ਰੁਪਿੰਦਰ ਸਿੰਘ ਹੈਪੀ ਦੀ ਨਿਵੇਕਲੀ ਪਹਿਲ: ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਉੱਤੇ ਸੱਦ ਕੇ ਕੀਤਾ ਸਨਮਾਨਿਤ
ਦੀਦਾਰ ਗੁਰਨਾ
- ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਨੂੰ ਸਫ਼ਲ ਬਣਾਉਣ ਵਾਲੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਉੱਤੇ ਸੱਦ ਕੇ ਕੀਤਾ ਸਨਮਾਨਿਤ
- ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਵਾਲੇ ਅਧਿਆਪਕਾਂ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਰੁਪਿੰਦਰ ਸਿੰਘ ਹੈਪੀ
ਬਸੀ ਪਠਾਣਾ/ ਫ਼ਤਹਿਗੜ੍ਹ ਸਾਹਿਬ, 31 ਮਈ 2025 - ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਅੱਜ ਇਕ ਨਿਵੇਕਲੀ ਪਹਿਲ ਕਦਮੀ ਕਰਦਿਆਂ ਆਪਣੇ ਹਲਕੇ ਅਧੀਨ ਆਉਂਦੇ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਹੈ ਜਿਨਾਂ ਨੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਨੂੰ ਸਫਲਤਾ ਦਾ ਜਾਮਾ ਪਹਿਨਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।
ਬਸੀ ਪਠਾਣਾ ਵਿਖੇ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਅਧਿਆਪਕਾਂ ਦਾ ਬਿਹਤਰ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ ਹੁੰਦਾ ਹੈ ਅਤੇ ਉਹਨਾਂ ਨੂੰ ਬਣਦਾ ਮਾਣ ਸਨਮਾਨ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਵਿੱਚ ਅਧਿਆਪਕਾਂ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ ਜਿਨਾਂ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਵਿਧਾਇਕ ਹੈਪੀ ਨੇ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਵਿੱਚ ਹਲਕੇ ਦੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਯੋਗਦਾਨ ਪਾਇਆ ਹੈ ਜਿਸ ਲਈ ਉਹਨਾਂ ਦਾ ਸਨਮਾਨ ਕਰਨ ਦਾ ਫੈਸਲਾ ਲਿਆ ਗਿਆ। ਵਿਧਾਇਕ ਨੇ ਕਿਹਾ ਕਿ ਅਧਿਆਪਕ ਸਮਾਜ ਦਾ ਅਨਿਖੜਵਾਂ ਅੰਗ ਹਨ ਜੋ ਕਿ ਬਚਪਨ ਦੀ ਨੀਂਹ ਤੋਂ ਹੀ ਸੇਧ ਦੇ ਕੇ ਸਮਾਜ ਵਿਚ ਚੰਗੇ ਨਾਗਰਿਕ ਵਜੋਂ ਵਿਚਰਨ ਦੇ ਸਮਰੱਥ ਬਣਾਉਦੇ ਹਨ ।
ਵਿਧਾਇਕ ਰੁਪਿੰਦਰ ਹੈਪੀ ਨੇ ਦੱਸਿਆ ਕਿ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਦੌਰਾਨ ਉਹਨਾਂ ਨੇ ਅਧਿਆਪਕਾਂ ਅੰਦਰ ਜੋ ਮਿਹਨਤ ਦਾ ਜਜ਼ਬਾ ਦੇਖਿਆ ਉਹ ਬੇਮਿਸਾਲ ਹੈ ਅਤੇ ਅਜਿਹੇ ਮਿਹਨਤੀ ਅਧਿਆਪਕਾਂ ਦੇ ਹੱਥ ਵਿੱਚ ਸਾਡੇ ਸਮਾਜ ਦਾ ਭਵਿੱਖ ਕਾਫੀ ਸੁਰੱਖਿਅਤ ਹੈ। ਉਹਨਾਂ ਕਿਹਾ ਕਿ ਉਹ ਖੁਦ ਬੀ ਐਡ ਪਾਸ ਹਨ ਅਤੇ ਅਧਿਆਪਨ ਦਾ ਤਜਰਬਾ ਹੈ।
ਇਸ ਮੌਕੇ ਵਿਧਾਇਕ ਵੱਲੋਂ ਸਾਰੇ ਹੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਉਨ੍ਹਾਂ ਨਾਲ ਦੁਪਹਿਰ ਦਾ ਭੋਜਨ ਵੀ ਸਾਂਝਾ ਕੀਤਾ ਗਿਆ।
ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਮਨਪ੍ਰੀਤ ਸਿੰਘ ਸੋਮਲ, ਕੌਂਸਲਰ ਤੇ ਮੈਂਬਰ ਲੇਬਰ ਵੈਲਫੇਅਰ ਬੋਰਡ ਪੰਜਾਬ ਰਾਜ ਪੁਰੀ, ਇੰਦਰਜੀਤ ਸਿੰਘ ਇੰਦਰੀ ਮੈਂਬਰ ਮੰਡੀ ਬੋਰਡ ਪੰਜਾਬ, ਕਮਲਜੀਤ ਕੌਰ, ਪ੍ਰੀਤੀ ਅਰੋੜਾ, ਕਸ਼ਮੀਰ ਸਿੰਘ ਬਲਾਕ ਪ੍ਰਧਾਨ, ਰਸ਼ਵਿੰਦਰ ਕਲੋਂਧੀ, ਜਗਜੀਤ ਸਿੰਘ ਰਿਟਾਇਰ ਸੂਬੇਦਾਰ ਸ਼ਮੀ,
ਸਰਪੰਚ ਗੁਰਸ਼ਰਨ ਸਿੰਘ ਮੈੜਾ, ਜਸਵਿੰਦਰ ਸਿੰਘ ਪਿੰਕਾ, ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਧਰਮਿੰਦਰ
ਲਵਲੀ ਉੱਚਾ ਪਿੰਡ ਹਾਜਰ ਸਨ।