ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਵੱਲੋਂ ਮੋਹਾਲੀ ਦੇ ਆਟਿਜ਼ਮ ਤੇ ਨਿਊਰੋਡਿਵੈਲਪਮੈਂਟਲ ਡਿਸਆਰਡਰਜ਼ ਸੈਂਟਰ ਆਫ਼ ਐਕਸੀਲੈਂਸ ਦਾ ਦੌਰਾ
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਬੁਨਿਆਦੀ ਢਾਂਚਾ, ਮਾਹਿਰ ਸੇਵਾਵਾਂ ਅਤੇ ਮਨੁੱਖੀ ਸਰੋਤ ਮਜ਼ਬੂਤ ਕਰਨ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਸਤੰਬਰ:
ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ. ਮਲਵਿੰਦਰ ਸਿੰਘ ਕੰਗ ਨੇ ਅੱਜ ਸੈਕਟਰ 79, ਮੋਹਾਲੀ ਵਿਖੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਮੋਹਾਲੀ ਅਧੀਨ ਚੱਲ ਰਹੇ ਸੈਂਟਰ ਆਫ਼ ਐਕਸੀਲੈਂਸ ਫ਼ਾਰ ਆਟਿਜ਼ਮ ਐਂਡ ਨਿਊਰੋਡਿਵੈਲਪਮੈਂਟਲ ਡਿਸਆਰਡਰਜ਼ ਦਾ ਵਿਸਥਾਰਤ ਦੌਰਾ ਕੀਤਾ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ, ਥੈਰੇਪੀ ਅਤੇ ਮੁੜ ਵਸੇਬੇ ਦੀਆਂ ਸੇਵਾਵਾਂ ਦਾ ਜਾਇਜ਼ਾ ਲਿਆ।
ਦੌਰੇ ਦੌਰਾਨ ਸੰਸਦ ਮੈਂਬਰ ਨੇ ਸੈਂਟਰ ਦੇ ਵੱਖ-ਵੱਖ ਵਿੰਗਾਂ, ਜਿਨ੍ਹਾਂ ਵਿੱਚ ਆਊਟ ਪੇਸ਼ੈਂਟ ਵਿਭਾਗ (ਓ.ਪੀ.ਡੀ.), ਪੇਰੈਂਟ ਇੰਪਾਵਰਮੈਂਟ ਵਿੰਗ, ਵੋਕੇਸ਼ਨਲ ਟ੍ਰੇਨਿੰਗ ਯੂਨਿਟ ਅਤੇ ਸਕੂਲ ਰੈਡੀਨੈੱਸ ਬਲਾਕ ਸ਼ਾਮਲ ਹਨ, ਦਾ ਵਿਸਥਾਰ ਨਾਲ ਨਿਰੀਖਣ ਕੀਤਾ। ਉਨ੍ਹਾਂ ਨੇ ਸੈਂਟਰ ਦੇ ਫੈਕਲਟੀ ਮੈਂਬਰਾਂ, ਥੈਰੇਪਿਸਟਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ।
ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਮੋਹਾਲੀ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਨਵਦੀਪ ਸੈਣੀ ਨੇ ਸ. ਕੰਗ ਨੂੰ ਸੈਂਟਰ ਵੱਲੋਂ ਅਪਣਾਏ ਜਾ ਰਹੇ ਬਹੁ-ਅਨੁਸ਼ਾਸਨੀ ਇਲਾਜ ਅਤੇ ਮੁੜ ਵਸੇਬਾ ਮਾਡਲ ਬਾਰੇ ਜਾਣਕਾਰੀ ਦਿੱਤੀ। ਇਸ ਮਾਡਲ ਤਹਿਤ ਡਿਵੈਲਪਮੈਂਟਲ ਪੀਡੀਆਟ੍ਰਿਕਸ, ਮਨੋਚਿਕਿਤਸਾ, ਫਿਜ਼ਿਓਥੈਰੇਪੀ, ਆਕਿਊਪੇਸ਼ਨਲ ਥੈਰੇਪੀ, ਸਪੀਚ ਐਂਡ ਲੈਂਗੂਏਜ ਥੈਰੇਪੀ, ਆਡੀਓਲੋਜੀ, ਵਿਸ਼ੇਸ਼ ਸਿੱਖਿਆ ਅਤੇ ਸਮਾਜਿਕ ਸੇਵਾਵਾਂ ਨੂੰ ਇੱਕਜੁੱਟ ਕਰਕੇ ਬੱਚਿਆਂ ਨੂੰ ਵਿਆਪਕ ਦੇਖਭਾਲ ਅਤੇ ਮੁੜ ਵਸੇਬੇ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਡਾ. ਸੈਣੀ ਨੇ ਸੈਂਟਰ ਵਿੱਚ ਇਲਾਜ ਅਤੇ ਮੁੜ ਵਸੇਬਾ ਸੇਵਾਵਾਂ ਲੈਣ ਵਾਲੇ ਬੱਚਿਆਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਦਰਪੇਸ਼ ਬੁਨਿਆਦੀ ਢਾਂਚੇ, ਸੰਚਾਲਨ ਅਤੇ ਮਾਹਿਰ ਸਟਾਫ਼ ਨਾਲ ਸਬੰਧਤ ਲੋੜਾਂ ਅਤੇ ਚੁਣੌਤੀਆਂ ਬਾਰੇ ਵੀ ਸੰਸਦ ਮੈਂਬਰ ਨੂੰ ਜਾਣੂ ਕਰਵਾਇਆ।
ਮਾਪਿਆਂ ਨਾਲ ਗੱਲਬਾਤ ਦੌਰਾਨ ਸ. ਕੰਗ ਨੂੰ ਦੱਸਿਆ ਗਿਆ ਕਿ ਸੈਂਟਰ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਹੋਰਨਾਂ ਸੂਬਿਆਂ ਤੋਂ ਵੀ ਪਰਿਵਾਰ ਆਪਣੇ ਬੱਚਿਆਂ ਲਈ ਸੇਵਾਵਾਂ ਲੈਣ ਆ ਰਹੇ ਹਨ। ਇਸ ਤੋਂ ਇਲਾਵਾ ਕੈਨੇਡਾ ਅਤੇ ਆਸਟ੍ਰੇਲੀਆ ਸਮੇਤ ਵਿਦੇਸ਼ਾਂ ਤੋਂ ਵੀ ਪਰਿਵਾਰ ਸੈਂਟਰ ਦੀਆਂ ਵਿਸ਼ੇਸ਼ ਸੇਵਾਵਾਂ ਦਾ ਲਾਭ ਲੈ ਰਹੇ ਹਨ। ਮਾਪਿਆਂ ਨੇ ਬੱਚਿਆਂ ਨੂੰ ਮਿਲ ਰਹੀਆਂ ਕਲੀਨਿਕਲ ਥੈਰੇਪੀਆਂ ਅਤੇ ਉਨ੍ਹਾਂ ਦੇ ਵਿਕਾਸ ਸਬੰਧੀ ਸਕਾਰਾਤਮਕ ਤਜਰਬੇ ਸਾਂਝੇ ਕੀਤੇ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਦੇਖਭਾਲ ਦੌਰਾਨ ਪਰਿਵਾਰਾਂ ਨੂੰ ਦਰਪੇਸ਼ ਭਾਵਨਾਤਮਕ, ਸਰੀਰਕ ਅਤੇ ਵਿੱਤੀ ਚੁਣੌਤੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਸੰਸਦ ਮੈਂਬਰ ਨੇ ਸੈਂਟਰ ਵਿਖੇ ਚੱਲ ਰਹੇ ਪੇਰੈਂਟ ਇੰਪਾਵਰਮੈਂਟ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕੀਤੀ, ਜਿਸ ਦੌਰਾਨ “ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਪਾਠਕ੍ਰਮ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ” ਵਿਸ਼ੇ ’ਤੇ ਵਿਸ਼ੇਸ਼ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦਾ ਉਦੇਸ਼ ਮਾਪਿਆਂ ਨੂੰ ਪਾਠਕ੍ਰਮ ਦੀ ਯੋਜਨਾਬੰਦੀ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਿੱਖਿਆ ਵਿੱਚ ਪ੍ਰਭਾਵਸ਼ਾਲੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਸਬੰਧੀ ਜਾਣਕਾਰੀ ਦੇਣਾ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਸ. ਮਲਵਿੰਦਰ ਸਿੰਘ ਕੰਗ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਸ਼ੀਲਤਾ, ਸਨਮਾਨ ਅਤੇ ਸਮਰਪਿਤ ਜਨ ਸੇਵਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਨੁਮਾਇੰਦਿਆਂ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਬੱਚਿਆਂ ਲਈ ਮਿਆਰੀ ਸਿਹਤ, ਥੈਰੇਪੀ ਅਤੇ ਮੁੜ ਵਸੇਬੇ ਦੀਆਂ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਸਾਰਥਕ ਜਨ ਸੇਵਾ ਦਾ ਅਰਥ ਬੱਚਿਆਂ ਦੀ ਸਿਹਤ, ਸਨਮਾਨ ਅਤੇ ਭਲਾਈ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਅਨੁਕੂਲ ਮਾਹੌਲ ਸਿਰਜਣਾ ਹੈ। ਉਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਦਿਖਾਈ ਜਾ ਰਹੀ ਹਿੰਮਤ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੈਂਟਰ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਬੱਚਿਆਂ ਤੱਕ ਮਿਆਰੀ ਅਤੇ ਵਿਆਪਕ ਮੁੜ ਵਸੇਬਾ ਸੇਵਾਵਾਂ ਪਹੁੰਚ ਸਕਣ।
ਸ. ਕੰਗ ਨੇ ਸੰਸਥਾ ਦੇ ਪ੍ਰਬੰਧਕਾਂ ਅਤੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਸੈਂਟਰ ਨਾਲ ਸਬੰਧਤ ਲੰਬਿਤ ਮਾਮਲਿਆਂ, ਬੁਨਿਆਦੀ ਢਾਂਚੇ ਦੀਆਂ ਲੋੜਾਂ ਅਤੇ ਵਾਧੂ ਮਾਹਿਰ ਫੈਕਲਟੀ ਦੀ ਜ਼ਰੂਰਤ ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਬੰਧਤ ਅਧਿਕਾਰੀਆਂ ਕੋਲ ਉਠਾਇਆ ਜਾਵੇਗਾ, ਤਾਂ ਜੋ ਲੋੜੀਂਦੀਆਂ ਪ੍ਰਵਾਨਗੀਆਂ ਅਤੇ ਸਹੂਲਤਾਂ ਨੂੰ ਜਲਦ ਤੋਂ ਜਲਦ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵਿਸ਼ੇਸ਼ ਸਿਹਤ ਸੰਭਾਲ, ਮੁੜ ਵਸੇਬੇ ਅਤੇ ਸਹਾਇਤਾ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਿਰੰਤਰ ਸੰਸਥਾਗਤ ਸਹਿਯੋਗ ਅਤੇ ਸਾਂਝੇ ਯਤਨਾਂ ਦੀ ਲੋੜ ਹੈ, ਜਿਸ ਲਈ ਉਹ ਵੀ ਬਤੌਰ ਸੰਸਦ ਮੈਂਬਰ ਆਪਣਾ ਬਣਦਾ ਯੋਗਦਾਨ ਪਾਉਣਗੇ।
- Download Babushahi App
-
-