ਸਿੱਖਿਆ ਸ਼ਾਸਤਰੀ, ਕਲਮਕਾਰ ਸਵਰਨ ਸਿੰਘ ਭੰਗੂ ਦੀ ਮੌਤ ਸੰਸਥਾਗਤ ਕਤਲ
ਲੇਖਕ ਨਾਰਾਇਣ ਦੱਤ
ਵਿਗਿਆਨਕ ਸੋਚ ਦੇ ਧਾਰਨੀ, ਹਰ ਦਿਲ ਅਜੀਜ਼, ਬੇਹੱਦ ਮਿਲਾਪੜੇ ਸੁਭਾਅ ਦੇ ਮਾਲਕ, ਲੋਕ ਪੱਖੀ ਸਿੱਖਿਆ ਸ਼ਾਸਤਰੀ, ਕਲਮਕਾਰ, ਸਾਥੀ ਸਵਰਨ ਭੰਗੂ ਦੀ ਬੇਵਕਤੀ ਮੌਤ ਦੀ ਮਨਹੂਸ ਖ਼ਬਰ ਨੇ ਸਭਨਾਂ ਨੂੰ ਝੰਜੋੜ ਕੇ ਰੱਖ ਦਿੱਤਾ। 4 ਜੂਨ ਨੂੰ ਸਵੇਰ ਵਕਤ ਇਹ ਮਨਹੂਸ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਹਰ ਕੋਈ ਇਹ ਜਾਨਣ ਲਈ ਉਤਸੁਕ ਸੀ ਕਿ ਆਖਰ ਸਾਡਾ ਸਵਰਨ ਸਾਡੇ ਲੋਕ ਕਾਫ਼ਲੇ ਨਾਲੋਂ ਇਉਂ ਕਿਵੇਂ ਵਿਛੜ ਗਿਆ। ਥੋੜੇ ਜਿਹੇ ਸਮੇਂ ਬਾਅਦ ਇਹ ਖ਼ਬਰ ਆਈ ਕਿ ਸਾਥੀ ਸਵਰਨ ਸਵੇਰੇ ਸਾਜੜੇ ਸਾਈਕਲ ਸੈਰ ਕਰਨ ਲਈ ਗਿਆ ਤਾਂ ਆਦਰਸ਼ ਭਵਨ(ਸਾਥੀ ਸਵਰਨ ਭੰਗੂ ਦੀ ਰਿਹਾਇਸ਼ ਦੇ ਬਿਲਕੁਲ ਨਜ਼ਦੀਕ) ਸੀਵਰ ਦੇ ਖੁੱਲ੍ਹੇ ਗਟਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ। ਇਹ ਵੀ ਜਾਣਕਾਰੀ ਮਿਲੀ ਕਿ ਜਿਸ ਵਕਤ ਸਾਥੀ ਭੰਗੂ ਗਟਰ ਵਿੱਚ ਡਿੱਗਿਆ ਤਾਂ ਅੱਗੇ ਪਿੱਛੇ ਕੋਈ ਨਹੀਂ ਸੀ ਆ ਰਿਹਾ ਜਿਸ ਕਰਕੇ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਲੰਬਾ ਸਮਾਂ ਉਡੀਕ ਕਰਨ ਤੋਂ ਬਾਅਦ ਸਾਥੀ ਸਵਰਨ ਭੰਗੂ ਦੇ ਮੋਬਾਈਲ ਫੋਨ ਤੇ ਗੁਰਪ੍ਰੀਤ ਕੌਰ ਭੰਗੂ (ਸਵਰਨ ਭੰਗੂ ਦੇ ਜੀਵਨ ਸਾਥਣ) ਨੇ ਸੰਪਰਕ ਕਰਨ ਤੇ ਫੋਨ ਬੰਦ ਆਇਆ। ਸੀਸੀਟੀਵੀ ਕੈਮਰਿਆਂ ਰਾਹੀਂ ਕੀਤੀ ਗਈ ਪੜਤਾਲ ਉਪਰੰਤ ਸਾਥੀ ਸਵਰਨ ਭੰਗੂ ਦਾ ਸਾਈਕਲ ਸਮੇਤ ਗਟਰ ਵਿੱਚ ਡਿੱਗੇ ਹੋਣ ਬਾਰੇ ਪਤਾ ਲੱਗਿਆ। 