ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਉਪਰਾਲਾ
*174 ਮਰੀਜ਼ਾਂ ਦੀ ਹੋਈ ਮੁਫ਼ਤ ਪੀ.ਸੀ.ਓ.ਡੀ. ਤੇ ਪੀ.ਸੀ.ਓ.ਐੱਸ. ਜਾਂਚ*
ਬੰਗਾ 19 ਸਤੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵੱਲੋਂ ਔਰਤਾਂ ਦੇ ਵਿਭਾਗ ਵਿੱਚ ਔਰਤਾਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ । ਇਸ ਦੌਰਾਨ ਬਾਂਝਪਨ, ਜੱਚਾ-ਬੱਚਾ ਅਤੇ ਔਰਤਾਂ ਦੀਆਂ ਅੰਦਰੂਨੀ ਬਿਮਾਰੀਆਂ ਦੀ ਮਾਹਿਰ ਡਾ. ਸ਼ਵੇਤਾ ਬਾਗਰੀਆ ਵੱਲੋਂ 174 ਮਰੀਜ਼ਾਂ ਦੀ ਪੀ.ਸੀ.ਓ.ਡੀ. ਅਤੇ ਪੀ.ਸੀ.ਓ.ਐੱਸ. ਸਬੰਧੀ ਮੁਫ਼ਤ ਜਾਂਚ ਕੀਤੀ ਗਈ। ਉਨ੍ਹਾਂ ਨੇ ਔਰਤਾਂ ਨੂੰ ਬਿਮਾਰੀ ਦੇ ਕਾਰਨਾਂ, ਲੱਛਣਾਂ ਅਤੇ ਇਸ ਤੋਂ ਬਚਾਅ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਜਾਗਰੂਕ ਕੀਤਾ। ਇਸ ਮੌਕੇ ਪੀ.ਸੀ.ਓ.ਡੀ. ਤੇ ਪੀ.ਸੀ.ਓ.ਐੱਸ. ਮਰੀਜ਼ਾਂ ਅਤੇ ਗਰਭਵਤੀ ਔਰਤਾਂ ਨੂੰ ਮੁਫ਼ਤ ਅਲਟਰਾਸਾਊਂਡ ਸਕੈਨ ਦੀ ਸਹੂਲਤ ਪ੍ਰਦਾਨ ਕੀਤੀ ਗਈ । ਲੋੜਵੰਦ ਮਰੀਜ਼ਾਂ ਦੇ ਥਾਇਰਾਇਡ, ਸ਼ੂਗਰ, ਯੂਰਿਕ ਐਸਿਡ ਅਤੇ ਨਿਊਰੋਪੈਥੀ ਦੇ ਟੈਸਟ ਵੀ ਮੁਫ਼ਤ ਕੀਤੇ ਗਏ। ਜਦ ਕਿ ਪੀ.ਸੀ.ਓ.ਡੀ. ਟੈਸਟਾਂ, ਬੱਚੇਦਾਨੀ ਦੀਆਂ ਰਸੌਲੀਆਂ ਅਤੇ ਲਕੋਰੀਆ (ਪੈਪ ਸਮੀਅਰ) ਦੀ ਜਾਂਚ 'ਤੇ 50% ਫ਼ੀਸਦੀ ਵਿਸ਼ੇਸ਼ ਛੋਟ ਵੀ ਦਿੱਤੀ ਗਈ। ਇਸ ਮੌਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਸਦੀਪ ਸਿੰਘ ਸੈਣੀ ਨੇ ਦੱਸਿਆ ਕਿ ਅੱਜ-ਕੱਲ੍ਹ ਔਰਤਾਂ ਵਿੱਚ ਪੀ.ਸੀ.ਓ.ਡੀ. ਤੇ ਪੀ.ਸੀ.ਓ.ਐੱਸ. ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ , ਜਿਸ ਕਰਕੇ ਬਾਂਝਪਣ ਦੀ ਸਮੱਸਿਆ ਵਿਚ ਵਾਧਾ ਹੋ ਰਿਹਾ ਹੈ । ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ, ਹਸਪਤਾਲ ਪ੍ਰਬੰਧਕਾਂ ਨੇ ਔਰਤਾਂ ਦੀ ਸਿਹਤ ਨੂੰ ਪਹਿਲ ਦਿੰਦੇ ਹੋਏ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਹਿੱਤ ਇਹ ਉਦੱਮ ਕੀਤਾ ਗਿਆ । ਇਸ ਮੌਕੇ ਮਰੀਜ਼ਾਂ ਨੇ ਵੀ ਹਸਪਤਾਲ ਪ੍ਰਬੰਧਕਾਂ, ਡਾ. ਸ਼ਵੇਤਾ ਬਾਗਰੀਆ ਅਤੇ ਸਮੂਹ ਸਟਾਫ ਦਾ ਮੁਫਤ ਜਾਂਚ ਕਰਕੇ ਵਧੀਆ ਸਲਾਹ ਦੇਣ ਲਈ ਧੰਨਵਾਦ ਕੀਤਾ । ਇਸ ਮੌਕੇ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਜੋਤੀ ਰਾਣੀ ਉ ਪੀ ਡੀ ਇੰਚਾਰਜ ਅਤੇ ਹਸਪਤਾਲ ਦਾ ਸਟਾਫ ਵੀ ਹਾਜ਼ਰ ਸਨ ।
- Download Babushahi App
-
-