ਰਾਵੀ ਦਰਿਆ 'ਚ ਪਿਆ ਪਾੜ, ਹੁਣ ਅਜਨਾਲਾ 'ਚ ਆਇਆ ਹੜ੍ਹ- ਪੜ੍ਹੋ ਤਾਜ਼ਾ ਹਾਲ?
ਅਜਨਾਲਾ, 11 ਸਤੰਬਰ 2025-ਰਾਵੀ ਦਰਿਆ ਦਾ ਧੁਸੀ ਬੰਨ, ਜਿਸਦੇ ਟੁੱਟਣ ਕਾਰਨ ਅਜਨਾਲਾ ਇਲਾਕੇ ਵਿੱਚ ਹੜ ਆਏ ਹਨ, ਦੇ ਪਾੜ ਭਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕੀਤਾ ਗਿਆ ਹੈ। ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ, ਰਾਵੀ ਦਰਿਆ ਵਿੱਚ ਆਏ ਭਿਆਨਕ ਹੜ੍ਹ ਕਾਰਨ ਧੁੱਸੀ ਬੰਨ੍ਹ ਵਿੱਚ ਲਗਭਗ 500 ਮੀਟਰ ਦੀ ਵੱਡੀ ਦਰਾਰ ਪੈ ਗਈ, ਜਿਸ ਕਾਰਨ ਪਾਣੀ ਅਜਨਾਲਾ ਵਿੱਚ ਦਾਖਲ ਹੋ ਗਿਆ। ਉਸ ਦਰਾਰ ਨੂੰ ਭਰਨ ਲਈ ਸਾਡੇ ਬਹੁਤ ਹੀ ਇਤਿਹਾਸਕ ਗੁਰੂ ਘਰ, ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜੀ ਸਤਨਾਮ ਸਿੰਘ ਜੀ ਨੇ ਉੱਥੇ ਕਾਰ ਸੇਵਾ ਸ਼ੁਰੂ ਕੀਤੀ ਹੈ। ਮੈਂ ਅਤੇ ਮੇਰਾ ਬੇਟਾ ਵੀ ਰੋਜ਼ ਆਪਣੇ ਸਾਥੀਆਂ ਨਾਲ ਉੱਥੇ ਸੇਵਾ ਕਰਦੇ ਹਾਂ। ਅਸੀਂ ਰੋਜ਼ ਸੇਵਾ ਕਰਾਂਗੇ, ਜਦੋਂ ਤੱਕ ਉੱਥੇ ਬੰਨ੍ਹ ਬੰਨ੍ਹਿਆ ਨਹੀਂ ਜਾਂਦਾ। ਆਓ, ਅਸੀਂ ਸਾਰੇ ਰਾਜਨੀਤੀ ਤੋਂ ਉੱਪਰ ਉੱਠ ਕੇ ਪਹਿਲਾਂ ਪੰਜਾਬ ਦੇ ਪੁੱਤਰ ਬਣੀਏ ਅਤੇ ਪੰਜਾਬ ਨੂੰ ਬਚਾਈਏ।
ਵੀਡੀਉ ਦੇਖਣ ਲਈ ਕਲਿੱਕ ਕਰੋ
https://youtube.com/shorts/eNBmFzexE04?si=dJMIDJI7Zqn5ORZg
ਦੱਸ ਦਈਏ ਕਿ ਅੱਜ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਜੋ ਕਿ ਲਗਾਤਾਰ ਰਾਹਤ ਦੇ ਕੰਮ ਦੇਖ ਰਹੇ ਹਨ ਵੱਲੋਂ ਇਹ ਪਾੜ ਭਰਨ ਦੇ ਚੱਲ ਰਹੇ ਕੰਮਾਂ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮੁਢਲੀਆਂ ਰਿਪੋਰਟਾਂ ਵਿੱਚ ਦਸ ਥਾਵਾਂ ਤੋਂ ਇਹ ਬਣ ਟੁੱਟਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ, ਪਰ ਜਿਉਂ ਜਿਉਂ ਪਾਣੀ ਦਾ ਪੱਧਰ ਘਟਣ ਕਾਰਨ ਵਿਭਾਗ ਦੀ ਪਹੁੰਚ ਦਰਿਆ ਤੱਕ ਹੋਈ ਹੈ ਤਾਂ ਇਹ ਪਤਾ ਲੱਗਾ ਹੈ ਕਿ ਰਾਵੀ ਦਰਿਆ 20 ਤੋਂ ਵੱਧ ਸਥਾਨਾਂ ਤੋਂ ਬੰਨ ਤੋੜ ਕੇ ਇਲਾਕੇ ਵਿੱਚ ਪ੍ਰਵੇਸ਼ ਕਰ ਗਿਆ ਸੀ। ਉਹਨਾਂ ਦੱਸਿਆ ਕਿ ਹੁਣ ਪਾਣੀ ਦਾ ਪੱਧਰ ਘੱਟ ਜਾਣ ਕਾਰਨ ਅਸੀਂ ਉਹਨਾਂ ਥਾਵਾਂ ਤੱਕ ਰਸਤੇ ਬਣਾ ਕੇ ਇਹ ਪਾੜ ਭਰਨ ਦਾ ਕੰਮ ਸ਼ੁਰੂ ਕੀਤਾ ਹੈ, ਜਿਸ ਵਿੱਚ ਸਾਡਾ ਸਾਥ ਕਾਰ ਸੇਵਾ ਵਾਲੇ ਮਹਾਂਪੁਰਖ, ਫੌਜ ਦੇ ਜਵਾਨ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਰਹੀਆਂ ਹਨ।