ਮੋਦੀ ਪੰਜਾਬ ਨਾਲ ਕਰ ਗਏ ਧੋਖਾ! ਮੰਤਰੀ ਖੁੱਡੀਆਂ ਅਤੇ ਮੁੰਡੀਆਂ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ
ਪ੍ਰਧਾਨ ਮੰਤਰੀ ਵਲੋਂ ਪੰਜਾਬ ਲਈ 1600 ਕਰੋੜ ਜਾਰੀ ਕਰਨ ਤੇ ਨਾਖੁਸ਼ ਦਿਖੇ ਪੰਜਾਬ ਦੇ ਮੰਤਰੀ
ਕਹਿੰਦੇ ਪੰਜਾਬ ਨਾਲ ਕੇਂਦਰ ਨੇ ਕੀਤਾ ਧੋਖਾ
ਰੋਹਿਤ ਗੁਪਤਾ
ਗੁਰਦਾਸਪੁਰ 9 ਸਤੰਬਰ 2025- ਪ੍ਰਧਾਨ ਮੰਤਰੀ ਨਰੇੰਦਰ ਮੋਦੀ ਵੱਲੋਂ ਹੜ ਪੀੜਤ ਇਲਾਕਿਆਂ ਦੇ ਦੌਰੇ ਤੋਂ ਬਾਅਦ ਪੰਜਾਬ ਲਈ 1600 ਕਰੋੜ ਰੁਪਏ ਦਾ ਰਾਹਤ ਪੈਕਜ ਘੋਸ਼ਿਤ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ , ਕਿਸਾਨਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵਿਸ਼ੇਸ਼ ਬੈਠਕ ਹੋਈ ਜਿਸ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦੇ ਦੇ ਤੌਰ ਤੇ ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਮੁੰਡੀਆ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡੀਆ ਵੀ ਮੌਜੂਦ ਸਨ।
ਦੋਵੇਂ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਘੋਸ਼ਿਤ ਕੀਤੇ ਗਏ ਪੈਕਜ ਤੋਂ ਨਾਖ਼ੁਸ਼ ਨਜ਼ਰ ਆਏ ਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਪੰਜਾਬੀਅਤ ਦਾ ਅਪਮਾਨ ਕੀਤਾ ਹੈ। ਕਿਉਂਕਿ 60 ਹਜਾਰ ਕਰੋੜ ਰੁਪਏ ਕੇਂਦਰ ਨੇ ਪੰਜਾਬ ਦੇ ਪਹਿਲਾਂ ਹੀ ਦੇਣੇ ਹੈ ਉਹ ਪੈਸੇ ਹੀ ਦੇ ਦਿੰਦੇ ਤਾਂ ਕਿਸਾਨਾਂ ਨੂੰ ਉਹਨਾਂ ਦੇ ਖਰਾਬੇ ਦਾ ਮੁਆਵਜ਼ਾ ਦਿੱਤਾ ਜਾ ਸਕਦਾ ਸੀ ਪਰ 1600 ਕਰੋੜ ਰੁਪਆ ਬਹੁਤ ਘੱਟ ਰਾਸ਼ੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਜਾਕ ਕੀਤਾ ਗਿਆ ਹੈ।
ਦੂਜੇ ਪਾਸੇ ਮੀਟਿੰਗ ਤੋਂ ਬਾਅਦ ਬਾਹਰ ਨਿਕਲੇ ਕਿਸਾਨ ਆਗੂ ਇਸ ਮੀਟਿੰਗ ਤੋਂ ਖੁਸ਼ ਨਜ਼ਰ ਆਏ। ਵੱਖ-ਵੱਖ ਇਲਾਕਿਆਂ ਤੋਂ ਮੀਟਿੰਗ ਵਿੱਚ ਪਹੁੰਚੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਗੱਲ ਬੜੇ ਤਰੀਕੇ ਨਾਲ ਅਤੇ ਚੰਗੇ ਢੰਗ ਨਾਲ ਸੁਣੀ ਹੈ। ਉਹਨਾਂ ਨੂੰ ਫਸਲਾਂ ਦੇ ਖਰਾਬੇ, ਧੁੱਸੀਂ ਬੰਨਾ ਦੇ ਕਮਜ਼ੋਰ ਹੋਣ ਕਾਰਨ ਹਰ ਸਾਲ ਹੋਣ ਵਾਲੇ ਨੁਕਸਾਨ ਅਤੇ ਘਰਾਂ ਤੇ ਡੰਗਰਾਂ ਦੇ ਨੁਕਸਾਨ ਬਾਰੇ ਵੀ ਗੱਲ ਕੀਤੀ ਗਈ ਹੈ। ਉਹ ਇਸ ਬੈਠਕ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨੇ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕਾ ਨਹੀਂ ਕਰੇਗੀ।