ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਨੂੰ ਬੈਂਕ ਖਾਤੇ ਅਤੇ ਮੋਬਾਇਲ ਸਿਮ ਕਾਰਡ ਮੁਹੱਈਆ ਕਰਵਾਉਣ ਵਾਲਾ ਗਿਰੋਹ ਕਾਬੂ
ਪਟਿਆਲਾ, 2 ਸਤੰਬਰ:
ਐਸ.ਐਸ.ਪੀ ਪਟਿਆਲਾ ਸ੍ਰੀ ਵਰੁਨ ਸ਼ਰਮਾ, ਆਈ.ਪੀ.ਐਸ ਦੀ ਨਿਗਰਾਨੀ ਹੇਠ ਪਟਿਆਲਾ ਪੁਲਿਸ ਦੀ ਸਾਈਬਰ ਕਰਾਇਮ ਟੀਮ ਨੇ ਸ੍ਰ.ਆਸਵੰਤ ਸਿੰਘ ਪੀ.ਪੀ.ਐਸ, ਐਸ.ਪੀ ਸਾਈਬਰ ਕਰਾਇਮ ਅਤੇ ਆਰਥਿਕ ਅਪਰਾਧ, ਪਟਿਆਲਾ ਅਤੇ ਇੰਸਪੈਕਟਰ ਤਰਨਦੀਪ ਕੌਰ, ਐਸ.ਐਚ.ਓ ਥਾਣਾ ਸਾਈਬਰ ਕਰਾਇਮ ਪਟਿਆਲਾ ਦੀ ਅਗਵਾਈ ਹੇਠ ਪਟਿਆਲੇ ਦੇ ਇੱਕ ਅਜਿਹੇ ਗਿਰੋਹ ਨੂੰ ਫੜਿਆ ਹੈ ਜੋ ਫਿਲੀਪੀਨਜ਼ ਬੈਠੇ ਸਾਈਬਰ ਠੱਗਾ ਨੂੰ ਪੈਸੇ ਲੈ ਕੇ ਸਾਈਬਰ ਠੱਗੀ ਮਾਰਨ ਲਈ ਬੈਂਕ ਖਾਤੇ ਅਤੇ ਮੋਬਾਇਲ ਸਿਮ ਕਾਰਡ ਮੁਹੱਈਆ ਕਰਵਾ ਰਿਹਾ ਸੀ।ਆਮ ਲੋਕਾਂ ਦੇ ਨਾਮ ਤੇ ਲਏ ਗਏ ਇਹਨਾਂ ਮੋਬਾਇਲ ਸਿਮਾਂ ਰਾਹੀਂ ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਫੋਨ ਕਰਕੇ ਉਹਨਾਂ ਨੂੰ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਜਾਂ ਨਿਵੇਸ਼ ਸਕੀਮਾਂ ਦਾ ਝਾਂਸਾ ਦੇ ਕੇ ਸਾਈਬਰ ਧੋਖਾਧੜੀ ਦਾ ਸ਼ਿਕਾਰ ਬਣਾ ਕੇ ਇਹਨਾਂ ਆਮ ਲੋਕਾਂ ਦੇ ਨਾਮ ਤੇ ਖੋਲੇ ਗਏ ਬੈਂਕ ਖਾਤਿਆਂ ਵਿੱਚ ਪੈਸੇ ਪੁਆ ਲਏ ਜਾਂਦੇ ਸਨ ਅਤੇ ਫਿਰ ਇਸ ਪੈਸੇ ਨੂੰ ਹੋਰ ਬੈਂਕ ਖਾਤਿਆਂ ਵਿਚੋਂ ਘੁਮਾ ਕੇ ਕਢਵਾ ਲਿਆ ਜਾਂਦਾ ਸੀ।ਹੁਣ ਤੱਕ ਇਸ ਗਿਰੋਹ ਦੇ 4 ਮੈਂਬਰਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।ਪੰਕਜ਼, ਅਰਸ਼ਦੀਪ ਅਤੇ ਮੰਗਾ ਸਿੰਘ (ਸਾਰੇ ਪਟਿਆਲਾ ਦੇ ਵਾਸੀ) ਵੱਲੋਂ ਚਲਾਇਆ ਜਾ ਰਿਹਾ ਇਹ ਗਿਰੋਹ ਭੋਲੇ ਭਾਲੇ ਨੋਜਵਾਨਾ ਨੂੰ ਨੋਕਰੀ ਦੇਣ ਦਾ ਝਾਂਸਾ ਦੇ ਕੇ ਉਹਨਾਂ ਦਾ ਸੈਲਰੀ ਖਾਤੇ ਉਹਨਾ ਦੇ ਨਾਮ ਤੇ ਖੁਲਵਾ ਕੇ ਉਸ ਖਾਤੇ ਦਾ ਸਾਰਾ ਵੇਰਵਾ, ATM Card, ਅਤੇ Net Banking ਦਾ ਵੇਰਵਾ ਆਪਣੇ ਕੋਲ ਰੱਖ ਲੈਂਦੇ ਸਨ।ਫਿਰ ਇਸ ਬੈਂਕ ਖਾਤੇ ਦਾ ATM Card, ਅਤੇ Net Banking ਦਾ ਵੇਰਵਾ ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਬਾਬੂ ਅਤੇ ਸੂਮੀ (ਜੋ ਪੰਜਾਬੀ ਮੂਲ ਦੇ ਹਨ) ਨੂੰ ਵੇਚ ਦਿੰਦੇ ਸਨ।