀ ਘਾਟ:
ਪੰਜਾਬੀ ਯੂਨੀਵਰਸਿਟੀ ਦੀ ਅਗਲੀ ਚਣੌਤੀ ਫ਼ੈਕਲਟੀ ਦੀ ਦਿਨੋ ਦਿਨ ਘਟ ਰਹੀ ਗਿਣਤੀ ਹੈ।ਯੂਨੀਵਰਸਿਟੀ ਕੈਂਪਸ, ਰੀਜਨਲ ਸੈਂਟਰ , ਨੇਬਰਹੁਡ ਕੈਂਪਸ, ਅਤੇ ਕਾਂਸਟੀਚੁਐਂਟ ਕਾਲਜਾਂ ਨੂੰ ਮਿਲਾ ਕੇ ਅਧਿਆਪਕਾਂ ਦੀ ਪ੍ਰਵਾਨਤ ਸੰਖਿਆ 1503 ਹੈ, ਉਨ੍ਹਾਂ ਵਿੱਚ ਸਿਰਫ 575 ਪੱਕੇ ਅਧਿਆਪਕ ਇਸ ਸਮੇਂ ਕੰਮ ਕਰ ਰਹੇ ਹਨ ਜੋ ਪ੍ਰਵਾਨਤ ਸੰਖਿਆ ਦਾ ਸਿਰਫ਼ 38 ਪ੍ਰਤੀਸ਼ਤ ਬਣਦੇ ਹਨ . ਯੂਨੀਵਰਸਿਟੀ ਨੂੰ ਫੌਰੀ ਤੌਰ ਉੱਤੇ ਫ਼ੈਕਲਟੀ ਦੀ ਭਰਤੀ ਦਾ ਕੰਮ ਕਰ ਦੇਣਾ ਚਾਹੀਦਾ ਹੈ ਤਾਂ ਕਿ ਪੜ੍ਹਾਈ ਤੇ ਖੋਜ ਦੋਨਾਂ ਰਾਹੀਂ ਯੂਨੀਵਰਸਿਟੀ ਦਾ ਮੰਤਵ ਹੋਰ ਵੀ ਵਧੀਆ ਤਰੀਕੇ ਨਾਲ਼ ਪੂਰਾ ਹੋ ਸਕੇ.
ਭਵਿੱਖ ਲਈ ਰੂਪ-ਰੇਖਾ
ਯੂਨਵਰਸਿਟੀ ਦੇ ਉੁੱਜਲੇ ਭਵਿੱਖ ਲਈ ਦੋ ਸੁਝਾਵਾਂ ਉੱਤੇ ਗੌਰ ਕੀਤੀ ਜਾ ਸਕਦੀ ਹੈ.
ਪਹਿਲਾ ਯੂਨੀਵਰਸਿਟੀ ਵਿਜ਼ਨ ਦਸਤਾਵੇਜ਼ ਤਿਆਰ ਕਰਨਾ:
ਗਿਆਨ ਦੇ ਖੇਤਰ ਵਿੱਚ ਅੱਖ ਝਮਕਣ ਦੀ ਗਤੀ ਨਾਲ਼ ਤਬਦੀਲੀਆਂ ਆ ਰਹੀਆਂ ਹਨ, ਪਰ ਯੂਨੀਵਰਸਿਟੀ ਇਨ੍ਹਾਂ ਤਬਦੀਲੀਆਂ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ. ਉੱਪਰ ਏ। ਆਈ। ਦੇ ਕੁੱਝ ਪੱਖ ਬਿਆਨ ਕੀਤੇ ਗਏ ਹਨ. ਉਨ੍ਹਾਂ ਵਿੱਚੋਂ ਇੱਕ ਹੋਰ ਪੱਖ, ਜੋ ਯੂਨੀਵਰਸਿਟੀ ਵਿਦਿਆਰਥੀਆਂ ਨਾਲ਼ ਸਬੰਧਤ ਹੈ, ਉਹ ਹੈ ਵਿਦਿਆਰਥੀਆਂ ਦੇ ਰੁਜ਼ਗਾਰ ਉੱਤੇ ਇਸ ਦਾ ਅਸਰ. ਵਰਲਡ ਇਕਨੌਮਿਕ ਫ਼ੋਰਮ 2023 ਦੀ ਰਿਪੋਰਟ ਮੁਤਾਬਿਕ 2025 ਦੇ ਅੰਤ ਤੱਕ ਦੁਨੀਆਂ ਭਰ ਵਿੱਚ 85 ਮਿਲੀਅਨ ਨੌਕਰੀਆਂ ਖਤਮ ਹੋਣ ਜਾ ਰਹੀਆਂ ਹਨ ਅਤੇ 97 ਮਿਲੀਅਨ ਨਵੀਂਆਂ ਨੌਕਰੀਆਂ ਆਉਣ ਦੀ ਸੰਭਵਨਾ ਹੈ. ਨਵੀਂਆਂ ਨੌਕਰੀਆਂ ਲਈ ਨੌਜਵਾਨਾਂ ਨੂੰ ਨਵੇਂ ਹੁਨਰਾਂ ਨਾਲ਼ ਲੈਸ ਕਰਨ ਦਾ ਕੰਮ ਯੂਨੀਵਰਸਿਟੀਆਂ ਦਾ ਹੈ.
ਇਹੋ ਜਿਹੇ ਹਾਲਾਤ ਨਾਲ ਨਜਿੱਠਣ ਲਈ, ਪੰਜਾਬੀ ਯੂਨੀਵਰਸਿਟੀ ਨੂੰ ਯੋਜਨਾਬੱਧ ਤਰੀਕੇ ਨਾਲ ਤਿਆਰੀ ਕਰਨੀ ਪਵੇਗੀ। ਇਸ ਲਈ ਢੁਕਵਾਂ ਰਸਤਾ ਇੱਕ ਮੁਕੰਮਲ ਅਤੇ ਠੋਸ 'ਵਿਜ਼ਨ ਦਸਤਾਵੇਜ਼' ਤਿਆਰ ਕਰਨ ਦਾ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ 'ਵਿਜ਼ਨ ਦਸਤਾਵੇਜ 2020' ਤਿਆਰ ਕੀਤਾ ਸੀ। ਲੇਖਕ ਨੇ ਇਕ ਹੋਰ ਅਧਿਆਪਕ ਨਾਲ ਮਿਲ ਕੇ ਇੱਹ ਦਸਤਾਵੇਜ ਦਾ ਖਰੜਾ ਤਿਆਰ ਕੀਤਾ ਸੀ' ਪਰ ਉਹ ਬਹੁਤ ਹੀ ਸੰਖੇਪ ਸੀ ਪੰਜਾਬ ਯੂਨੀਵਰਸਿਟੀ ਦੇ ਦਸਤਾਵੇਜ਼ ਵਿੱਚ ਆਉਣ ਵਾਲੇ ਸਮੇਂ ਵਿਚ ਗਿਆਨ ਅਤੇ ਹੁਨਰ ਦੇ ਪੱਖੋਂ ਸਮਾਜ, ਖਾਸ ਕਰਕੇ ਰੁਜ਼ਗਾਰ ਖੇਤਰ ਦੀਆਂ ਕੀ ਲੋੜਾਂ ਹੋਣਗੀਆਂ? ਬਾਰੇ ਵਿਆਖਿਆ ਹੋਣੀ ਚਾਹੀਦੀ ਹੈ। ਇਨ੍ਹਾਂ ਲੋੜਾਂ ਦੀ ਪੂਰਤੀ ਲਈ ਚੱਲ ਰਹੇ ਅਕਾਦਮਿਕ ਕੋਰਸਾਂ ਅਤੇ ਖੋਜਾਂ ਵਿਚ ਕੀ ਤਬਦੀਲੀਆਂ ਦੀ ਜ਼ਰੂਰਤ ਹੋਵੇਗੀ, ਅਤੇ ਹੋਰ ਜਿਹੜੇ ਨਵੇਂ ਅਕਾਦਮਿਕ ਕੋਰਸ ਅਤੇ ਖੋਜਾਂ ਦੇ ਵਿਸ਼ੇ ਹੋਣਗੇ ਦਾ ਖੁਲਾਸਾ ਵੀ ਇਸ ਦਸਤਾਵੇਜ਼ ਵਿੱਚ ਹੋ ਸਕਦਾ ਹੈ। ਯੂਨੀਵਰਸਿਟੀ ਦੀਆਂ ਬਦਲਦੀਆਂ ਲੋੜਾਂ ਮੁਤਾਬਕ ਕਿਹੋ ਜਿਹੇ ਬੁਨਿਆਦੀ ਢਾਂਚੇ ਦੀ ਲੋੜ ਪਵੇਗੀ, ਅਤੇ ਇਨ੍ਹਾਂ ਸਾਰੇ ਪ੍ਰੋਗਰਾਮਾਂ ਅਤੇ ਸਹੂਲਤਾਂ ਲਈ ਦਿੱਤੀ ਸਾਧਨ ਕਿਵੇਂ ਮੁਹੱਈਆ ਕਰਵਾਏ ਜਾਣਗੇ, ਦਾ ਵਿਸਥਾਰਪੂਰਵਕ ਵਰਨਣ ਵੀ ਇਸ ਦਸਤਾਵੇਜ ਵਿਚ ਹੋਣਾ ਚਾਹੀਦਾ ਹੈ।ਦਸਤਾਵੇਜ਼ ਇਸ ਤਰੀਕੇ ਨਾਲ ਤਿਆਰ ਕੀਤਾ ਜਾਵੇ ਕਿ ਉਸ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਭਾਰਤ ਅਤੇ ਸੰਸਾਰ ਪੱਧਰ ਦੀਆਂ ਸਿਰ ਕੱਢ ਯੂਨੀਵਰਸਿਟੀਆਂ ਵਿੱਚ ਇੱਕ ਬਣਕੇ ਉੱਭਰੇ।
ਦੂਜਾ ਪੰਜਾਬੀ ਯੂਨੀਵਰਸਿਟੀ ਦੇ ਗੌਰਵਮਈ ਇਤਹਾਸ ਨੂੰ ਇਕ ਦਸਤਾਵੇਜ਼ ਰੂਪ ਦੇਣਾ:
ਜੇ ਆਪਾਂ ਭਵਿੱਖ ਦੀ ਗੱਲ ਕਰਨੀ ਹੈ ਤਾਂ ਉਸ ਦੀ ਸ਼ੁਰੂਆਤ ਬੀਤੇ ਸਮੇਂ ਦੀ ਕਾਰਗੁਜਾਰੀ ਤੋਂ ਹੁੰਦੀ ਹੈ। ਉੱਪਰ ਹੁਣੇ ਵਿਜ਼ਨ ਦਸਤਾਵੇਜ਼ ਦੀ ਗੱਲ ਕੀਤੀ ਹੈ, ਉਸਦੀ ਮਜ਼ਬੂਤ ਨੀਂਹ ਲਈ ਯੂਨੀਵਰਸਿਟੀ ਦੇ ਇਤਹਾਸ ਦਾ ਅਧਿਐਨ ਹੋਣਾ ਜ਼ਰੂਰੀ ਹੈ। ਹਰੇਕ ਸੰਸਥਾ ਵੱਲੋਂ ਆਪਣਾ ਇਤਹਾਸ ਪੁਸਤਕ ਰੂਪ ਵਿਚ ਲਿਆਂਦਾ ਜਾਂਦਾ ਹੈ। ਲੇਖਕ ਨੂੰ ਪਤਾ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਬਾਰੇ ਤਿੰਨ ਕਿਤਾਬਾਂ ਛਪ ਚੁੱਕੀਆਂ ਹਨ। ਪੰਜਾਬੀ ਯੂਨੀਵਰਸਿਟੀ ਨੂੰ ਵੀ ਇਹ ਕਾਰਜ ਕਰਨਾ ਚਾਹੀਦਾ ਹੈ. ਇਸ ਮਕਸਦ ਲਈ ਲਿਖੀ ਜਾਣ ਵਾਲ਼ੀ ਇਤਹਾਸ ਦੀ ਇਸ ਕਿਤਾਬ ਵਿੱਚ ਵਿਸਥਾਰਪੂਰਵਕ ਦਰਜ ਹੋਣਾ ਚਾਹੀਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਕਿਵੇਂ ਮਹਾਰਾਜਾ ਯਾਦਵਿੰਦਰ ਸਿੰਘ ਅਗਵਾਈ ਵਾਲੇ ਕਮਿਸ਼ਨ ਦੀ ਸਿਫ਼ਾਰਸ਼ ਤੇ ਹੋਂਦ ਵਿਚ ਆਈ, ਯੂਨੀਵਰਸਿਟੀ ਕਿਸ ਮੰਤਵ ਲਈ ਸਥਾਪਤ ਕੀਤੀ ਗਈ, ਇਹ ਕਿਸ ਤਰ੍ਹਾਂ ਵੱਧੀ ਫੁਲੀ, ਸਮਾਜ ਨੂੰ ਇਸ ਦੀ ਕੀ ਦੇਣ ਹੈ? ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਇਸ ਨੇ ਸਾਹਮਣਾ ਕੀਤਾ? ਉਨ੍ਹਾਂ ਚੁਣੌਤੀਆਂ ਨਾਲ ਨਜਿੱਠ ਕੇ ਕਿਵੇਂ ਆਪਣਾ ਕੱਦ ਹੋਰ ਵੀ ਉੱਚਾ ਕੀਤਾ. ਯੂਨੀਵਰਸਿਟੀ ਬਾਰੇ ਹੋਰ ਵੀ ਬਹੁਤ ਕੁਝ ਹੈ ਜਿਸ ਦਾ ਇੱਕ ਜਗ੍ਹਾ ਤੇ ਦਸਤਾਵੇਜ਼ੀਕਰਣ ਹੋਣਾ ਜ਼ਰੂਰੀ ਹੈ ਤਾਂ ਕਿ ਸਾਰੇ ਪੰਜਾਬੀ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਯੂਨੀਵਰਸਿਟੀ ਦੀ ਮਾਂ ਬੋਲੀ ਪੰਜਾਬੀ ਸਾਹਿਤ, ਸਭਿਆਚਾਰ, ਕਲਾ ਅਤੇ ਗਿਆਨ ਤੇ ਬਾਕੀ ਵਿਸ਼ਿਆਂ ਵਿਚ ਗੌਰਵਮਈ ਦੇਣ ਨੂੰ ਪੜ੍ਹ ਕੇ ਮਾਣ ਮਹਿਸੂਸ ਕਰ ਸਕਣ।
ਇਸ ਸਬੰਧ ਵਿਚ ਹੁਣ ਤੱਕ ਦੋ ਉਪਰਾਲੇ ਹੋ ਚੁੱਕੇ ਹਨ । ਯੂਨੀਵਰਸਿਟੀ ਦੇ ਇਤਿਹਾਸ ਨੂੰ ਲਿਖਣ ਦਾ ਪਹਿਲਾ ਉਪਰਾਲਾ ਡਾ। ਐੱਚ। ਕੇ। ਮਨਮੋਹਨ ਹੋਰਾਂ ਨੇ ਕੀਤਾ ਜੋ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਸਨ ਅਤੇ ਲੇਖਕ ਦੇ ਅਧਿਆਪਕ ਸਨ। ਲੇਖਕ ਨੂੰ ਇਸ ਕਰ ਕੇ ਪਤਾ ਹੈ ਕਿ ਡਾ। ਐੱਚ। ਕੇ। ਮਨਮੋਹਨ ਇਕ ਵਾਰੀ ਇਸੇ ਸਿਲਸਿਲੇ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਲੇਖਕ ਕੋਲ ਆਏ ਸਨ ਅਤੇ ਲੇਖਕ ਨੇ ਉਨ੍ਹਾਂ ਨੂੰ ਕੁਝ ਦਸਤਾਵੇਜ਼ ਮੁਹੱਈਆ ਕਰਵਾਏ ਸਨ; ਪ੍ਰੰਤੂ ਉਨ੍ਹਾਂ ਦੇ ਸਵਰਗਵਾਸ ਹੋਣ ਕਰਕੇ ਉਹ ਪ੍ਰਜੈਕਟ ਅਧੂਰਾ ਰਹਿ ਗਿਆ।
ਦੂਸਰਾ ਉਪਰਾਲਾ ਲੇਖਕ ਦੇ ਆਪਣੇ ਉਪ-ਕੁਲਪਤੀ ਹੋਣ ਸਮੇਂ ਕੀਤਾ ਗਿਆ।ਉਨ੍ਹਾਂ ਨੇ ਇਸ ਸਬੰਧੀ ਉਨ੍ਹੀਂ ਦਿਨੀ ਪ੍ਰੋ। ਨਰਿੰਦਰ ਸਿੰਘ ਕਪੂਰ ਹੋਰਾਂ ਨੂੰ ਬੇਨਤੀ ਕੀਤੀ ਸੀ, ਪਰ ਸਮੇਂ ਦੀ ਘਾਟ ਕਰਕੇ ਉਹ ਸਕੀਮ ਵੀ ਸਿਰੇ ਨਹੀਂ ਚੜ੍ਹ ਸਕੀ।
ਇਸ ਲੇਖ ਜ਼ਰੀਏ ਲੇਖਕ ਪੰਜਾਬੀ ਯੂਨੀਵਰਸਿਟੀ ਅਥਾਰਿਟੀ, ਖਾਸ ਕਰ ਕੇ ਉਪ-ਕੁਲਪਤੀ ਅਤੇ ਡੀਨ ਅਕਾਦਮਿਕ ਮਾਮਲੇ ਨੂੰ ਇਹ ਸੁਝਾਅ ਦੇਣਾ ਚਾਹੁੰਦਾ ਹੈ ਕਿ ਯੂਨੀਵਰਸਿਟੀ ਦੇ 5-6 ਅਧਿਆਪਕਾਂ ਅਤੇ ਖੋਜਾਰਥੀਆਂ, ਜਿਨ੍ਹਾਂ ਵਿਚ 1-2 ਸੇਵਾ-ਨਵਿਰਤ ਹੋਏ ਅਧਿਆਪਕ ਹੋ ਸਕਦੇ ਹਨ, ਨੂੰ ਸ਼ਾਮਲ ਕਰ ਕੇ ਇਕ ਸੰਪਾਦਕੀ ਟੀਮ ਬਣਾ ਕੇ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਬਾਰੇ ਦਸਤਾਵੇਜ਼ ਤਿਆਰ ਕਰਵਾਇਆ ਜਾਵੇ. ਇਹ ਯੂਨੀਵਰਸਿਟੀ ਦੀ ਆਪਣੇ ਆਪ ਨੂੰ ਅਤੇ ਸਮਾਜ ਨੂੰ ਇਕ ਬਹੁਤ ਵੱਡੀ ਸੌਗਾਤ ਹੋਵੇਗੀ

-
ਪ੍ਰੋ. ਭੂਰਾ ਸਿੰਘ ਘੁੰਮਣ, ਸਾਬਕਾ VC ਪੰਜਾਬੀ ਯੂਨੀਵਰਸਿਟੀ, ਪਟਿਆਲਾ
ghumanbs54@gmail.com
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.