ਛਾਉਣੀ ਨਿਹੰਗ ਸਿੰਘਾਂ ਬੁੱਢਾ ਜੋਹੜ ਰਾਜਸਥਾਨ ਵਿਖੇ ਬੁੱਢਾ ਦਲ ਵਲੋਂ ਸਾਲਾਨਾ ਜੋੜ
ਮੇਲਾ ਮਨਾਇਆ ਗਿਆ ਬਾਬਾ ਸੁੱਖਾ ਸਿੰਘ ਅਤੇ ਬਾਬਾ ਮਹਿਤਾਬ ਸਿੰਘ ਨੇ ਮੱਸਾ ਰੰਘੜ ਦਾ ਸਿਰ ਵੱਢ ਕੇ ਪੰਥ ਦੀ ਆਨ, ਬਾਨ, ਸ਼ਾਨ ਅਤੇ ਮਹਾਨ ਪਰੰਪਰਾ ਨੂੰ ਕਾਇਮ ਰੱਖਿਆ- ਬਾਬਾ ਬਲਬੀਰ ਸਿੰਘ 96 ਕਰੋੜੀ
ਅੰਮ੍ਰਿਤਸਰ, 10 ਸਤੰਬਰ 2025- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ, ਬੁੱਢਾ ਜੋਹੜ ਛਾਉਣੀ ਨਿਹੰਗ ਸਿੰਘਾਂ ਰਾਜਸਥਾਨ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਧਾਰਮਿਕ ਦੀਵਾਨ ਵਿਚ ਭਾਈ ਸ਼ੁੱਭਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਗੁਰਬਾਣੀ ਦਾ ਮਨੋਹਰ ਤੇ ਰਸਭਿੰਨਾ ਕੀਰਤਨ ਕੀਤਾ ਅਤੇ ਪੰਥ ਪ੍ਰਸਿੱਧ ਕਥਾਵਾਚਕਾਂ ਨੇ ਗੁਰਬਾਣੀ ਤੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਆਖਿਆ ਕਿ ਪੰਥ ਦੀ ਸਿਰਮੌਰ ਜਥੇਬੰਦੀ ਬੁੱਢਾ ਦਲ ਨੇ ਖਾਲਸਾ ਪੰਥ ਦੇ ਬੋਲਬਾਲਿਆਂ ਨੂੰ ਕਾਇਮ ਰੱਖਣ ਵਿਚ ਸੁਨਹਿਰੀ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੀ ਰਵਾਇਤ ਹੈ ਕਿ ਸ਼ਰਨ ਆਏ ਨੂੰ ਦੇਗ ਪੱਕੀ ਤੇ ਚੜ੍ਹ ਕੇ ਆਏ ਨੂੰ ਤੇਗ ਪੱਕੀ। ਬੁੱਢਾ ਦਲ ਨੇ ਅਥਾਹ ਕੁਰਬਾਨੀਆਂ ਦੇ ਨਾਲ ਪੰਥ ਦੀ ਇਸ ਰਵਾਇਤ ਨੂੰ ਕਾਇਮ ਰੱਖਿਆ।
ਉਨ੍ਹਾਂ ਕਿਹਾ ਕਿ ਜਿੱਥੇ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸ਼ਰਨ ਆਏ ਮਾਪਿਆਂ ਦੀ ਫਰਿਆਦ ‘ਤੇ ਅਹਿਮਦ ਸ਼ਾਹ ਅਬਦਾਲੀ ਦੇ ਚੁੰਗਲ ਵਿਚੋਂ 2200 ਹਿੰਦੋਸਤਾਨੀ ਬਹੂ, ਬੇਟੀਆਂ ਨੂੰ ਛੁਡਾ ਕੇ ਇਤਿਹਾਸ ਰਚਿਆ, ਉੱਥੇ ਬਾਬਾ ਸੁੱਖਾ ਸਿੰਘ ਅਤੇ ਬਾਬਾ ਮਹਿਤਾਬ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਦਾ ਸਿਰ ਵੱਢ ਕੇ ਪੰਥ ਦੀ ਆਨ, ਬਾਨ, ਸ਼ਾਨ ਅਤੇ ਮਹਾਨ ਪਰੰਪਰਾ ਨੂੰ ਕਾਇਮ ਰੱਖਿਆ ਸੀ। ਇਸ ਮੌਕੇ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਨੇ ਵੀ ਗੁਰਬਾਣੀ ਕੀਰਤਨ ਅਤੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਬੁੱਢਾ ਦਲ ਦੇ ਕਥਾਵਾਚਕ ਗਿਆਨੀ ਸੁਖਜੀਤ ਸਿੰਘ ਘਨੱਈਆ ਨੇ ਵੀ ਬੁੱਢਾ ਦਲ ਦੇ ਇਤਿਹਾਸ ਅਤੇ ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਦੁਆਰਾ ਮੱਸਾ ਰੰਘੜ ਦਾ ਸਿਰ ਵੱਢਣ ਦੇ ਸਾਕੇ ਬਾਰੇ ਸੰਗਤ ਨਾਲ ਸਾਂਝ ਪਾਈ। ਇਸ ਮੌਕੇ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਸ਼੍ਰੋਮਣੀ ਕਮੇਟੀ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਬਾਬਾ ਸ਼ਿੰਦਾ ਸਿੰਘ, ਬਾਬਾ ਹਰਜੀਤ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਜੱਗਾ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਗੁਰਸ਼ੇਰ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਸ਼ੇਰ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ ਅਤੇ ਹੋਰ ਅਨੇਕਾਂ ਪ੍ਰਮੁਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਸਿੰਘ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਪੁਜੀਆਂ ਮਾਨਯੋਗ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ।