ਸਿਹਤ ਬਲਾਕ ਤਪਾ ਅਧੀਨ ਇਸ ਸਾਲ ਦੌਰਾਨ ਹੁਣ ਤੱਕ ਨਹੀਂ ਆਇਆ ਡੇਂਗੂ ਦਾ ਕੋਈ ਵੀ ਮਾਮਲਾਃ ਡਾ. ਇੰਦੂ ਬਾਂਸਲ
*ਬਲਾਕ ਤਪਾ ਅਧੀਨ 30 ਟੀਮਾਂ ਕਰ ਰਹੀਆਂ ਡੇਂਗੂ ਦੇ ਲਾਰਵੇ ਦੀ ਜਾਂਚ
ਤਪਾ, 2 ਸਤੰਬਰ 2025
ਸਿਵਲ ਸਰਜਨ ਡਾ. ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਇੰਦੂ ਬਾਂਸਲ ਦੀ ਅਗਵਾਈ ਵਿੱਚ ਸਿਹਤ ਬਲਾਕ ਤਪਾ ਵਿਖੇ ਚਲਾਈ ਗਈ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਨੇ ਸਫ਼ਲਤਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸ ਮੁਹਿੰਮ ਤਹਿਤ ਪਿਛਲੇ ਦੋ ਸਾਲਾਂ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਅਤੇ ਸਿਹਤ ਬਲਾਕ ਤਪਾ ਅਧੀਨ ਇਸ ਸਾਲ ਹੁਣ ਤੱਕ ਕੋਈ ਵੀ ਡੇਂਗੂ ਦਾ ਕੇਸ ਰਿਪੋਰਟ ਨਹੀਂ ਹੋਇਆ ਹੈ।
ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦੂ ਬਾਂਸਲ ਨੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਸਾਲ 2023 ਵਿੱਚ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਨਸ਼ਟ ਕਰਨਾ ਸੀ। ਇਸ ਮੁਹਿੰਮ ਦੇ ਤਹਿਤ ਹਰ ਸ਼ੁੱਕਰਵਾਰ ਨੂੰ ਸਰਕਾਰੀ ਦਫ਼ਤਰਾਂ, ਹਸਪਤਾਲਾਂ, ਸਲੱਮ ਏਰੀਆ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਧਾਰਮਿਕ ਸਥਾਨ, ਹੌਟ ਸਪਾਟ ਏਰੀਆ, ਕਬਾੜ ਦੀਆਂ ਦੁਕਾਨਾਂ ਅਤੇ ਹੋਰ ਜਨਤਕ ਥਾਵਾਂ 'ਤੇ ਵਿਸ਼ੇਸ਼ ਟੀਮਾਂ ਭੇਜੀਆਂ ਜਾਂਦੀਆਂ ਹਨ। ਇਸੇ ਦੇ ਸੰਦਰਭ ਵਿੱਚ ਬਲਾਕ ਅਧੀਨ 30 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਕੂਲਰਾਂ, ਗਮਲਿਆਂ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਥਾਵਾਂ ਦੀ ਜਾਂਚ ਕਰਦੀਆਂ ਹਨ, ਜਿੱਥੇ ਖੜ੍ਹੇ ਪਾਣੀ ਵਿੱਚ ਮੱਛਰਾਂ ਦਾ ਲਾਰਵਾ ਪੈਦਾ ਹੋ ਸਕਦਾ ਸੀ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਤੇ ਐਸ.ਆਈ. ਰਣਜੀਵ ਕੁਮਾਰ ਨੇ ਕਿਹਾ ਕਿ ਜਾਗਰੂਕਤਾ ਹੀ ਬਚਾਅ ਹੈ। ਹਰ ਸ਼ੁੱਕਰਵਾਰ-ਡੇਂਗੂ 'ਤੇ ਵਾਰ ਮੁਹਿੰਮ ਤਹਿਤ ਵੱਖ-ਵੱਖ ਥਾਂਵਾਂ ਤੇ ਜਾ ਕੇ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਜਾਗਰੂਕ ਕਰਨ ਅਤੇ ਜਾਂਚ ਕਰਨ ਨਾਲ ਹੁਣ ਹਾਲਾਤ ਬਿਲਕੁਲ ਬਦਲ ਗਏ ਹਨ। ਅੱਜ ਜਦੋਂ ਅਸੀਂ ਜਾਂਚ ਕਰਦੇ ਹਾਂ, ਤਾਂ ਲਾਰਵਾ ਬਹੁਤ ਘੱਟ ਮਿਲਦਾ ਹੈ। ਇਸ ਨਾਲ ਲੋਕਾਂ ਵਿੱਚ ਇਹ ਸੰਦੇਸ਼ ਗਿਆ ਹੈ ਕਿ ਡੇਂਗੂ ਤੋਂ ਬਚਾਅ ਸਿਰਫ਼ ਸਰਕਾਰ ਦਾ ਹੀ ਨਹੀਂ, ਬਲਕਿ ਹਰ ਵਿਅਕਤੀ ਦਾ ਫ਼ਰਜ਼ ਹੈ।"
*ਵਿਭਾਗ ਤੇ ਲੋਕਾਂ ਦੇ ਆਪਸੀ ਤਾਲਮੇਲ ਨਾਲ ਮੁਹਿੰਮ ਹੋ ਰਹੀ ਹੈ ਸਫ਼ਲ*
ਡਾ. ਇੰਦੂ ਬਾਂਸਲ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੀ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਇੰਨੀ ਸਫ਼ਲ ਰਹੀ ਹੈ। ਸਰਕਾਰੀ ਕਰਮਚਾਰੀਆਂ ਅਤੇ ਆਮ ਲੋਕਾਂ ਦੇ ਸਹਿਯੋਗ ਸਦਕਾ ਇਹ ਸੰਭਵ ਹੋ ਸਕਿਆ ਹੈ। ਪਿਛਲੇ ਸਾਲਾਂ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਜੋ ਕਮੀ ਆਈ ਹੈ, ਉਹ ਇਸੇ ਮੁਹਿੰਮ ਦਾ ਨਤੀਜਾ ਹੈ। ਇਸ ਸਾਲ ਤਾਂ ਅਜੇ ਤੱਕ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ, ਜੋ ਇਸ ਗੱਲ ਦਾ ਸਬੂਤ ਹੈ ਕਿ ਸਫ਼ਾਈ ਅਤੇ ਜਾਗਰੂਕਤਾ ਨਾਲ ਕਿਸੇ ਵੀ ਬਿਮਾਰੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਤੋਂ ਬਚਾਅ ਲਈ ਆਪਣੇ ਆਲੇ ਦੁਆਲੇ ਪਾਣੀ ਨੂੰ ਖੜ੍ਹਨ ਤੋਂ ਰੋਕਿਆ ਜਾਵੇ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।