ਮਾਤਾ ਭਾਗ ਕੌਰ ਸੇਵਾ ਸੁਸਾਇਟੀ ਨੇ ਹੜ੍ਹ ਪੀੜਤ ਔਰਤਾਂ ਤੇ ਬੱਚਿਆਂ ਲਈ ਸੈਨਟਰੀ ਪੈਡ ਤੇ ਡਾਈਪਰ ਭੇਜੇ
ਅਸ਼ੋਕ ਵਰਮਾ
ਬਠਿੰਡਾ, 3 ਸਤੰਬਰ 2025 :ਪੰਜਾਬ ’ਚ ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਜਿੱਥੇ ਵੱਖ-ਵੱਖ ਸੰਸਥਾਵਾਂ, ਐਨਆਈਆਰ ਤੇ ਹੋਰਨਾਂ ਲੋਕਾਂ ਵੱਲੋਂ ਹੜ੍ਹ ਪੀੜਤਾਂ ਦੀ ਹਰ ਪੱਖੋਂ ਮੱਦਦ ਕੀਤੀ ਜਾ ਰਹੀ ਹੈ ਉੱਥੇ ਹੀ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਵਾਸਤੇ ਖ਼ਾਸ ਤੌਰ ਤੇ ਔਰਤਾਂ ਅਤੇ ਬੱਚਿਆਂ ਲਈ ਸੈਨਟਰੀ ਪੈਡ ਅਤੇ ਡੈਪਰ ਪਹੁੰਚਾਏ ਜਾ ਰਹੇ ਹਨ ਜਿਸਦੀ ਪੈਕਿੰਗ ਕਰਨ ਵਾਸਤੇ ਬੀਬੀਆਂ ਲੱਗੀਆਂ ਹੋਈਆਂ ਹਨ।ਇਹ ਸਾਰੇ ਹੜ੍ਹ ਪੀੜਤ ਇਲਾਕਿਆਂ ’ਚ ਪਹੁੰਚਾਏ ਜਾਣਗੇ ਜੋ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ।
ਇਹਨਾਂ ਇਲਾਕਿਆਂ ਵਿੱਚ ਸਾਫ਼ ਸਫ਼ਾਈ ਲਈ ਬੱਚਿਆਂ ਤੇ ਔਰਤਾਂ ਨੂੰ ਸੈਨਟਰੀ ਪੈਡ ਅਤੇ ਡੈਪਰ ਦੀ ਜ਼ਰੂਰਤ ਹੈ। ਇਸਦੀ ਅਗਵਾਈ ਸ੍ਰੀਮਤੀ ਹਰਗੋਬਿੰਦ ਕੌਰ ਪ੍ਰਧਾਨ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਕਰ ਰਹੇ ਹਨ ਤੇ ਇਸ ਵਿੱਚ ਛਿੰਦਰਪਾਲ ਕੌਰ, ਅੰਮ੍ਰਿਤਪਾਲ ਕੌਰ, ਬਲਜੀਤ ਕੌਰ, ਗੁਰਜੀਤ ਕੌਰ, ਜਸਵੀਰ ਕੌਰ, ਕੁਲਦੀਪ ਕੌਰ ਆਦਿ ਬੀਬੀਆਂ ਸਹਿਯੋਗ ਕਰ ਰਹੀਆਂ ਹਨ। ਬੀਬੀਆਂ ਵੱਲੋਂ ਵੱਡੀ ਪੱਧਰ ਤੇ ਲੋੜੀਂਦਾ ਦਾ ਸਮਾਨ ਤੇ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਹੜ੍ਹ ਪੀੜਤਾਂ ਦੀ ਮੱਦਦ ਕੀਤੀ ਜਾ ਸਕੇ। ਇਸ ਮੌਕੇ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਇਸ ਵਕਤ ਪੰਜਾਬ ’ਤੇ ਬਹੁਤ ਹੀ ਮਾੜਾ ਸਮਾਂ ਚਲ ਰਿਹਾ ਹੈ। ਹੜ੍ਹਾਂ ਕਾਰਨ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ, ਫ਼ਸਲਾਂ ਮਾਰੀਆਂ ਗਈਆਂ। ਅਜਿਹੇ ’ਚ ਸਾਨੂੰ ਸਾਰਿਆਂ ਨੂੰ ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਹੜ੍ਹ ਪੀੜਤਾਂ ਨੂੰ ਥੋੜ੍ਹਾ ਸਹਾਰਾ ਮਿਲ ਸਕੇ।