5 ਜੂਨ ਨੂੰ ਘਰ ਦੇ ਨਜ਼ਦੀਕ ਹੀ ਲੰਘਦੇ ਗੰਦੇ ਨਾਲੇ ਵਿੱਚੋਂ ਸਾਥੀ ਸਵਰਨ ਭੰਗੂ ਦੇ ਸਾਈਕਲ ਸਮੇਤ ਡਿੱਗਣ ਅਤੇ ਉੱਥੇ ਹੀ ਮੌਤ ਹੋ ਜਾਣ ਦੀ ਖ਼ਬਰ ਆਈ। ਇਸ ਖ਼ਬਰ ਨੇ ਸਭਨਾਂ ਨੂੰ ਹੋਰ ਵੱਧ ਚਿੰਤਾਤੁਰ ਬਣਾ ਦਿੱਤਾ। 6 ਜੂਨ ਨੂੰ ਆਪਣੇ ਰੰਗਲੇ ਸੱਜਣ ਨੂੰ ਅੰਤਿਮ ਵਿਦਾਇਗੀ ਦੇਣ ਲਈ ਬਸੀ ਗੁੱਜਰਾਂ ਵਿਖੇ ਕੰਗ ਮੈਮੋਰੀਅਲ ਸਕੂਲ ਵਿਖੇ ਪਹੁੰਚੇ ਤਾਂ ਡਾਕਟਰ ਕੁਲਦੀਪ ਘਟਨਾ ਵਾਪਰਨ ਦੇ ਐਨ ਸਮੇਂ ਤੋਂ ਹੀ ਨਾਲ ਜੁੜਿਆ ਹੋਇਆ ਸੀ ਨੇ ਅਸਲੀਅਤ ਦੱਸੀ ਕਿ ਸਾਥੀ ਸਵਰਨ ਭੰਗੂ 3 ਜੂਨ ਨੂੰ ਰਾਤ 9.40 ਵਜੇ ਪ੍ਰੈੱਸ ਦਾ ਜ਼ਰੂਰੀ ਕੰਮ ਨਿਪਟਾ ਕੇ ਘਰ ਵੱਲ ਜਾ ਰਿਹਾ ਸੀ ਤਾਂ ਸਾਈਕਲ ਸਮੇਤ ਤਵਾਜ਼ਨ ਵਿਗੜ ਜਾਣ ਕਾਰਨ ਘਰ ਦੇ ਨਜ਼ਦੀਕ ਹੀ ਪੈਂਦੇ ਗੰਦੇ ਨਾਲੇ ਵਿੱਚ ਡਿੱਗ ਪਿਆ। ਉਸ ਸਮੇਂ ਬਿਜਲੀ ਬੰਦ ਸੀ। ਇਹ ਗੰਦਾ ਨਾਲਾ ਮੇਨ ਸੜਕ ਨੂੰ ਕਰਾਸ ਕਰਦਾ ਹੈ ਪਰ ਇਸ ਗੰਦੇ ਨਾਲੇ ਦੇ ਦੋਵੇਂ ਪਾਸੇ ਕੋਈ ਰੇਲਿੰਗ ਨਹੀਂ ਲੱਗੀ ਹੋਈ। ਜੇਕਰ ਰੇਲਿੰਗ ਲੱਗੀ ਹੋਈ ਹੁੰਦੀ ਤਾਂ ਸਾਥੀ ਸਵਰਨ ਭੰਗੂ ਦੇ ਸਾਈਕਲ ਦਾ ਤਵਾਜ਼ਨ ਵਿਗੜ ਜਾਣ ਦੇ ਬਾਵਜੂਦ ਗੰਦੇ ਨਾਲੇ ਵਿੱਚ ਡਿੱਗਣ ਤੋਂ ਬਚਾਅ ਹੋ ਸਕਦਾ ਸੀ। ਇੱਕ ਸੁਹਿਰਦ ਸਿੱਖਿਆ ਸ਼ਾਸਤਰੀ ਜੀ ਜ਼ਿੰਦਗੀ ਬਚ ਸਕਦੀ ਸੀ।
ਸਾਥੀ ਸਵਰਨ ਭੰਗੂ ਵੱਲੋਂ ਕੀਤੇ ਗਏ ਸੁਚੇਤ ਫ਼ੈਸਲੇ ਮੁਤਾਬਕ ਉਸ ਦੀ ਮ੍ਰਿਤਕ ਦੇਹ ਪੀਜੀਆਈ ਚੰਡੀਗੜ੍ਹ ਨੂੰ ਪੂਰੇ ਸਨਮਾਨ ਨਾਲ ਵਿਦਾ ਕੀਤਾ। ਵਿਦਾ ਕਰਨ ਤੋਂ ਬਾਅਦ ਮੈਂ, ਪ੍ਰੋ.ਜਗਮੋਹਣ ਸਿੰਘ, ਪ੍ਰਿਤਪਾਲ ਸਿੰਘ, ਨਰਭਿੰਦਰ, ਜਸਵੰਤ ਜੀਰਖ, ਸਤੀਸ਼ ਸਚਦੇਵਾ ਸਮੇਤ ਅਸੀਂ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ। ਮੁੱਢਲੀ ਪੜਤਾਲ ਤੋਂ ਇਹ ਸਿੱਟਾ ਨਿੱਕਲਿਆ ਕਿ
