ਭਗਵੰਤ ਮਾਨ ਸਰਕਾਰ ਪੰਜਾਬ ਦੇ ਹੜ੍ਹਾਂ ਲਈ ਦੋਸ਼ੀ, ਬੀਬੀਐਮਬੀ ਬੇਕਸੂਰ– ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ
ਲੁਧਿਆਣਾ, 3 ਸਤੰਬਰ 2025: ਭਾਜਪਾ ਦੇ ਰਾਸ਼ਟਰੀ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੂੰ ਰਾਜ ਵਿੱਚ ਆਈ ਤਬਾਹੀਕੁਨ ਹੜ੍ਹਾਂ ਦਾ ਸਿੱਧਾ ਜ਼ਿੰਮੇਵਾਰ ਕਰਾਰ ਦਿੱਤਾ ਹੈ।
ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਅਤੇ ਭਾਰਤ ਸਰਕਾਰ ਖ਼ਿਲਾਫ਼ ਫੈਲਾਇਆ ਗਿਆ ਝੂਠਾ ਪ੍ਰਚਾਰ ਪੂਰੀ ਤਰ੍ਹਾਂ ਢਹਿ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੀਬੀਐਮਬੀ ਨੇ ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਅਤੇ ਵਿਗਿਆਨਕ ਸਲਾਹ ਦੇ ਅਧਾਰ ‘ਤੇ ਅਪ੍ਰੈਲ ਮਹੀਨੇ ਵਿੱਚ ਹੀ ਭਾਖੜਾ ਡੈਮ ਤੋਂ ਪਾਣੀ ਛੱਡਣ ਦੀ ਸਿਫ਼ਾਰਸ਼ ਕੀਤੀ ਸੀ, ਤਾਂ ਜੋ ਹੜ੍ਹਾਂ ਤੋਂ ਬਚਿਆ ਜਾ ਸਕੇ। ਪਰ ਪੰਜਾਬ ਸਰਕਾਰ ਨੇ ਇਸ ਸਲਾਹ ਦਾ ਨਾ ਸਿਰਫ਼ ਵਿਰੋਧ ਕੀਤਾ ਸਗੋਂ ਪੁਲਿਸ ਫ਼ੌਜ ਦੇ ਨਾਲ ਡੈਮ ‘ਤੇ ਕਬਜ਼ਾ ਕਰਕੇ ਪਾਣੀ ਛੱਡਣ ਤੋਂ ਰੋਕ ਦਿੱਤਾ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਇਹ ਲਾਪਰਵਾਹ ਤੇ ਬੇਸੂਝ ਫ਼ੈਸਲਾ, ਸਿਰਫ਼ ਹਰਿਆਣਾ ਅਤੇ ਰਾਜਸਥਾਨ ਵਿੱਚ ਪਾਣੀ ਜਾਣ ਤੋਂ ਰੋਕਣ ਲਈ ਲਿਆ ਗਿਆ ਸੀ, ਜਿਸ ਦਾ ਨਤੀਜਾ ਅੱਜ ਪੰਜਾਬ ਦੇ ਡੁੱਬਣ, ਫ਼ਸਲਾਂ ਦੇ ਬਰਬਾਦ ਹੋਣ, ਘਰਾਂ ਦੇ ਬਹਿ ਜਾਣ ਅਤੇ ਲੋਕਾਂ ਦੇ ਨਿਰਾਸ਼ਾ ਵਿੱਚ ਡੁੱਬਣ ਦੇ ਰੂਪ ਵਿੱਚ ਸਾਹਮਣੇ ਆਇਆ ਹੈ।
ਗਰੇਵਾਲ ਨੇ ਦੱਸਿਆ ਕਿ ਟਾਈਮਜ਼ ਆਫ਼ ਇੰਡੀਆ ਪਹਿਲਾਂ ਹੀ ਸੱਚਾਈ ਸਾਹਮਣੇ ਲਿਆ ਚੁੱਕਾ ਹੈ ਕਿ ਬੀਬੀਐਮਬੀ ਪਾਣੀ ਛੱਡਣ ਲਈ ਤਿਆਰ ਸੀ, ਪਰ ਪੰਜਾਬ ਸਰਕਾਰ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਮਾਨ ਸਰਕਾਰ ਦੇ ਇਕ ਮੰਤਰੀ ਨੇ ਤਾਂ ਹੱਦਾਂ ਪਾਰ ਕਰਦਿਆਂ ਡੈਮ ‘ਤੇ ਸ਼ਾਰੀਰੀਕ ਕਬਜ਼ਾ ਕਰ ਲਿਆ, ਜਿਸਨੂੰ ਉਨ੍ਹਾਂ “ਗੈਰ-ਜ਼ਿੰਮੇਵਾਰਾਨਾ, ਗੈਰ-ਕਾਨੂੰਨੀ ਅਤੇ ਪੰਜਾਬ ਲਈ ਤਬਾਹੀਕੁਨ” ਕਿਹਾ।
ਭਾਜਪਾ ਆਗੂ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਬੀਬੀਐਮਬੀ ਅਤੇ ਭਾਰਤ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਪੰਜਾਬ ਦੀ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਦੇ ਦੁਸ਼ਮਣ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਲੋਕ ਪਾਕਿਸਤਾਨ-ਪ੍ਰੋਤਸਾਹਿਤ ਖ਼ਾਲਿਸਤਾਨੀ ਤਾਕਤਾਂ ਦੇ ਇਸ਼ਾਰਿਆਂ ‘ਤੇ ਹੜ੍ਹ ਤ੍ਰਾਸਦੀ ਦਾ ਗਲਤ ਫਾਇਦਾ ਚੁੱਕ ਕੇ ਭਾਰਤ ਵਿਰੋਧੀ ਪ੍ਰਚਾਰ ਫੈਲਾ ਰਹੇ ਹਨ।
ਗਰੇਵਾਲ ਨੇ ਸਾਫ਼ ਕਿਹਾ “ਹਕੀਕਤ ਸਾਫ਼ ਹੈ, ਬੀਬੀਐਮਬੀ ਬੇਕਸੂਰ ਹੈ, ਭਾਰਤ ਸਰਕਾਰ ਬੇਕਸੂਰ ਹੈ। ਇਸ ਮਨੁੱਖ-ਨਿਰਮਿਤ ਤ੍ਰਾਸਦੀ ਦੀ ਪੂਰੀ ਜ਼ਿੰਮੇਵਾਰੀ ਸਿਰਫ਼ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ‘ਤੇ ਹੈ।” ਉਨ੍ਹਾਂ ਕਿਹਾ ਕਿ ਪੰਜਾਬ ਨੂੰ ਐਸੇ ਨੇਤ੍ਰਿਤਵ ਦੀ ਲੋੜ ਹੈ ਜੋ ਜ਼ਿੰਮੇਵਾਰ, ਯੋਗ ਅਤੇ ਸੱਚਾ ਹੋਵੇ, ਨਾ ਕਿ ਐਸਾ ਜੋ ਪ੍ਰਚਾਰ ਅਤੇ ਲਾਪਰਵਾਹ ਫ਼ੈਸਲਿਆਂ ਵਿੱਚ ਫਸਿਆ ਰਹੇ।
ਉਨ੍ਹਾਂ ਕਿਹਾ ਕਿ ਜੋ ਜਾਨਾਂ ਗਈਆਂ, ਮਾਲੀ ਨੁਕਸਾਨ ਹੋਇਆ ਉਹ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਦੇ ਮਨ ਨੂੰ ਬਹੁਤ ਦੁੱਖ ਹੈ ਕਿ ਸਾਡੇ ਭਰਾਵਾਂ ਤੇ ਸਾਡੇ ਪਰਿਵਾਰਾਂ ਨਾਲ ਇਹੋ ਜਿਹੀ ਅਣਹੋਣੀ ਵਾਪਰੀ ਹੈ ਜਿਸ ਦਾ ਫੱਲ ਪਾਪੀ ਜਰੂਰ ਭੁਗਤਣਗੇ। ਰੱਬ ਕਿਸੇ ਨੂੰ ਮਾਫ਼ ਨਹੀਂ ਕਰੇਗਾ।