ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰਕੇ ਹੜ ਪੀੜਤਾਂ ਦੀ ਲਈ ਸਾਰ
ਪੰਜਾਬ ਅੰਦਰ ਹੜ ਆਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਜਿੰਮੇਵਾਰ : ਕਿਸਾਨ ਆਗੂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 1 ਸਤੰਬਰ 2025- ਪੰਜਾਬ ਅੰਦਰ ਹੜਾਂ ਕਾਰਨ ਸਥਿਤੀ ਬਹੁਤ ਗੰਭੀਰ ਹੈ ਤੇ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਜੋ ਕਿ ਸੰਬੰਧਤ ਵਿਭਾਗ ਦੀ ਗਲਤੀ ਹੈ ਅਤੇ ਇਸ ਦੇ ਲਈ ਸਿੱਧੇ ਤੌਰ ਤੇ ਕੇਂਦਰ ਅਤੇ ਪੰਜਾਬ ਸਰਕਾਰ ਜਿੰਮੇਵਾਰ ਹਨ ਜਿਸਦੇ ਲਈ ਉਹਨਾਂ ਨੂੰ ਜਵਾਬ ਦੇਣਾ ਪਵੇਗਾ, ਇਹ ਸ਼ਬਦ ਕਿਸਾਨ ਆਗੂਆਂ ਨੇ ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ, ਬੂਟਾ ਸਿੰਘ ਤੇ ਕੁਲਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਮੰਗ ਕੀਤੀ ਕਿ ਇੱਕ ਜੁਡੀਸ਼ੀਅਲ ਕਮਿਸ਼ਨ ਬਿਠਾ ਹਾਈਕੋਰਟ ਦੇ ਜੱਜ ਦੀ ਅਗਵਾਈ ਹੇਠ ਬਿਠਾ ਕੇ ਹੜ ਲਿਆਉਣ ਲਈ ਜਿੰਮੇਵਾਰੀ ਤੈਅ ਕੀਤੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਬੀਬੀਐਮਬੀ ਦਾ ਆਪਸ ਵਿੱਚ ਤਾਲਮੇਲ ਨਾ ਹੋਣ ਕਾਰਨ ਇਹ ਹਾਲਾਤ ਪੈਦਾ ਹੋਏ। ਉਹਨਾਂ ਕਿਹਾ ਕਿ ਡੈਮਾਂ ਵਿੱਚੋਂ 31 ਮਈ ਤੱਕ ਪਾਣੀ ਖਾਲੀ ਕਰਨਾ ਹੁੰਦਾ ਹੈ ਜਦਕਿ ਅਜਿਹਾ ਨਹੀਂ ਕੀਤਾ ਗਿਆ ਅਤੇ ਜਦੋਂ ਪਾਣੀ ਸਿਰੋਂ ਨਿਕਲ ਗਿਆ ਤਾਂ ਡੈਮਾਂ ਦੇ ਗੇਟ ਖੋਲ ਕੇ ਪੰਜਾਬ ਨੂੰ ਰੋੜ ਦਿੱਤਾ ਗਿਆ। ਉਹਨਾਂ ਤੇ ਆ ਕੇ ਬੜੇ ਅਫਸੋਸ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਜਾਂ ਕਿਸੇ ਵੀ ਸੰਸਦ ਮੈਂਬਰ ਨੇ ਅਜੇ ਤੱਕ ਕਿਸਾਨਾਂ ਨਾਲ ਹਮਦਰਦੀ ਦੇ ਦੋ ਲਫਜ਼ ਨੇ ਬੋਲੇ। ਉਨਾਂ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਸਰਕਾਰ ਹੜ ਪ੍ਰਭਾਵਿਤ ਲੋਕਾਂ ਨੂੰ ਖਰਚੇ ਲਈ ਇਕ ਲੱਖ ਰੁਪਏ ਉਜਾੜਾ ਭੱਤਾ ਪ੍ਰਤੀ ਪਰਿਵਾਰ ਬਿਨਾਂ ਕਿਸੇ ਭੇਦ ਭਾਵ ਦੇ ਦੇਵੇ। ਉਪਰੰਤ ਗਿਰਦਾਵਰੀ ਕਰਵਾ ਕੇ ਪ੍ਰਤੀ ਏਕੜ 70 ਹਜਾਰ ਰੁਪਏ, ਗੰਨੇ ਦੀ ਫਸਲ ਲਈ ਇਕ ਲੱਖ ਰੁਪਏ, ਜਾਨੀ ਨੁਕਸਾਨ ਅਤੇ ਜਿਨਾਂ ਦੇ ਮਕਾਨ ਢਹਿ ਗਏ ਹਨ, ਨੂੰ 10 ਲੱਖ ਰੁਪਏ ਦਿੱਤੇ ਜਾਣ। ਹੁਣ ਮੰਗ ਕੀਤੀ ਕਿ ਕਿਸਾਨਾਂ ਉੱਪਰ ਪੰਜ ਏਕੜ ਵਾਲੀ ਸ਼ਰਤ ਖਤਮ ਕੀਤੀ ਜਾਵੇ ਅਤੇ ਉਹਨਾਂ ਦਾ ਕਰਜੇ ਦਾ ਵਿਆਜ ਵੀ ਮਾਫ ਕੀਤਾ ਜਾਵੇ। ਉਹਨਾਂ ਮੰਗ ਕੀਤੀ ਕਿ ਭਵਿੱਖ ਵਿੱਚ ਦਰਿਆਵਾਂ ਤੇ ਨਾਲਿਆਂ ਦੀ ਲਗਾਤਾਰ ਸਫਾਈ ਕੀਤੀ ਜਾਵੇ ਅਤੇ ਨਹਿਰਾਂ ਦਾ ਜਾਲ ਵਿਛਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਹੜ ਨਾ ਆਉਣ। ਉਹਨਾਂ ਦੱਸਿਆ ਕਿ ਸਮੂਹ ਕਿਸਾਨ ਜਥੇਬੰਦੀਆਂ ਮਿਲ ਕੇ ਰਾਹਤ ਕੈਂਪ ਲਗਾ ਕੇ ਜਿੱਥੇ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਦੇਣਗੇ, ਉਥੇ ਕਣਕ ਦੀ ਫਸਲ ਬੀਜਣ ਤੱਕ ਬੀਜ, ਡੀਜਲ ਅਤੇ ਹੋਰ ਹਰ ਤਰਾਂ ਦੀ ਸਹੂਲਤ ਮੁਹਈਆ ਕਰਵਾਉਣਗੇ। ਉਹਨਾਂ ਪ੍ਰਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ ਆਪਣੇ ਪੱਧਰ ਤੇ ਸੇਵਾ ਨਾ ਭੇਜਣ ਸਗੋਂ ਇਕੱਠੇ ਹੋ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਪਰਕ ਕਰਕੇ ਹੜ ਪੀੜਤਾਂ ਲਈ ਸੇਵਾ ਭੇਜਣ। ਉਹਨਾਂ ਦੱਸਿਆ ਕਿ 2 ਸਤੰਬਰ ਨੂੰ ਉਹਨਾਂ ਵੱਲੋਂ ਗੰਨੇ ਦੀ ਅਦਾਇਗੀ ਦੇ ਭੁਗਤਾਨ ਲਈ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨ ਦਾ ਫੈਸਲਾ ਅਜੇ ਰੱਦ ਕੀਤਾ ਜਾਂਦਾ ਹੈ ਜਿਸ ਬਾਰੇ ਅਗਲਾ ਪ੍ਰੋਗਰਾਮ ਉਹ ਫਿਰ ਦੱਸਣਗੇ। ਉਹਨਾਂ ਨੇ ਵੀ ਦੱਸਿਆ ਕਿ ਦੂਜੇ ਰਾਜਾਂ ਵਿੱਚੋਂ ਵੀ ਉਹਨਾਂ ਦੇ ਸਾਥੀ ਮਦਦ ਦੇਣ ਨੂੰ ਤਿਆਰ ਬੈਠੇ ਹਨ ਅਤੇ ਪਾਣੀ ਉਤਰਨ ਤੋਂ ਬਾਅਦ ਉਹਨਾਂ ਦੀ ਮਦਦ ਲਈ ਜਾਵੇਗੀ। ਮੀਟਿੰਗ ਨੂੰ ਹੋਰਨਾ ਤੋਂ ਇਲਾਵਾ ਬਲਬੀਰ ਸਿੰਘ ਰਾਜੇਵਾਲ ਬੀਕੇਯੂ ਰਾਜੇਵਾਲ, ਬਲਦੇਵ ਸਿੰਘ ਨਿਹਾਲਗੜ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਰਸ਼ਪਾਲ ਸਿੰਘ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਪੰਜਾਬ, ਸੂਰਤ ਸਿੰਘ ਧਰਮਕੋਟ ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ, ਨਿਰਭੈ ਸਿੰਘ ਢੁੱਡੀਕੇ ਕਿਸਾਨ ਯੂਨੀਅਨ, ਰੁਲਦੂ ਸਿੰਘ ਮਾਨਸਾ ਤੇ ਗੁਰਨਾਮ ਸਿੰਘ ਭਿੱਖੀ ਬੀਕੇਯੂ ਪੰਜਾਬ, ਬੋਘ ਸਿੰਘ ਬੀਕੇਯੂ ਮਾਨਸਾ, ਕੇਵਲ ਸਿੰਘ ਮਹਿਤਪੁਰ ਤੋਤੇਵਾਲ, ਗੁਰਮੀਤ ਸਿੰਘ ਮਹਿਮ ਜਨਰਲ ਸਕੱਤਰ ਕ੍ਰਾਂਤੀਕਾਰੀ ਯੂਨੀਅਨ ਪੰਜਾਬ, ਮੁਕੇਸ਼ ਸ਼ਰਮਾ ਬੀਕੇਯੂ ਰਾਜੇਵਾਲ, ਬੂਟਾ ਸਿੰਘ ਬੀਕੇਯੂ ਸ਼ਾਦੀਪੁਰ, ਮਹਾਵੀਰ ਸਿੰਘ ਗਿੱਲ ਪੱਟੀ ਆਲ ਇੰਡੀਆ ਕਿਸਾਨ ਸਭਾ, ਹਰਜਿੰਦਰ ਸਿੰਘ ਟਾਂਡਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਬੂਟਾ ਸਿੰਘ ਬੁਰਜ ਗਿੱਲ ਬੀਕੇਯੂ ਡਕੌਂਦਾ, ਜੰਗਵੀਰ ਸਿੰਘ ਚੌਹਾਨ ਦੁਆਬਾ ਕਿਸਾਨ ਯੂਨੀਅਨ, ਹਰਵਿੰਦਰ ਸਿੰਘ ਹੈਪੀ ਗਿੱਲ ਕਿਸਾਨ ਸੰਘਰਸ਼ ਕਮੇਟੀ (ਪੰਨੂ), ਮਨਜੀਤ ਸਿੰਘ ਧੰਨੇਰ ਬੀਕੇਯੂ ਏਕਤਾ ਡਕੌਂਦਾ, ਦਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਕਾਦੀਆਂ ਆਦਿ ਨੇ ਵੀ ਸੰਬੋਧਨ ਕੀਤਾ। ਮੀਟਿੰਗ ਉਪਰੰਤ ਸਮੂਹ ਕਿਸਾਨ ਆਗੂਆਂ ਨੇ ਮੰਡ ਖੇਤਰ ਦੇ ਹੜ ਪੀੜਤ ਇਲਾਕਿਆਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿਵਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਰਜਿੰਦਰ ਸਿੰਘ ਰਾਣਾ, ਰਸ਼ਪਾਲ ਸਿੰਘ ਸੀਨੀਅਰ ਆਗੂ ,ਮਾਸਟਰ ਚਰਨ ਸਿੰਘ ਜਿਲਾ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ,ਦਿਆਲ ਸਿੰਘ ਦੀਪੇਵਾਲ, ਸਰਵਨ ਸਿੰਘ ਕਰਮਜੀਤਪੁਰ, ਜਸਵਿੰਦਰ ਸਿੰਘ ਟਿੱਬਾ ,ਰਵਿੰਦਰ ਸਿੰਘ ਰਵੀ, ਰਜਿੰਦਰ ਸਿੰਘ ਰਾਣਾ ਸੈਦੋਵਾਲ, ਤਰਸੇਮ ਸਿੰਘ ਬੰਨੇਮੱਲ, ਰਘਬੀਰ ਸਿੰਘ ਮਹਿਰਵਾਲਾ ਆਦਿ ਸਮੇਤ ਦੋ ਦਰਜਨ ਦੇ ਕਰੀਬ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।