-ਸਾਥੀ ਸਵਰਨ ਭੰਗੂ ਦੀ ਮੌਤ ਸਾਧਾਰਨ ਮੌਤ ਨਹੀਂ ਹੈ, ਇਹ ਮੌਤ ਬੇਵਕਤੀ ਹੈ, ਸੰਸਥਾਗਤ ਕਤਲ ਹੈ।
- ਜਿਸ ਸੜਕ ਉੱਪਰ ਸਾਈਕਲ ਰਾਹੀਂ ਸਵਰਨ ਭੰਗੂ ਆਪਣੇ ਘਰ ਜਾ ਰਿਹਾ ਸੀ, ਉਸ ਸੜਕ ਦੇ ਵਿਚਕਾਰ ਸੀਵਰ ਲੰਘਦਾ ਹੈ।
-ਜਿਸ ਪਾਸੇ ਤੋਂ ਸਵਰਨ ਭੰਗੂ ਆਪਣੇ ਘਰ ਵੱਲ ਜਾ ਰਿਹਾ ਸੀ, ਉਸੇ ਪਾਸੇ ਤੋਂ ਗੰਦੇ ਨਾਲੇ ਤੋਂ 5-7 ਮੀਟਰ ਪਿੱਛੇ ਸੀਵਰ ਦੇ ਮੇਨ ਹੋਲ ਉੱਪਰ ਢੱਕਣ ਲੱਗਾ ਹੋਇਆ ਹੈ।
-ਸੀਵਰ ਦੇ ਮੇਨ ਹੋਲ ਉੱਪਰ ਢੱਕਣ ਸੜਕ ਤੋਂ 3-6 ਇੰਚ ਉੱਚਾ ਲੱਗਾ ਹੋਇਆ ਹੈ।
-ਇਸ ਸੀਵਰ ਦੇ ਢੱਕਣ ਤੋਂ ਲੰਘਣ ਵਕਤ ਸਾਥੀ ਸਵਰਨ ਭੰਗੂ ਦੇ ਸਾਈਕਲ ਦਾ ਤਵਾਜ਼ਨ ਵਿਗੜ ਗਿਆ ਅਤੇ ਗੰਦੇ ਨਾਲੇ ਉੱਤੇ ਕੋਈ ਰੇਲਿੰਗ ਨਾ ਹੋਣ ਕਰਕੇ ਸਾਥੀ ਸਵਰਨ ਭੰਗੂ ਸਾਈਕਲ ਸਮੇਤ ਸਿੱਧਾ ਗੰਦੇ ਨਾਲੇ ਵਿੱਚ ਜਾ ਡਿੱਗਿਆ।
-ਇਹ ਗੰਦਾ ਨਾਲਾ ਕਾਫ਼ੀ ਡੂੰਘਾ ਹੋਣ ਕਰਕੇ ਸਾਥੀ ਸਵਰਨ ਭੰਗੂ ਦਾ ਸਿਰ ਗੰਦੇ ਨਾਲੇ ਦੀ ਕੰਧ ਨਾਲ ਜਾ ਵੱਜਿਆ।
-ਗੰਦੇ ਨਾਲੇ ਦੀ ਕੰਧ ਉੱਤੇ ਖੂਨ ਦੇ ਛਿੱਟੇ ਮੌਜੂਦ ਵੇਖੇ ਗਏ।
-ਸਾਥੀ ਸਵਰਨ ਭੰਗੂ ਦੀ ਘਰ ਵੱਲ ਜਾਣ ਮੌਕੇ ਉੱਥੇ ਮੌਜੂਦ ਗੁਆਂਢੀ ਪ੍ਰੀਵਾਰਾਂ ਦਰਸ਼ਨ ਸਿੰਘ ਅਤੇ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਗੰਦੇ ਨਾਲੇ ਵਿੱਚ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇੱਕ ਲੜਕੀ ਅਤੇ ਕਈ ਪਸ਼ੂਆਂ ਦੇ ਡਿੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।
