75 ਫੀਸਦੀ ਤਬਾਹੀ ਵਾਲੇ ਪਿੰਡਾਂ ‘ਚ 7 ਦਿਨਾਂ ‘ਚ ਗਿਰਦਾਵਰੀ ਹੋਵੇਗੀ ਮੁਕੰਮਲ- ਧਾਲੀਵਾਲ
-ਚੱਕ ਫੂਲਾ ਵਿਖੇ ਵਿਧਾਇਕ ਸ. ਧਾਲੀਵਾਲ ਨੇ ਖੁੱਦ ਕੰਬਾਈਨ ਚਲਾ ਕੇ ਨੁਕਸਾਨੀ ਝੋਨੇ ਦੀ ਫਸਲ ਦਾ ਲਿਆ ਜਾਇਜ਼ਾ-
-ਅਜਨਾਲਾ ਦੇ ਪ੍ਰਭਾਵਿਤ ਪਿੰਡ ਕਿਸੇ ਫੈਲੀ ਵਿਸ਼ੇਸ਼ ਮਹਾਂਮਾਰੀ ਦੀ ਮਾਰ ਹੇਠ ਨਹੀਂ-
ਅੰਮ੍ਰਿਤਸਰ/ ਅਜਨਾਲਾ, 16 ਸਤੰਬਰ()- ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਸ਼ਹਿਰ ਦੇ ਹੜ੍ਹਾਂ ਤੋਂ ਪ੍ਰਭਾਵਿਤ ਬਾਹਰੀ ਪਿੰਡਾਂ ਨੰਗਲ, ਵੰਝਾਂਵਾਲਾ, ਚੱਕਫੂਲਾ, ਕਮੀਰਪੁਰਾ ਵਿਖੇ ਸਰਕਾਰੀ ਸਕੂਲਾਂ ਸਣੇ ਪਿੰਡਾਂ ‘ਚ ਸਾਫ ਸਫਾਈ ਮੁਹਿੰਮ ਦੀ ਅਗਵਾਈ ਕੀਤੀ ਅਤੇ ਪਿੰਡ ਚੱਕ ਫੂਲਾ ਵਿਖੇ ਨੁਕਸਾਨੀਆਂ ਗਈਆਂ ਫਸਲਾਂ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ (ਸ. ਧਾਲੀਵਾਲ ) ਨੇ ਇਕ ਕਿਸਾਨ ਸੁਖਚੈਨ ਸਿੰਘ ਗਿੱਲ ਦੇ ਖੇਤਾਂ ‘ਚ ਬਕਾਇਦਾ ਖੁੱਦ ਕੰਬਾਈਨ ਚਲਾ ਕੇ ਨੁਕਸਾਨੇ ਝੋਨੇ ਦੀ ਭੌਤਿਕ ਪੜਤਾਲ ਕੀਤੀ ਤੇ ਜਾਇਜ਼ਾ ਲਿਆ। ਜਦੋਂਕਿ ਉਨ੍ਹਾਂ ਨੇ ਹੜ੍ਹ ਪੀੜਤ ਕਿਸਾਨਾਂ ਸਮੇਤ ਹੋਰਨਾਂ ਵਰਗਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ਤੇ ਹੱਲ ਕੀਤੀਆਂ।ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹੜਾਂ ਕਾਰਣ ਨੁਕਸਾਨੀਆਂ ਗਈਆਂ ਫਸਲਾਂ ਦਾ ਨਿਰਧਾਰਿਤ ਸਮੇਂ ਵਿੱਚ ਮੁਆਵਜਾ ਦੇਣ ਲਈ ਵਿਧਾਨ ਸਭਾ ਹਲਕਾ ਅਜਨਾਲਾ ਦੇ ਹੜਾਂ ਦੀ ਮਾਰ ਦੇ ਝੰਭੇ 100 ਪਿੰਡਾਂ ਸਮੇਤ ਸੂਬੇ ਭਰ ਦੇ 2400 ਦੇ ਕਰੀਬ ਪਿੰਡਾਂ ‘ਚ 13 ਸਤੰਬਰ ਤੋਂ ਬਕਾਇਦਾ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਨ ਲਈ ਪ੍ਰਭਾਵਿਤ ਪਿੰਡਾਂ ‘ਚ ਮਾਲ ਪਟਵਾਰੀ ਆਪਣੀ ਸਰਕਾਰੀ ਡਿਊਟੀ ‘ਚ ਰੁੱਝ ਗਏ ਹਨ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਤਾਇਨਾਤ ਮਾਲ ਵਿਭਾਗ ਦੇ ਪਟਵਾਰੀ 75 ਫੀਸਦੀ ਤੋਂ ਵੱਧ ਫਸਲਾਂ ਦੇ ਨੁਕਸਾਨ ਵਾਲੇ ਪਿੰਡਾਂ ‘ਚ 7 ਦਿਨਾਂ ‘ਚ ਗਿਰਦਾਵਰੀ ਅਤੇ 75 ਫੀਸਦੀ ਤੋਂ ਘੱਟ ਵਾਲੇ ਪਿੰਡਾਂ ‘ਚ 14 ਦਿਨਾਂ ‘ਚ ਗਿਰਦਾਵਰੀ ਦੀਆਂ ਮੁਆਵਜੇ ਲਈ ਰਿਪੋਰਟਾਂ ਤਿਆਰ ਕਰਨਗੇ।