ਇਹਨਾ ਵੱਲੋਂ ਇੱਕ ਸੇਵਿੰਗ ਬੈਂਕ ਖਾਤਾ 10,000/-ਰੁਪਏ ਅਤੇ ਇੱਕ ਕਰੰਟ ਬੈਂਕ ਖਾਤਾ 40,000/-ਰੁਪਏ ਵਿੱਚ ਵੇਚਿਆ ਜਾਂਦਾ ਸੀ।ਹੁਣ ਤੱਕ ਇਸ ਗੈਂਗ ਨੇ 30 ਤੋਂ ਵੱਧ ਬੈਂਕ ਖਾਤੇ ਫਿਲੀਪੀਨਜ਼ ਬੈਠੇ ਸਾਈਬਰ ਠੱਗਾ ਨੂੰ ਵੇਚੇ ਹਨ, ਜਿਹਨਾ ਵੱਲੋਂ ਕੁੱਝ ਮਹੀਨਿਆਂ ਵਿੱਚ ਹੀ ਇਹਨਾ ਬੈਂਕ ਖਾਤਿਆ ਰਾਹੀ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ।ਇਹਨਾ ਮਿਊਲ ਬੈਂਕ ਖਾਤਿਆਂ ਵਿੱਚ ਹੋਏ ਲੈਣ-ਦੇਣ ਦੀ ਪੂਰੀ ਜਾਣਕਾਰੀ ਬੈਂਕਾ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ।ਇਸ ਗਿਰੋਹ ਨੇ ਚੌਰਾ ਰੋਡ ਪਟਿਆਲਾ ਵਿਖੇ ਕੁੱਝ ਸਮੇਂ ਲਈ ਇੱਕ ਅਣ-ਅਧਿਕਾਰਤ ਡੀ-ਐਡੀਕਸ਼ਨ ਸੈਂਟਰ ਵੀ ਚਲਾਇਆ ਸੀ ਅਤੇ ਨਸ਼ਾ ਕਰਨ ਵਾਲਿਆ ਨੂੰ 500/-ਰੁਪਏ ਪ੍ਰਤੀ ਸਿਮ ਦਾ ਲਾਲਚ ਦੇ ਕੇ ਉਹਨਾ ਦੇ ਨਾਵਾਂ ਤੇ ਨਵੇਂ ਸਿਮ ਕਾਰਡ ਖਰੀਦ ਲਏ।ਇਹ ਸਿਮ ਕਾਰਡ ਵੀ ਅੱਗੇ ਫਿਲੀਪੀਨਜ਼ ਬੈਠੇ ਸਾਈਬਰ ਠੱਗਾ ਨੂੰ ਵੇਚੇ ਜਾਂਦੇ ਸਨ ਅਤੇ ਕੋਰੀਅਰ ਰਾਹੀ ਟੀ.ਸ਼ਰਟ ਦੀ ਸੀਨ ਵਿੱਚ ਲੁਕਾ ਛੁਪਾ ਕੇ ਫਿਲੀਪੀਨਜ਼ ਭੇਜੇ ਜਾਂਦੇ ਸਨ।ਹੁਣ ਤੱਕ ਇਸ ਗੈਂਗ ਨੇ ਲਗਭਗ 50 ਸਿਮ ਕਾਰਡ ਫਿਲੀਪੀਨਜ਼ ਭੇਜੇ ਹਨ।ਇਹ ਸਿਮ ਕਾਰਡ ਸਾਈਬਰ ਠੱਗਾ ਵੱਲੋਂ ਭਾਰਤ ਵਿੱਚ ਭੋਲਾ ਭਾਲੇ ਲੋਕਾ ਨੂੰ ਕਾਲ ਕਰਨ ਲਈ ਵਰਤੇ ਜਾਂਦੇ ਹਨ।ਇਹ ਸਾਰੇ ਸਿਮ ਕਾਰਡ ਡੀਜੀਟਲ ਜ਼ੋਨ ਦੁਕਾਨ ਤੋਂ ਬਿਨਾਂ ਸਹੀ ਜਾਂਚ ਪੜਤਾਲ ਦੇ ਵੇਚੇ ਗਏ ਸਨ।ਇਸ ਦੁਕਾਨ ਦੇ ਮਾਲਕ ਬੀਰਬਲ ਪੁੱਤਰ ਕ੍ਰਿਸ਼ਨ ਚੰਦ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।ਇਸ ਮਾਮਲੇ ਸਬੰਧੀ ਮੁਕੱਦਮਾ ਨੰਬਰ 29 ਮਿਤੀ 27.08.2025 ਅ/ਧ 316(2), 318(4), 336(3), 338, 340(2), 351(2), 61(2) ਬੀ.ਐਨ.ਐਸ ਅਤੇ 66-ਸੀ ਆਈ.ਟੀ ਐਕਟ ਥਾਣਾ ਸਾਈਬਰ ਕਰਾਇਮ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਵਿੱਚ ਹੁਣ ਤੱਕ 4 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ।ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਬਾਬੂ ਅਤੇ ਸੂਮੀ ਦੇ ਪੰਜਾਬ ਕਨੈਕਸ਼ਨ ਸਬੰਧੀ ਤਫਤੀਸ਼ ਜਾਰੀ ਹੈ ਤਾਂ ਜੋ ਇਸ ਸਾਈਬਰ ਧੋਖਾਧੜੀ ਦੇ ਪੂਰੇ ਜਾਲ ਨੂੰ ਬੇਨਕਾਬ ਕੀਤਾ ਜਾ ਸਕੇ।