ਰਾਮ ਰਹੀਮ ਦੇ ਸੱਦੇ ਤਹਿਤ ਡੇਰਾ ਪੈਰੋਕਾਰਾਂ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ
ਐਡੀਸ਼ਨਲ ਡਿਪਟੀ ਕਮਿਸ਼ਨਰ ਮੋਗਾ ਨੇ ਦਿਖਾਈ ਟਰਾਲੀਆਂ ਨੂੰ ਹਰੀ ਝੰਡੀ
ਅਸ਼ੋਕ ਵਰਮਾ
ਮੋਗਾ, 3 ਸਤੰਬਰ 2025 : ਪੰਜਾਬ ਵਿੱਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਨੂੰ ਧਿਆਨ ‘ਚ ਰੱਖਦਿਆਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਆਪਣੇ ਪੈਰੋਕਾਰਾਂ ਨੂੰ ਹੜ੍ਹ ਪੀੜਤਾਂ ਦੀ ਤੁਰੰਤ ਸਹਾਇਤਾ ਸ਼ੁਰੂ ਕਰਨ ਦਿੱਤੇ ਸੱਦੇ ਤਹਿਤ ਅੱਜ ਮੋਗਾ ਵਿਖੇ ਸਥਿਤ ਡੇਰੇ ਚੋਂ ਰਾਹਤ ਸਮੱਗਰੀ ਨਾਲ ਭਰੀਆਂ ਟਰਾਲੀਆਂ ਦੀ ਪਹਿਲੀ ਖੇਪ ਰਵਾਨਾ ਕੀਤੀ ਜਿਸ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਮੋਗਾ ਮੈਡਮ ਚਾਰੂਮਿਤਾ ਨੇ ਹਰੀ ਝੰਡੀ ਦਿਖਾਈ। ਇਸ ਰਾਤ ਸਮੱਗਰੀ ਦੀ ਵੰਡ ਡੇਰਾ ਸੱਚਾ ਸੌਦਾ ਤਰਫੋਂ ਸਮਾਜਿਕ ਕਾਰਜਾਂ ਲਈ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਕਰੇਗੀ ਜਿਸ ਦੇ ਵਲੰਟੀਅਰਾਂ ਟਰਾਲੀਆਂ ਦੇ ਨਾਲ ਹੀ ਰਵਾਨਗੀ ਪਾਈ ਹੈ। ਡੇਰਾ ਸਿਰਸਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਹਿਲੀ ਖੇਪ ਵਿੱਚ ਲਗਭਗ 50 ਟਰਾਲੀਆਂ ’ਚ ਰਾਹਤ ਸਮੱਗਰੀ ਹੈ ਜਦੋਂਕਿ 150 ਡੇਰਾ ਪ੍ਰੇਮੀ ਸੇਵਾਦਾਰ ਸ਼ਾਮਲ ਹਨ।
ਇਸ ਮੌਕੇ ਹਾਜ਼ਰ ਡੇਰਾ ਪੈਰੋਕਾਰਾਂ ਨੂੰ ਸੰਬੋਧਨ ਕਰਦਿਆਂ ਏਡੀਸੀ ਮੈਡਮ ਚਾਰੂਮਿਤਾ ਨੇ ਕਿਹਾ ਕਿ ਹੜ੍ਹ ਦੀ ਆਫਤ ਕਾਰਨ ਪੰਜਾਬ ਬੇਹੱਦ ਔਖੀ ਘੜੀ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਦੂਜੇ ਦੀ ਮੱਦਦ ਕਰਨ ਦੀ ਜ਼ਰੂਰਤ ਹੈ। ਉਹਨਾਂ ਅੱਜ ਡੇਰਾ ਸੱਚਾ ਸੌਦਾ ਵੱਲੋਂ ਭੇਜੀ ਰਾਹਤ ਸਮੱਗਰੀ ਦੀ ਪਹਿਲੀ ਖੇਪ ਲਈ ਡੇਰਾ ਸੱਚਾ ਸੌਦਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਅਤੇ ਉਹਨਾਂ ਦੇ ਸ਼ਰਧਾਲੂਆਂ ਦਾ ਇਸ ਰਾਹਤ ਕਾਰਜ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਡੇਰੇ ਵੱਲੋਂ ਤਿਆਰ ਕੀਤੀ ਗਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਜੋ ਅੱਜ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਸਮੱਗਰੀ ਲੈ ਕੇ ਗਈ ਹੈ ਉਸ ਦੇ ਵਲੰਟੀਅਰ ਘਰ-ਘਰ ਤੱਕ ਜਾ ਕੇ ਇਹ ਰਾਹਤ ਸਮੱਗਰੀ ਵੰਡਣਗੇ, ਜਿਸ ਦੀ ਅੱਜ ਵੱਡੀ ਜ਼ਰੂਰਤ ਹੈ।
ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰਬੰਧਕਾਂ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਇਹ ਪਹਿਲੀ ਖੇਪ ਹੈ ਇਸ ਤੋਂ ਬਾਅਦ ਹੋਰ ਵੀ ਸਮੱਗਰੀ ਪ੍ਰਭਾਵਿਤ ਇਲਾਕਿਆਂ ਲਈ ਭੇਜੀ ਜਾਏਗੀ। ਮੈਡਮ ਏਡੀਸੀ ਨੇ ਜਿਲ੍ਹਾ ਪ੍ਰਸ਼ਾਸ਼ਨ ਤਰਫੋਂ ਡੇਰਾ ਸੱਚਾ ਸੌਦਾ ਸਿਰਸਾ ਦਾ ਧੰਨਵਾਦ ਵੀ ਕੀਤਾ ਅਤੇ ਇਸ ਨੇਕ ਕਾਰਜ ਦੀ ਸ਼ਲਾਘਾ ਵੀ ਕੀਤੀ। ਗੌਰਤਲਬ ਹੈ ਕਿ ਇੰਨ੍ਹੀਂ ਦਿਨੀਂ ਸਮੁੱਚਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ। ਡੇਰਾ ਸਿਰਸਾ ਮੁਖੀ ਨੇ 1 ਸਤੰਬਰ ਨੂੰ ਵੀਡੀਓ ਸੰਦੇਸ਼ ਜਾਰੀ ਕਰਕੇ ਆਪਣੇ ਪੈਰੋਕਾਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭਿਜਵਾਉਣ ਦਾ ਸੱਦਾ ਦਿੱਤਾ ਸੀ। । ਇਸ ਮੌਕੇ ਸੇਵਕ ਸਿੰਘ ਇੰਸਾਂ ਗੋਨੇਆਣਾ, ਗੁਰਜੀਤ ਸਿੰਘ ਇੰਸਾਂ , ਰਾਮ ਲਾਲ ਇੰਸਾਂ , ਰਣਵਿੰਦਰ ਸਿੰਘ ਇੰਸਾਂ, ਜਗਜੀਤ ਸਿੰਘ ਰੰਧਾਵਾ ਇੰਸਾਂ ਅਤੇ ਰਾਕੇਸ਼ ਕੁਮਾਰ ਇੰਸਾਂ ਤੋਂ ਇਲਾਵਾ ਸੈਂਕੜੇ ਡੇਰਾ ਪ੍ਰੇਮੀ ਹਾਜ਼ਰ ਸਨ।
ਘਰੋ ਘਰੀਂ ਵੰਡਿਆ ਜਾਏਗਾ ਸਮਾਨ
ਇਸ ਮੌਕੇ ਡੇਰਾ ਸਿਰਸਾ ਆਗੂ ਪ੍ਰਬੰਧਕ ਛਿੰਦਰਪਾਲ ਸਿੰਘ ਇੰਸਾਂ ਅਤੇ ਗੁਰਦੇਵ ਸਿੰਘ ਇੰਸਾਂ ਬਠਿੰਡਾ ਨੇ ਏਡੀਸੀ ਮੈਡਮ ਚਾਰੂਮਿਤਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅੱਜ ਪਹਿਲੀ ਖੇਪ ਦੀ ਰਾਹਤ ਸਮੱਗਰੀ ਵਿੱਚ 50 ਟਰਾਲੀਆਂ ਰਵਾਨਾ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਵਿੱਚ 1000 ਬੈਗ ਰਾਸ਼ਨ, ਹਰਾ ਚਾਰਾ, ਅਚਾਰ, ਤੂੜੀ, 400 ਤਰਪਾਲਾਂ, 200 ਪੀਸ ਕਛੂਆ ਸ਼ਾਪ, ਦਵਾਈਆਂ ਅਤੇ 2 ਪਾਣੀ ਦੀਆਂ ਟੈਕੀਆਂ ਭੇਜੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿੰਨ੍ਹਾਂ ਪ੍ਰੀਵਾਰਾਂ ਤੱਕ ਕੋਈ ਰਾਹਤ ਸਮੱਗਰੀ ਨਹੀਂ ਪੁੱਜੀ ਉਨ੍ਹਾਂ ਹੜ੍ਹ ਪੀੜ੍ਹਤਾਂ ਦੇ ਘਰ-ਘਰ ਜਾਕੇ ਪਹੁੰਚਾਈ ਜਾਵੇਗੀ।