ਘੱਗਰ ਦਰਿਆ ਨਾਲ ਲੱਗਦੇ ਪਿੰਡਾਂ ਦਾ ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਗਾਤਾਰ ਦੌਰਾ,
ਕਿਸਾਨਾਂ ਨੂੰ ਭਰੋਸਾ – ਗਿਰਦਾਵਰੀ ਕਰਵਾ ਕੇ ਮਿਲੇਗੀ ਸਰਕਾਰੀ ਸਹਾਇਤਾ
ਕਿਹਾ, ਘੱਗਰ ਦੀ ਮਜ਼ਬੂਤੀ ਲਈ ਵਿਭਾਗੀ ਟੀਮਾਂ ਦਿਨ ਰਾਤ ਇੱਕ ਕਰ ਰਹੀਆਂ ਹਨ
ਟਿਵਾਣਾ ਵਿਖੇ ਵੰਡੀਆਂ ਲੋੜਵੰਦ ਲੋਕਾਂ ਨੂੰ ਰਾਹਤ ਕਿੱਟਾਂ
ਲਾਲੜੂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 2 ਸਤੰਬਰ:
ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਲਗਾਤਾਰ ਤੀਜੇ ਦਿਨ ਘੱਗਰ ਦਰਿਆ ਦੇ ਨੇੜਲੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ। ਵੱਲੋਂ ਟਿਵਾਣਾ ਵਿਖੇ ਲੋੜਵੰਦ ਲੋਕਾਂ ਨੂੰ ਰਾਹਤ ਕਿੱਟਾਂ ਵੀ ਦਿੱਤੀਆਂ ਗਈਆਂ।
ਉਹਨਾਂ ਖੇਤੀਬਾੜੀ ਅਧਿਕਾਰੀਆਂ ਨਾਲ ਮਿਲ ਕੇ ਸਾਧਾਪੁਰ ਅਤੇ ਡੰਗਡੇਹਰ ਪਿੰਡਾਂ ਵਿੱਚ ਖੇਤੀਬਾੜੀ ਰਕਬੇ ਦੇ ਨੁਕਸਾਨ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਸਾਨ ਭਰਾਵਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਜਲਦੀ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਬਣਦੀ ਸਹਾਇਤਾ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ, ਐਮ ਐਲ ਏ ਰੰਧਾਵਾ ਨੇ ਟਿਵਾਣਾ ਬੰਨ੍ਹ ਦਾ ਵੀ ਦੌਰਾ ਕੀਤਾ ਅਤੇ ਮੌਜੂਦਾ ਹਾਲਾਤ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਪ੍ਰਭਾਵਿਤ ਪਰਿਵਾਰਾਂ ਵਿੱਚ ਰਾਹਤ ਸਮੱਗਰੀ ਵੰਡ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਵਿਭਾਗੀ ਟੀਮਾਂ ਘੱਗਰ ਦਰਿਆ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਖੁਦ ਤਹਿਸੀਲ ਪ੍ਰਸ਼ਾਸਨ, ਪੁਲਿਸ ਅਧਿਕਾਰੀਆਂ, ਮਾਲ ਮਹਿਕਮੇ ਦੇ ਅਧਿਕਾਰੀਆਂ ਅਤੇ ਡ੍ਰੇਨੇਜ ਅਧਿਕਾਰੀਆਂ ਨਾਲ ਨਿਰੰਤਰ ਤਾਲਮੇਲ ਰੱਖ ਕੇ ਸਥਿਤੀ ਤੇ ਨਿਗ੍ਹਾ ਰੱਖੀ ਜਾ ਰਹੀ ਹੈ।