ਸਿੱਧੂਪੁਰ ਯੂਨੀਅਨ ਨੇ ਹੜ੍ਹਾਂ ਬਾਬਤ SDM ਨੂੰ ਮੰਗ ਪੱਤਰ ਸੌਂਪਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਸਤੰਬਰ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇਕ ਮੀਟਿੰਗ ਜਿ਼ਲ੍ਹਾ ਮੋਹਾਲੀ ਦੇ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਹੋਈ। ਇਸ ਵਿੱਚ ਇੱਕ ਲਾਲੜੂ ਅਤੇ ਹੰਡੇਸਰਾ ਖੇਤਰ ਵਿੱਚ ਆਏ ਹੜ੍ਹਾਂ ਦੇ ਪਾਣੀ ਨੇ ਕੀਤੇ ਨੁਕਸਾਨ ਬਾਰੇ ਇੱਕ ਮੰਗ ਪੱਤਰ ਐਸਡੀਐਮ ਡੇਰਾਬੱਸੀ ਨੂੰ ਸੌਂਪਿਆ ਗਿਆ। ਜਸਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਲਾਲੜੂ ਖੇਤਰ ਨਾਲ ਲੱਗਦੇ ਪਿੰਡ ਟਿਵਾਣਾ, ਖਜ਼ੂਰ ਮੰਡੀ, ਸਰਸੀਣੀ, ਸਾਧਾਂਪੁਰ, ਡੰਗਡਹਿਰਾ 'ਚ ਫਸਲਾਂ ਦਾ , ਜ਼ਮੀਨ ਦਾ ਅਤੇ ਮਕਾਨਾਂ ਦਾ ਜੋ ਨੁਕਸਾਨ ਹੋਇਆ ਹੈ , ਉਸ ਦੀ ਭਰਪਾਈ ਸੂਬਾ ਸਰਕਾਰ ਜਲਦੀ ਕਰੇ। ਉਨ੍ਹਾਂ ਮੰਗ ਕੀਤੀ ਕਿ ਪਿੰਡ ਬਟੌਲੀ ਦੇ ਇੱਕ ਕਿਸਾਨ ਦੀ ਘਰ ਦੀ ਛੱਤ ਡਿੱਗਣ ਨਾਲ ਮੌਤ ਹੋ ਗਈ ਸੀ ਅਤੇ ਕਈ ਪਸ਼ੂ ਮਰ ਗਏ ਸਨ, ਜਿਨ੍ਹਾਂ ਦੇ ਮੁਆਵਜ਼ਾ ਦਿੱਤਾ ਜਾਵੇ।
ਘੱਗਰ ਦਾ ਬੰਨ੍ਹ ਡੈਹਰ ਤੋਂ ਲੈ ਕੇ ਖਜ਼ੂਰ ਮੰਡੀ ਤੱਕ ਪੱਥਰਾਂ ਨਾਲ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਜੋ ਰੋਡ ਅੰਬਾਲੇ ਤੋਂ ਚੰਡੀਗੜ੍ਹ ਤੱਕ ਬਣਾਇਆ ਜਾ ਰਿਹਾ ਹੈ, ਉਸ ਦੇ ਵਿੱਚੋਂ ਦੀ ਬਰਸਾਤੀ ਪਾਣੀ ਦੀ ਨਿਕਾਸੀ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਜੋ 2023 ਵਿੱਚ ਪਾਣੀ ਦਾ ਆਰਜੀ ਬੰਨ੍ਹ ਬਣਾਇਆ ਸੀ ਉਹ ਟੁੱਟ ਗਿਆ ਹੈ, ਉਸ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਅਤੇ ਬਲਾਕ ਡੇਰਾਬੱਸੀ ਦੇ ਵਿੱਚ ਝੋਨੇ ਦੇ ਵਿੱਚ ਆਏ ਵਾਇਰਸ ਕਾਰਨ ਬੂਟਾ ਛੋਟਾ ਵੱਡਾ ਹੋ ਕੇ ਖਤਮ ਹੋ ਗਿਆ ਹੈ, ਜਿਸ ਦੀ ਸਰਕਾਰ ਵੱਲੋਂ ਪਹਿਲ ਦੇ ਅਧਾਰ ਉੱਤੇ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪਿੰਡ ਪੰਡਵਾਲਾ ਵਿਖੇ ਪਿਛਲੇ ਸਮੇਂ ਨਦੀ ਵਿੱਚ ਆਇਆ ਵਾਧੂ ਪਾਣੀ ਕਾਰਨ ਕੰਢਿਆਂ 'ਤੇ ਖੋਰਾ ਲੱਗਿਆ ਹੋਇਆ, ਉਸ 'ਤੇ ਪੱਥਰ ਦਾ ਕੰਢਾ ਬੰਨ੍ਹ ਕੇ ਉਸ 'ਤੇ ਮੁਕੰਮਲ ਕੰਮ ਕੀਤਾ ਜਾਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਨਵੀਨਰ ਡੇਰਾਬੱਸੀ ਜਸਪਾਲ ਸਿੰਘ, ਪ੍ਰੇਮ ਸਿੰਘ, ਸੁਭਾਸ਼ ਰਾਣਾ, ਮਨਜੀਤ ਸਿੰਘ, ਜਸਵੰਤ ਆਲਮਗੀਰ, ਹਰਵਿੰਦਰ ਟੋਨੀ, ਤਜਿੰਦਰ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ ਆਦਿ ਵੀ ਹਾਜ਼ਰ ਸਨ।