ਬਠਿੰਡਾ ਵਿੱਚ ਤੀਜੀ ਵਾਰ ਕਥਾ ਵਾਚਕ ਪੰ. ਪ੍ਰਦੀਪ ਮਿਸ਼ਰਾ ਕਰਨਗੇ ਸ਼੍ਰੀ ਸ਼ਿਵ ਮਹਿਮਾ ਦਾ ਗੁਣਗਾਨ: ਮੇਅਰ ਪਦਮਜੀਤ ਸਿੰਘ ਮਹਿਤਾ
ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ, ਵਿਸ਼ਾਲ ਪ੍ਰਬੰਧ ਮੁਕੰਮਲ
ਅਸ਼ੋਕ ਵਰਮਾ
ਬਠਿੰਡਾ, 17 ਜੂਨ 2026 : ਪੰਜਾਬ ਦੇ ਦਿਲ ਮਾਲਵਾ ਖੇਤਰ ਦੇ ਇਤਿਹਾਸਕ ਸ਼ਹਿਰ ਬਠਿੰਡਾ ਵਿੱਚ ਇੱਕ ਵਾਰ ਫਿਰ ਭਗਵਾਨ ਸ਼ਿਵ ਦੀ ਭਗਤੀ ਦੀ ਗੰਗਾ ਵਹਿਣ ਜਾ ਰਹੀ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ, ਬਠਿੰਡਾ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਮਹਿਤਾ ਪਰਿਵਾਰ ਵੱਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਤਾਰ ਤੀਜੀ ਵਾਰ ਵਿਸ਼ਾਲ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਕਰਵਾਈ ਜਾ ਰਹੀ ਹੈ । ਇਸ ਮੌਕੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਥਾਵਾਚਕ ਪੰਡਿਤ ਪ੍ਰਦੀਪ ਮਿਸ਼ਰਾ (ਸੀਹੋਰ ਵਾਲੇ) ਆਪਣੇ ਮੁਖਾਰਬਿੰਦ ਤੋਂ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਦਾ ਅੰਮ੍ਰਿਤਮਈ ਰਸਪਾਨ ਕਰਵਾ ਕੇ ਸ਼ਿਵ ਭਗਤਾਂ ਨੂੰ ਨਿਹਾਲ ਕਰਨਗੇ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਠਿੰਡਾ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬਠਿੰਡਾ ਦੀ ਧਰਤੀ ਬਹੁਤ ਹੀ ਭਾਗਾਂ ਵਾਲੀ ਹੈ, ਜਿੱਥੇ ਭਗਵਾਨ ਸ਼ਿਵ ਦਾ ਅਦਭੁਤ ਦਰਬਾਰ ਤੀਜੀ ਵਾਰ ਸਜਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਟੇਲ ਨਗਰ ਸਥਿਤ ਮਾਤਾ ਵੈਸ਼ਣੋ ਦੇਵੀ ਮੰਦਰ ਦੇ ਸਾਹਮਣੇ ਹੋਣ ਵਾਲੀ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਦਾ ਸ਼ੁਭ ਆਰੰਭ 18 ਜੂਨ ਨੂੰ ਹੋਵੇਗਾ ਅਤੇ ਕਥਾ ਦਾ ਸਮਾਪਨ 24 ਜੂਨ ਨੂੰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕਥਾ ਹਰ ਰੋਜ਼ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤੀ ਜਾਵੇਗੀ।
ਲੱਖਾਂ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ
ਮੇਅਰ ਸ੍ਰੀ ਮਹਿਤਾ ਨੇ ਦੱਸਿਆ ਕਿ ਪੰਜਾਬ ਸਮੇਤ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਦੇ ਕਥਾ ਵਿੱਚ ਪਹੁੰਚਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ਾਲ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਸ਼ਰਧਾਲੂਆਂ ਦੇ ਰਹਿਣ ਅਤੇ ਭੋਜਨ ਦੀ ਪੂਰੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਮੋਬਾਈਲ ਟਾਇਲਟ, ਮੈਡੀਕਲ ਡਿਸਪੈਂਸਰੀ ਅਤੇ ਐਮਰਜੈਂਸੀ ਸਿਹਤ ਸੇਵਾਵਾਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵਿਸ਼ਾਲ ਪੱਧਰ ’ਤੇ ਲੰਗਰ ਅਤੇ ਠੰਢੇ ਪੀਣ ਵਾਲੇ ਪਾਣੀ ਦੀ ਸੇਵਾ ਉਪਲਬਧ ਕਰਵਾਈ ਜਾਵੇਗੀ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਵੱਡਾ ਟੈਂਟ, ਕੂਲਰ ਅਤੇ ਪੱਖਿਆਂ ਦੀ ਵਿਸ਼ੇਸ਼ ਵਿਵਸਥਾ
ਉਨ੍ਹਾਂ ਦੱਸਿਆ ਕਿ ਇਸ ਵਾਰ ਸ਼ਰਧਾਲੂਆਂ ਦੀ ਵੱਧ ਰਹੀ ਗਿਣਤੀ ਨੂੰ ਦੇਖਦਿਆਂ ਪਹਿਲਾਂ ਨਾਲੋਂ ਵੱਧ ਵਿਸ਼ਾਲ ਟੈਂਟ ਲਗਾਇਆ ਗਿਆ ਹੈ ਅਤੇ ਇਸ ਦਾ ਘੇਰਾ ਵੀ ਵਧਾਇਆ ਗਿਆ ਹੈ। ਭਿਆਨਕ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਕਥਾ ਸਥਾਨ ’ਤੇ ਕੂਲਰਾਂ, ਪੱਖਿਆਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਸ਼ਰਧਾਲੂ ਆਰਾਮ ਨਾਲ ਕਥਾ ਦਾ ਸ੍ਰਵਣ ਕਰ ਸਕਣ।
ਜ਼ਿਆਦਾਤਰ ਸ਼ਰਧਾਲੂਆਂ ਲਈ ਬਿਨਾਂ ਪਾਸ ਦਾਖਲਾ
ਸ਼੍ਰੀ ਮਹਿਤਾ ਨੇ ਦੱਸਿਆ ਕਿ ਇਸ ਸਾਲ ਜ਼ਿਆਦਾਤਰ ਸ਼ਰਧਾਲੂਆਂ ਲਈ ਬਿਨਾਂ ਪਾਸ ਦਾਖਲੇ ਦੀ ਵਿਵਸਥਾ ਰੱਖੀ ਗਈ ਹੈ। ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਸੀਮਿਤ ਗਿਣਤੀ ਵਿੱਚ ਪਾਸ ਜਾਰੀ ਕੀਤੇ ਗਏ ਹਨ। ਇੱਛੁਕ ਸ਼ਰਧਾਲੂ ਇਹ ਪਾਸ ਹੋਟਲ ਗੋਲਡ ਸਟਾਰ, ਬੀਬੀਵਾਲਾ ਰੋਡ, ਬਠਿੰਡਾ ਤੋਂ ਪ੍ਰਾਪਤ ਕਰ ਸਕਦੇ ਹਨ।
ਹਰ ਗੇਟ ’ਤੇ ਤਾਇਨਾਤ ਰਹੇਗੀ ਟੀਮ
ਮੇਅਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਵਿਸ਼ੇਸ਼ ਟੀਮਾਂ ਕਥਾ ਸਥਾਨ ਦੇ ਹਰ ਪ੍ਰਵੇਸ਼ ਦੁਆਰ ’ਤੇ ਤਾਇਨਾਤ ਰਹਿਣਗੀਆਂ। ਇਹ ਟੀਮਾਂ ਸ਼ਰਧਾਲੂਆਂ ਨੂੰ ਲੋੜੀਂਦੀ ਜਾਣਕਾਰੀ ਦੇਣ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸਹਾਇਤਾ ਵੀ ਪ੍ਰਦਾਨ ਕਰਨਗੀਆਂ।
ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਦੇ ਪੁਖਤਾ ਇੰਤਜ਼ਾਮ
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਲਈ ਵਿਸ਼ਾਲ ਅਤੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ, ਤਾਂ ਜੋ ਕਥਾ ਸਥਾਨ ’ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
- Download Babushahi App
-
-