ਰਿਪੋਰਟਾਂ ‘ਚ ਕਿਸੇ ਕਿਸਮ ਦੀ ਕੋਤਾਹੀ ਬਰਦਾਸ਼ਤ ਨਹੀਂ ਹੋਵੇਗੀ। ਪਟਵਾਰੀਆਂ ਕੋਲੋਂ ਨਿਸ਼ਚਿਤ ਸਮੇਂ ‘ਚ ਗਿਰਦਾਵਰੀ ਰਿਪੋਰਟਾਂ ਹਾਸਲ ਹੁੰਦਿਆਂ ਹੀ ਕਾਨੂੰਨਗੋ ਹਰ ਰੋਜ਼ 25 ਪਿੰਡਾਂ ਦਾ ਦੌਰਾ ਕਰਕੇ ਰਿਪੋਰਟਾਂ ਠੀਕ ਜਾਂ ਗਲਤ ਹੋਣ ਸੰਬੰਧੀ ਤਸਦੀਕ ਕਰਨਗੇ। ਜਦੋਂਕਿ ਤਹਿਸੀਲਦਾਰ, ਐਸਡੀਐਮ ਤੇ ਜ਼ਿਲਾ੍ਹ ਡਿਪਟੀ ਕਮਿਸ਼ਨਰ ਵੀ ਆਪਣੇ ਪੱਧਰ ‘ਤੇ ਰਿਪੋਰਟਾਂ ਦੀ ਪੜਤਾਲ ਕਰਕੇ ਨਿਗਰਾਨ ਵਜੋਂ ਭੂਮਿਕਾ ਨਿਭਾਉਣਗੇ। ਗਿਰਦਾਵਰੀ ਲਈ ਹਲਕਾ ਅਜਨਾਲਾ ਦੇ ਪ੍ਰਭਾਵਿਤ ਪਿੰਡਾਂ ‘ਚ 25 ਮਾਲ ਪਟਵਾਰੀਆਂ ਸਣੇ ਜ਼ਿਲੇ੍ਹ ‘ਚ 196 ਪਟਵਾਰੀ ਤਾਇਨਾਤ ਕੀਤੇ ਗਏ ਹਨ।ਸ. ਧਾਲੀਵਾਲ ਨੇ ਅੱਗੇ ਕਿਹਾ ਕਿ ਹੜ੍ਹਾਂ ਦੇ ਪਾਣੀ ਦੀ ਗਾਰ , ਰੇਤ ਤੇ ਹੋਰ ਸਫਾਈ ਸਮੱਸਿਆਵਾਂ ‘ਚ ਘਿਰੇ ਹਲਕਾ ਅਜਨਾਲਾ ਦੇ 100 ਪਿੰਡਾਂ ਅਤੇ ਪੰਜਾਬ ਭਰ ਦੇ 2400 ਦੇ ਕਰੀਬ ਪਿੰਡਾਂ ‘ਚ ਪ੍ਰਸ਼ਾਸ਼ਨ ਨੂੰ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਰਗਰਮ ਸਹਿਯੋਗ ਹਾਸਲ ਹੈ, ਕਿਉਂਕਿ ਐਵਰਸਟ ਦੀ ਚੋਟੀ ਤੇ ਚੜਣ ਨਾਲੋਂ ਵੀ ਮੁਸ਼ਕਿਲ ਸਾਫ ਸਫਾਈ ਦਾ ਕੰਮ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹੀ 10 ਦਿਨ੍ਹਾਂ ‘ਚ ਨੇਪਰੇ ਚਾੜਣ ਲਈ ਸਰਕਾਰ ਵਚਣਬੱਧ ਹੈ।ਉਨ੍ਹਾਂ ਦੱਸਿਆ ਕਿ ਅਜਨਾਲਾ ਹਲਕੇ ‘ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਦੀ ਸਮਾਜ ਸੇਵੀ ਸੰਸਥਾ ‘ਸੰਨ ਫਾਊਂਡੇਸ਼ਨ’ ਤੇ ਵਰਡ ਪੰਜਾਬੀ ਆਰਗਨਾਈਜੇਸ਼ਨ ਵਲੋਂ 50 ਟਰੈਕਟਰ , 10 ਜੇਸੀਬੀ ਮਸ਼ੀਨਾਂ ਨਾਲ ਗਾਰ , ਰੇਤ ਕੱਚਰਾ, ਦੀ ਸਾਫ ਸਫਾਈ ਲਈ ਮੁਹੱਈਆ ਕਰਵਾਈਆਂ ਹਨ । ਸ. ਧਾਲੀਵਾਲ ਨੇ ਕਿਹਾ ਕਿ ਹਲਕੇ ‘ਚ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ‘ਚ ਅਜੇ ਤੱਕ ਕਿਸੇ ਵਿਸ਼ੇਸ਼ ਬਿਮਾਰੀ ਦੀ ਮਹਾਂਮਾਰੀ ਦੀ ਸੂਚਨਾ ਨਹੀਂ ਹੈ, ਪਰ ਫਿਰ ਵੀ ਅੱਖਾਂ, ਚਮੜੀ ਦੇ ਰੋਗ ਫੈਲਣ ਦੀਆਂ ਮੁਢਲੀਆਂ ਸੂਚਨਾਵਾਂ ਹਨ ਅਤੇ ਜ਼ਿਲਾ੍ਹ ਸਿਹਤ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਪ੍ਰਭਾਵਿਤ ਪਿੰਡਾਂ ‘ਚ 1 ਲੱਖ ਦੇ ਕਰੀਬ ਲੋਕਾਂ ਦੇ ਸਰਵੇਖਣ ‘ਚੋਂ 3 ਹਜਾਰ ਦੇ ਕਰੀਬ ਲੋਕ ਅੱਖਾਂ ਤੇ ਚਮੜੀ ਦੇ ਰੋਗ ਤੋਂ ਪ੍ਰਭਾਵਿਤ ਪਾਏ ਗਏ ਹਨ।