-ਗੰਦੇ ਨਾਲੇ ਉੱਤੇ ਰੇਲਿੰਗ ਨਾ ਹੋਣ ਕਰਕੇ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਸਵਰਨ ਭੰਗੂ ਨੇ ਖ਼ਬਰ ਲਾਕੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਸੀ।
-ਦਰਸ਼ਨ ਸਿੰਘ ਅਤੇ ਰਜਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਮੁਹੱਲਾ ਵਾਸੀਆਂ ਨੇ ਇਸ ਗੰਦੇ ਨਾਲੇ ਉੱਤੇ ਖ਼ੁਦ ਆਪਣੇ ਕੋਲੋਂ ਖ਼ਰਚ ਕਰਕੇ ਰੇਲਿੰਗ ਲਾਉਣ ਦਾ ਯਤਨ ਕੀਤਾ ਸੀ।
-ਮਿਉਂਸਪਲ ਕਮੇਟੀ ਦੇ ਈਓ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ।
ਜਿਵੇਂ ਕਿ ਅਕਸਰ ਹੁੰਦਾ ਹੈ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੇ ਵਾਪਰਨ ਦੀ ਉਡੀਕ ਵਿੱਚ ਰਹਿੰਦਾ ਹੈ। ਉਹੀ ਹੋਇਆ ਸਭਨਾਂ ਲੋਕਾਂ ਦਾ ਹਰ ਦਿਲ ਅਜੀਜ਼, ਉੱਘਾ ਸਿੱਖਿਆ ਸ਼ਾਸਤਰੀ ਸਾਥੀ ਸਵਰਨ ਭੰਗੂ ਪ੍ਰਸ਼ਾਸਨ ਦੀ ਅਣਗਹਿਲੀ ਦੀ ਭੇਂਟ ਚੜ੍ਹ ਗਿਆ। ਸਵਰਨ ਭੰਗੂ ਦੀ ਹੋਈ ਮੌਤ ਪਹਿਲੀ ਨਹੀਂ ਸਗੋਂ ਕੁੱਝ ਸਮਾਂ ਪਹਿਲਾਂ ਹੀ ਨੋਇਡਾ ਵਿਖੇ ਇੱਕ ਸੌਫਟਵੇਅਰ ਇੰਜਨੀਅਰ ਯੁਵਰਾਜ ਮਹਿਤਾ ਦੀ ਡਰੇਨ ਉੱਤੇ ਬਣ ਰਹੇ ਪੁਲ ਉੱਤੇ ਕੋਈ ਮਜ਼ਬੂਤ ਰੋਕ ਨਾਂ ਹੋਣ ਕਾਰਨ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ।
-ਸਾਥੀ ਸਵਰਨ ਭੰਗੂ ਦੀ ਮੌਤ ਦੀ ਹੋਰ ਵੱਧ ਗਹਿਰਾਈ ਨਾਲ ਅਜਾਦਾਨਾ ਜਾਂਚ ਹੋਣੀ ਚਾਹੀਦੀ ਹੈ।
