ਕੇਂਦਰ ਅਤੇ ਸੂਬਾ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਮਜ਼ਦੂਰਾਂ ਲਈ ਕੱਖ ਨਹੀਂ ਕੀਤਾ: ਜਗਜੀਤ ਛੜਬੜ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਸਤੰਬਰ 2025: ਪੰਜਾਬ 'ਚ ਆਏ ਹੜ੍ਹਾਂ ਨੂੰ ਲੈ ਕੇ ਸਰਕਾਰ ਵਲੋਂ ਹੜ੍ਹ ਪੀੜਤਾਂ ਲਈ ਸਰਕਾਰ ਵਲੋਂ ਕੀਤੇ ਐਲਾਨ ਦੌਰਾਨ ਮਜ਼ਦੂਰ ਵਰਗ ਨੂੰ ਨਜਰ ਅੰਦਾਜ ਕਰਨ ਸਬੰਧੀ ਬਸਪਾ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਹੜ੍ਹ ਪੀੜਤਾਂ ਲਈ ਰੇਤ ਨੀਤੀ, 20 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ, 6 ਮਹੀਨੇ ਤੱਕ ਲੋਨ ਦੀਆਂ ਕਿਸ਼ਤਾਂ ਲਈ ਰਾਹਤ ਦੇਣਾ ਆਦਿ ਐਲਾਨ ਕੀਤੇ ਗਏ। ਪ੍ਰੰਤੂ ਇਨ੍ਹਾਂ ਐਲਾਨਾਂ ਦੌਰਾਨ ਮਜਦੂਰ ਵਰਗ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ । ਇਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਮਜ਼ਦੂਰ ਅਤੇ ਗਰੀਬ ਵਰਗ ਲਈ ਕੋਈ ਰਾਹਤ ਨਹੀਂ ਦਿੱਤੀ ਗਈ , ਜਿਸ ਨਾਲ ਮਜਦੂਰ ਵਰਗ ਅਤੇ ਐਸ.ਸੀ. ਭਾਈਚਾਰੇ ਦੇ ਲੋਕਾਂ 'ਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਪਏ ਮੀਂਹਾਂ ਅਤੇ ਹੜ੍ਹਾਂ ਕਾਰਨ ਗਰੀਬ ਮਜਦੂਰ ਲੋਕਾਂ ਦੇ ਘਰ ਢਹਿ ਗਏ ਅਤੇ ਮਜਦੂਰ ਆਪਣੇ ਘਰਾਂ 'ਚ ਵਿਹਲੇ ਬੈਠੇ ਹਨ, ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਜਦਕਿ ਲੋਨ ਦੀਆਂ ਕਿਸ਼ਤਾਂ ਵਾਲੇ ਮਜਦੂਰਾਂ ਦੇ ਘਰਾਂ 'ਚ ਗੇੜੇ ਮਾਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਜਦੂਰਾਂ ਨੂੰ ਕੰਮ ਨਾ ਮਿਲਣ ਕਾਰਨ ਉਨ੍ਹਾਂ ਦੇ ਘਰਾਂ ਦੇ ਖਰਚੇ ਚੱਲਣੇ ਔਖ ਹੋ ਗਏ ਹਨ ਅਤੇ ਬੱਚਿਆਂ ਨੂੰ ਪੜ੍ਹਾਉਣਾ ਔਖਾ ਹੋਇਆ ਪਿਆ ਹੈ। ਸ. ਛੜਬੜ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਦੇਸ਼ ਦੀ ਸਰਕਾਰ ਨੂੰ ਮਜਦੂਰ ਵਰਗ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਹੈ ਅਤੇ ਮਜ਼ਦੂਰਾਂ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਇਨ੍ਹਾਂ ਲੋਕਾਂ ਨੂੰ ਰਾਹਤ ਦੇਣ ਲਈ ਐਲਾਨ ਕਰਨਾ ਚਾਹੀਦਾ ਹੈ।