ਕੁਲਵੰਤ ਸਿੰਘ ਵੱਲੋਂ 2.31 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਯੂ.ਜੀ.ਐਸ.ਆਰ. ਇੰਡਸਟਰੀ ਏਰੀਆ ਦੇ ਲੋਕਾਂ ਨੂੰ ਸਮਰਪਿਤ
5.40 ਲੱਖ ਗੈਲਨ ਸਮਰੱਥਾ ਵਾਲੇ ਪ੍ਰੋਜੈਕਟ ਨਾਲ ਫੇਜ਼-8 ਅਤੇ 8-ਬੀ ਵਿੱਚ ਨਹਿਰੀ ਪਾਣੀ ਦੀ ਸਪਲਾਈ ਹੋਵੇਗੀ ਯਕੀਨੀ: ਕੁਲਵੰਤ ਸਿੰਘ
ਟਿਊਬਵੈੱਲਾਂ ’ਤੇ ਨਿਰਭਰਤਾ ਘਟਣ ਨਾਲ ਧਰਤੀ ਹੇਠਲੇ ਪਾਣੀ ਦੀ ਹੋਵੇਗੀ ਬੱਚਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਸਤੰਬਰ:
ਐਸ ਏ ਐਸ ਨਗਰ (ਮੋਹਾਲੀ) ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਅੱਜ ਇੰਡਸਟਰੀਅਲ ਏਰੀਆ ਫੇਜ਼-8, ਮੋਹਾਲੀ ਵਿਖੇ 2 ਕਰੋੜ 31 ਲੱਖ 16 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਅੰਡਰਗਰਾਊਂਡ ਸਰਵਿਸ ਰਿਜ਼ਰਵਾਇਰ (ਯੂ.ਜੀ.ਐਸ.ਆਰ.) ਦਾ ਉਦਘਾਟਨ ਕਰਦਿਆਂ ਇਸਨੂੰ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਸਥਾਈ ਹੱਲ ਵੱਲ ਅਹਿਮ ਕਦਮ ਦੱਸਿਆ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਸ. ਕੁਲਵੰਤ ਸਿੰਘ ਵੱਲੋਂ 28 ਫਰਵਰੀ, 2024 ਨੂੰ ਰੱਖਿਆ ਗਿਆ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਦੱਸਿਆ ਕਿ 5.40 ਲੱਖ ਗੈਲਨ ਸਮਰੱਥਾ ਵਾਲੇ ਇਸ ਯੂ.ਜੀ.ਐਸ.ਆਰ. ਦੇ ਚਾਲੂ ਹੋਣ ਨਾਲ ਇੰਡਸਟਰੀਅਲ ਏਰੀਆ ਫੇਜ਼-8 ਅਤੇ 8-ਬੀ ਵਿੱਚ ਨਹਿਰੀ ਪਾਣੀ ਦੀ ਸਪਲਾਈ ਉਪਲਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਯੂ.ਜੀ.ਐਸ.ਆਰ. ਨੂੰ ਪਿੰਡ ਸ਼ੀਰਪੁਰ ਵਿਖੇ ਸਥਿਤ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਰੋਜ਼ਾਨਾ 1.121 ਐਮ.ਜੀ.ਡੀ. ਨਹਿਰੀ ਪਾਣੀ ਦੀ ਸਪਲਾਈ ਮਿਲੇਗੀ।
ਸ. ਕੁਲਵੰਤ ਸਿੰਘ ਨੇ ਕਿਹਾ ਕਿ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਹੋਣ ਨਾਲ ਟਿਊਬਵੈੱਲਾਂ ’ਤੇ ਨਿਰਭਰਤਾ ਘਟੇਗੀ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਵਿੱਚ ਮਦਦ ਮਿਲੇਗੀ। ਉਨ੍ਹਾਂ ਲੋਕਾਂ ਨੂੰ ਪਾਣੀ ਦੀ ਸੰਭਾਲ ਅਤੇ ਸੁਚੱਜੀ ਵਰਤੋਂ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪਾਣੀ ਕੁਦਰਤ ਦੀ ਅਨਮੋਲ ਦਾਤ ਹੈ, ਇਸ ਲਈ ਇਸਦੀ ਬਿਨਾਂ ਵਜ੍ਹਾ ਬਰਬਾਦੀ ਤੋਂ ਬਚਣਾ ਚਾਹੀਦਾ ਹੈ।
ਵਿਧਾਇਕ ਨੇ ਕਿਹਾ ਕਿ ਪ੍ਰੋਜੈਕਟ ਨੂੰ ਲਗਭਗ ਇੱਕ ਸਾਲ ਦੇ ਸਮੇਂ ਵਿੱਚ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਮੋਹਾਲੀ ਨਗਰ ਨਿਗਮ ਦੇ ਮੇਅਰ ਸ. ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਰਜਿੰਦਰ ਪ੍ਰਸਾਦ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਨਗਰ ਨਿਗਮ ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ ਅਤੇ ਸਮੁੱਚੀ ਅਧਿਕਾਰੀਆਂ ਦੀ ਟੀਮ ਦਾ ਧੰਨਵਾਦ ਕਰਦਿਆਂ ਮੁਬਾਰਕਬਾਦ ਦਿੱਤੀ।
ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਪੀਣ ਵਾਲੇ ਪਾਣੀ ਦੀ ਉਪਲਬਧਤਾ ਨੂੰ ਹੋਰ ਮਜ਼ਬੂਤ ਕਰਨ ਲਈ ਕਜੌਲੀ ਤੋਂ 20 ਐਮ.ਜੀ.ਡੀ. ਪਾਣੀ ਦੀ ਉਪਲਬਧਤਾ ਵੀ ਹੋਣ ਜਾ ਰਹੀ ਹੈ, ਜਿਸ ਨਾਲ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਉਪਲਬਧਤਾ ਹੋਰ ਵਧੇਗੀ।
ਇਸ ਮੌਕੇ ਮੇਅਰ ਸ. ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਨਗਰ ਨਿਗਮ ਕਮਿਸ਼ਨਰ ਸ. ਸੰਦੀਪ ਸਿੰਘ ਗਾੜ੍ਹਾ, ਚੀਫ ਇੰਜੀਨੀਅਰ ਨਰੇਸ਼ ਕੁਮਾਰ ਬੱਤਾ, ਕੌਂਸਲਰ ਸ. ਹਰਪਾਲ ਸਿੰਘ ਬਰਾੜ, ਤਰਲੋਚਨ ਸਿੰਘ ਮਟੌਰ, ਜਸਪਾਲ ਸਿੰਘ ਮਟੌਰ, ਗੁਰਪ੍ਰੀਤ ਸਿੰਘ ਬਰਿਆਲੀ, ਗੁਰਜਿੰਦਰ ਸਿੰਘ ਬੱਲੋਮਾਜਰਾ, ਜਸਵੀਰ ਸਿੰਘ ਐਡਵੋਕੇਟ, ਐਮ.ਆਈ.ਏ. ਦੇ ਪ੍ਰਧਾਨ ਅਸ਼ੋਕ ਗੁਪਤਾ, ਸਾਬਕਾ ਪ੍ਰਧਾਨ ਬਲਜੀਤ ਸਿੰਘ, ਹਰਿੰਦਰਪਾਲ ਸਿੰਘ ਬਿੱਲਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
- Download Babushahi App
-
-