-ਜ਼ਿੰਮੇਵਾਰ ਕਾਰਕਾਂ ਲਾਜ਼ਮੀ ਹੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ।
-ਸਾਥੀ ਸਵਰਨ ਭੰਗੂ ਦੀ ਮੌਤ ਦੇ ਜਿੰਮੇਵਾਰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
- ਅਫ਼ਸਰਸ਼ਾਹੀ ਅਤੇ ਠੇਕੇਦਾਰਾਂ ਵੱਲੋਂ ਮਿਲੀਭੁਗਤ ਨਾਲ ਪਾਏ ਜਾ ਰਹੇ ਗ਼ੈਰ ਵਿਗਿਆਨਕ ਢੰਗ ਨਾਲ ਸੀਵਰੇਜ ਪ੍ਰਬੰਧਾਂ ਦੀ ਜਾਂਚ ਕਰਵਾਕੇ ਇਸ ਨੂੰ ਦਰੁਸਤ ਕੀਤਾ ਜਾਣਾ ਚਾਹੀਦਾ ਹੈ।
- ਸੜਕਾਂ ਉੱਤੇ ਬਣੇ ਨਹਿਰਾਂ, ਡਰੇਨਾਂ ਦੇ ਪੁਲਾਂ ਉੱਤੇ ਮਜ਼ਬੂਤ ਰੇਲਿੰਗ ਲੱਗੀ ਹੋਣੀ ਚਾਹੀਦੀ ਹੈ।
- ਸਾਥੀ ਸਵਰਨ ਭੰਗੂ ਆਪਣੇ ਪਿੱਛੇ ਜਾਣੀ ਪਛਾਣੀ ਫਿਲਮੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਅਤੇ ਵਿਦੇਸ਼ ਰਹਿੰਦੇ ਪੁੱਤਰ ਅਮਰਵੀਰ 'ਬਾਗੀ' ਨੂੰ ਆਪਣੀ ਨਿੱਜੀ ਅਤੇ ਸਮਾਜਿਕ ਵਿਰਾਸਤ ਵਜੋਂ ਛੱਡ ਗਿਆ ਹੈ। ਇਹ ਗੱਲ ਧਰਵਾਸ ਬੰਨਾਉਣ ਵਾਲੀ ਸੀ ਜਦ ਅਮਰਵੀਰ 'ਬਾਗੀ' ਨੇ ਰੋਂਦਿਆਂ ਵੀ ਸ਼ਰਧਾਂਜਲੀ ਵਜੋਂ ਸਾਥੀ ਸਵਰਨ ਭੰਗੂ ਦੀ ਪਸੰਦੀਦਾ ਰਚਨਾ 'ਦਹਿਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ-ਇਸ ਤਰ੍ਹਾਂ ਦੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ' ਪੇਸ਼ ਕੀਤੀ। ਇਸ ਤਰ੍ਹਾਂ ਨਵਾਂ ਬਰਾਬਰਤਾ ਵਾਲਾ ਲੋਕ ਪੱਖੀ ਸਮਾਜ ਦੀ ਸਿਰਜਣਾ ਦੀ ਰੋਸ਼ਨੀ ਵੰਡਣ ਵਾਲਾ ਸਾਥੀ ਸਵਰਨ ਭੰਗੂ ਆਪਣੀ ਪਿੱਛੇ ਸਿੱਖਿਆ ਦੇ ਖੇਤਰ ਅਤੇ ਨਵੇਂ ਸਮਾਜ ਦੀ ਸਿਰਜਣਾ ਦੀ ਵੱਡੀ ਜ਼ਿੰਮੇਵਾਰੀ ਗੁਰਪ੍ਰੀਤ ਕੌਰ ਅਤੇ ਅਮਰਵੀਰ 'ਬਾਗੀ' ਸਮੇਤ ਸਾਡੇ ਸਭਨਾਂ ਸਿਰ ਛੱਡ ਕੇ ਆਪ ਮਾਣਮੱਤਾ ਸਫ਼ਰ ਪੂਰਾ ਕਰ ਗਿਆ ਹੈ।
