Mohali News: ਸਕੂਲਾਂ ਨੂੰ ਸਾਫ-ਸਫਾਈ ਬਾਅਦ 9 ਸਤੰਬਰ ਤੋਂ ਖੋਲ੍ਹਣ ਦੇ ਆਦੇਸ਼
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਸਤੰਬਰ 2025- ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਹਾਲ ਹੀ ਵਿੱਚ ਆਏ ਹੜ੍ਹ ਕਾਰਨ 27 ਅਗਸਤ ਤੋਂ ਸਕੂਲ ਬੰਦ ਸਨ। ਹੁਣ ਸਥਿਤੀ ਵਿੱਚ ਸੁਧਾਰ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ 8 ਸਤੰਬਰ ਤੋਂ ਅਧਿਆਪਕ ਅਤੇ ਸਟਾਫ ਨੂੰ ਸਕੂਲਾਂ ਵਿੱਚ ਬੁਲਾਕੇ ਸਫ਼ਾਈ, ਫੋਗਿੰਗ ਅਤੇ ਹੋਰ ਜ਼ਰੂਰੀ ਕਾਰਜ ਮੁਕੰਮਲ ਕਰਵਾਏ ਜਾਣ। ਇਸ ਕੰਮ ਲਈ ਸਕੂਲਾਂ ਨੂੰ ਸਥਾਨਕ ਸਰਕਾਰ ਸੰਸਥਾਵਾਂ (ਨਗਰ ਕੌਂਸਲਾਂ) ਅਤੇ ਪੰਚਾਇਤਾਂ ਦਾ ਸਹਿਯੋਗ ਲੈਣ ਲਈ ਕਿਹਾ ਗਿਆ ਹੈ।
ਸਕੂਲ ਮੁੱਖੀਆਂ ਨੂੰ ਆਪਣੀਆਂ ਇਮਾਰਤਾਂ ਦਾ ਨਿਰੀਖਣ ਕਰਕੇ, ਜੇਕਰ ਕਿਸੇ ਢਾਂਚੇ ਨੂੰ ਅਸੁਰੱਖਿਅਤ ਪਾਇਆ ਜਾਵੇ ਤਾਂ ਉਸ ਬਾਰੇ, ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਸਬੰਧਤ ਵਿਭਾਗ ਵੱਲੋਂ ਸਟਰਕਚਰਲ ਸੇਫ਼ਟੀ ਇੰਸਪੈਕਸ਼ਨ ਕਰਵਾਇਆ ਜਾ ਸਕੇ। ਜਿਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਠੀਕ ਪਾਈਆਂ ਜਾਣਗੀਆਂ, ਉਨ੍ਹਾਂ ਵਿੱਚ 9 ਸਤੰਬਰ ਤੋਂ ਕਲਾਸਾਂ ਆਮ ਦੀ ਤਰ੍ਹਾਂ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।