ਕੱਲ੍ਹ ਨੂੰ ਭੋਗ ਤੇ ਵਿਸ਼ੇਸ਼: ਤੋਰ ਵਿੱਚ ਮੜਕ ਅਤੇ ਨੈਣਾਂ ਵਿੱਚ ਗੜ੍ਹਕ ਸੀ "ਕਾਮਰੇਡ ਜਰਨੈਲ ਭਾਈ ਰੂਪਾ"
"ਕਲੇਰ ਬੇਟਾ, ਮੈਂ ਤੇਰੀ ਕਹਾਣੀ "ਰੂਹ ਦਾ ਸਾਕ" ਪੜ੍ਹੀ। ਪੁੱਤ ਤੂੰ ਬਹੁਤ ਸ਼ਾਨਦਾਰ ਕਹਾਣੀ ਲਿਖੀ ਆ। ਇਹ ਕਹਾਣੀ ਸਾਡੇ ਸਮਾਜ ਦੀ ਦੁਖਦੀ ਰਗ ਤੇ ਹੱਥ ਰੱਖਦੀ ਹੈ। ਬੇਟਾ ਮੈਂ ਪੜ੍ਹ ਕੇ ਹੈਰਾਨ ਆਂ ਕਿ ਅੱਜ ਤੱਕ ਪੰਜਾਬੀ ਸਾਹਿਤ ਵਿੱਚ ਦਲਿਤ ਔਰਤ ਦੇ ਦਰਦ ਬਾਰੇ ਬਹੁਤ ਲਿਖਿਆ ਗਿਆ ਹੈ, ਪਰ ਦਲਿਤ ਮਰਦ ਦੀ ਕਿਸੇ ਨੇ ਗੱਲ ਨਹੀਂ ਕੀਤੀ।"
ਇਹ ਵਿਚਾਰ ਮਰਹੂਮ ਕਾਮਰੇਡ ਜਰਨੈਲ ਭਾਈ ਰੂਪਾ ਦੇ ਆਪਣੀ ਕਹਾਣੀ ਬਾਰੇ ਸਨ। ਕਾਮਰੇਡ ਅੰਕਲ ਜੀ, ਮੈਨੂੰ ਹਮੇਸ਼ਾ ਹੀ ਕਲੇਰ ਪੁੱਤ ਕਹਿ ਕੇ ਬੁਲਾਉਂਦੇ ਸਨ। ਉਹਨਾਂ ਦੇ ਕਹਿਣ ਵਿੱਚ ਐਨਾ ਕੁ ਸਨੇਹ ਹੁੰਦਾ ਸੀ , ਕਿ ਪਾਪਾ ਦੀ ਦੋਸਤੀ ਦੀਆਂ ਮੋਹ ਭਿੱਜੀਆਂ ਤੰਦਾਂ ਉਹਨਾਂ ਦੇ ਬੋਲਾਂ ਵਿੱਚੋਂ ਝਲਕਦੀਆਂ ਸਨ। 2020 ਤੋਂ ਪਹਿਲਾਂ ਮੈਂ ਕਦੇ ਕਿਸੇ ਸਾਹਿਤਕ ਸਮਾਗਮ ਵਿੱਚ ਨਹੀਂ ਸਾਂ ਗਈ । ਸਤਿਕਾਰਯੋਗ ਅੰਕਲ ਕਾਮਰੇਡ ਜਰਨੈਲ ਭਾਈ ਰੂਪਾ ਨੂੰ ਮੈਂ ਪਹਿਲੀ ਵਾਰ ਬਠਿੰਡੇ ਟੀਚਰਜ਼ ਹੋਮ ਸਾਹਿਤਕ ਸਮਾਗਮ 'ਤੇ ਵੇਖਿਆ ਸੀ। ਹੱਸਦਾ ਹੋਇਆ ਅਪਣੱਤ ਭਰਿਆ ਚਿਹਰਾ ਸਮਾਗਮ ਦੀ ਸਾਰੀ ਜ਼ਿੰਮੇਵਾਰੀ ਸਾਂਭ ਰਿਹਾ ਸੀ। ਕਦੇ ਰਜਿਸਟਰ ਤੇ ਨਵੇਂ ਆਏ ਸਾਹਿਤਕਾਰ ਤੋਂ ਦਸਖ਼ਤ ਕਰਾਉਂਦੇ, ਕਦੇ ਭੱਜ ਕੇ ਚਾਹ ਵਾਲੇ ਨੂੰ ਕਹਿੰਦੇ ਕਿ ਚਾਹ ਲੈ ਕੇ ਆ। ਸਮਾਗਮਾਂ ਦੀਆਂ ਬਹੁਤੀਆਂ ਜ਼ਿੰਮੇਵਾਰੀਆਂ ਅੰਕਲ ਕਾਮਰੇਡ ਹੀ ਨਿਭਾਉਂਦੇ ਸਨ। ਸਾਡੇ 'ਸਾਹਿਤਕ ਮੰਚ ਭਗਤਾ' ਦੇ ਸਮਾਗਮਾਂ ਤੇ ਪੂਰੀ ਸਾਹਿਤ ਸਭਾ ਬਠਿੰਡਾ ਨਾਲ ਅਕਸਰ ਹੀ ਆਉਂਦੇ ਸਨ। ਜਦੋਂ ਉਹ ਤੁਰਦੇ ਤਾਂ ਉਹਨਾਂ ਦੀ ਤੋਰ ਵੀ ਸਿਧਾਂਤਕ ਹੁੰਦੀ। ਪੂਰੀ ਜ਼ਿੰਦਗੀ ਇਨਸਾਨੀਅਤ,ਸਮਾਜਿਕ ਅਤੇ ਆਰਥਿਕ ਬਰਾਬਰੀ ਲਈ ਖੱਬੇ ਪੱਖੀ ਧਰਾਵਾਂ ਦੀਆਂ ਲੀਹਾਂ ਤੇ ਆਦਰਸ਼ਵਾਦੀ ਸੋਚ ਲੈ ਕੇ ਚੱਲਦੇ ਰਹੇ। 27 ਅਗਸਤ 2025 ਦੀ ਕੜਮੀ ਸਵੇਰ ਨੂੰ ਫੇਸਬੁੱਕ ਉੱਤੇ ਕਾਮਰੇਡ ਜਰਨੈਲ ਭਾਈ ਰੂਪਾ ਨੂੰ ਮਰਹੂਮ ਹੋਇਆ ਦੇਖਿਆ ਤਾਂ ਇਕਦਮ ਸਿਰ ਚਕਰਾ ਗਿਆ। ਆਪ ਮੁਹਾਰੇ ਮੂੰਹ 'ਚੋਂ ਨਿਕਲਿਆ "ਹੈਂਅ ! ਅੰਕਲ?" ਯਕੀਨ ਹੀ ਨਾ ਹੋਇਆ। ਭਲਾਂ,ਗਿਆਂ ਦੀਆਂ ਖਬਰਾਂ ਵੀ ਕਦੇ ਝੂਠੀਆਂ ਹੋਇਆ ਕਰਦੀਆਂ ਨੇ? ਇੱਕ ਸਿਧਾਂਤਵਾਦੀ ਅਤੇ ਆਦਰਸ਼ਵਾਦੀ ਇਨਸਾਨ ਦਾ ਇਸ ਤਰ੍ਹਾਂ ਇੱਕਦਮ ਜਾਣਾ, ਬੇਹੱਦ ਅਸਹਿ ਹੁੰਦਾ ਹੈ। ਮਨ ਨਹੀਂ ਮੰਨ ਰਿਹਾ ਅਲਵਿਦਾ ਕਹਿਣ ਨੂੰ ਅੰਕਲ !
ਅੰਮ੍ਰਿਤਪਾਲ ਕਲੇਰ
ਭਗਤਾ ਭਾਈ
ਬਠਿੰਡਾ