"ਸਾਥੀ ਸਵਰਨ ਭੰਗੂ ਦੇ ਲੋਕਤਾ ਲਈ ਜੀਵੇ, ਗ਼ੁਲਾਬ ਦੇ ਫੁੱਲਾਂ ਵਰਗੀ ਮਹਿਕ ਖਿਲਾਰਦੇ ਪਲ ਪਲ ਦੇ ਸਫ਼ਰ, ਨਵੀਂ ਸਵੇਰ ਸਿਰਜਣ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦੇ ਅਹਿਦ ਨਾਲ ਸਿਜਦਾ।"
- ਅਖੀਰ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਥੀ ਸਵਰਨ ਭੰਗੂ ਦੀ ਮੌਤ ਦਾ ਉਸੇ ਪ੍ਰਬੰਧ ਨੇ ਯੋਜਨਾਬੱਧ ਤਰੀਕੇ ਨਾਲ ਕਤਲ ਕਰ ਦਿੱਤਾ, ਜਿਸ ਪ੍ਰਬੰਧ ਨੂੰ ਬਦਲਣ ਲਈ ਉਹ ਤਾਉਮਰ ਜੂਝਦਾ ਰਿਹਾ। ਸਥਾਨਕ ਪੱਧਰ 'ਤੇ ਸਿੱਧੇ ਰੂਪ ਵਿੱਚ ਸਵਰਨ ਭੰਗੂ ਦੇ ਕਤਲ ਲਈ ਜ਼ਿੰਮੇਵਾਰ ਮਿਉਂਸਪਲ ਅਧਿਕਾਰੀਆਂ ਉੱਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਉਠਾਉਣ ਦੇ ਨਾਲ ਨਾਲ, ਸੰਘਰਸ਼ ਨੂੰ ਇਸ ਲੋਕ ਦੋਖੀ ਨਿਜ਼ਾਮ ਨੂੰ ਬਦਲਣ ਵੱਲ ਸੇਧਤ ਕਰਨਾ ਸਾਥੀ ਸਵਰਨ ਭੰਗੂ ਨੂੰ ਸੱਚੀ ਸ਼ਰਧਾਂਜਲੀ ਹੈ।
10 ਜੂਨ ਮੰਗਲਵਾਰ ਨੂੰ 10 ਵਜੇ ਸਾਥੀ ਸਵਰਨ ਭੰਗੂ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਹੱਥੀਂ ਲਾਏ ਬੂਟੇ 'ਕੰਗ ਮੈਮੋਰੀਅਲ ਸਕੂਲ ਬਸੀ ਗੁੱਜਰਾਂ' ਨੇੜੇ ਚਮਕੌਰ ਸਾਹਿਬ ਵਿੱਚ ਆਪਣੇ ਰੰਗਲੇ ਸੱਜਣ ਨਾਲ ਯਾਦਾਂ ਦੀ ਸਾਂਝ ਪਾਉਣਗੇ।
Narayan Dutt • ndutt2011@gmail.com
- ਨਰਾਇਣ ਦੱਤ
ਬਰਨਾਲਾ
ਮੋਬਾਇਲ 9646010770

-
ਨਰਾਇਣ ਦੱਤ , writer
ndutt2011@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.