ਕੇਂਦਰੀ ਯੂਨੀਵਰਸਿਟੀ ਵਿਖੇ ਹਵਾਈ ਸੈਨਾ ਵਿੱਚ ਭਰਤੀ ਹੋਕੇ ਕੈਰੀਅਰ ਬਣਾਉਣ ਸਬੰਧੀ ਪ੍ਰੇਰਨਾ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 6 ਅਗਸਤ 2025: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਭਾਰਤੀ ਹਵਾਈ ਸੈਨਾ ਦੇ ਸਹਿਯੋਗ ਨਾਲ ਦਿਸ਼ਾ ਇੰਡਕਸ਼ਨ ਪਬਲੀਸਿਟੀ ਐਗਜ਼ੀਬਿਸ਼ਨ ਵਹੀਕਲ (ਆਈਪੀਈਵੀ) ਡਰਾਈਵ-16 ਦਾ ਕਰਵਾਇਆ ਗਿਆ। ਇਹ ਪ੍ਰੋਗਰਾਮ ਦਿਸ਼ਾ ਸੈੱਲ, ਭਾਰਤੀ ਹਵਾਈ ਸੈਨਾ ਹੈੱਡਕੁਆਰਟਰ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਉਪਲਬਧ ਦਿਲਚਸਪ ਕਰੀਅਰ ਵਿਕਲਪਾਂ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਸਨਮਾਨ, ਅਨੁਸ਼ਾਸਨ ਅਤੇ ਦੇਸ਼ ਦੀ ਸੇਵਾ ਲਈ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ।ਇਸ ਮੌਕੇ 'ਤੇ ਦਿਸ਼ਾ ਸੈੱਲ, ਏਅਰ ਹੈੱਡਕੁਆਰਟਰ ਤੋਂ ਵਿੰਗ ਕਮਾਂਡਰ ਐਮ. ਨਿਸ਼ਾਂਤ ਕੁਲਸ਼੍ਰੇਸ਼ਠ, ਸਕੁਐਡਰਨ ਲੀਡਰ ਅਭਿਮਨਿਊ ਕਾਦੀਆਂ, ਫਲਾਈਟ ਲੈਫਟੀਨੈਂਟ ਗੁਰਸ਼ਰਨ ਤੇ ਏਅਰ ਫੋਰਸ ਸਟੇਸ਼ਨ ਭਿਸੀਆਣਾ ਤੋਂ ਵਿੰਗ ਕਮਾਂਡਰ ਸ਼ਵੇਤਾ ਪਾਂਡੇ ਨੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਹਵਾਈ ਸੈਨਾ ਵਿੱਚ ਭਵਿੱਖ ਬਣਾਉਣ ਲਈ ਉਪਲਬਧ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਭਾਰਤ ਆਪਣੀ ਯੋਗਾ, ਆਯੁਰਵੇਦ ਅਤੇ ਅਧਿਆਤਮਿਕ ਵਿਰਾਸਤ ਰਾਹੀਂ ਵਿਸ਼ਵ ਪੱਧਰ 'ਤੇ ਇੱਕ 'ਸੌਫਟ ਪਾਵਰ' ਵਜੋਂ ਜਾਣਿਆ ਜਾਂਦਾ ਹੈ, ਪਰ ਵਿਕਸਤ ਭਾਰਤ ਵੱਲ ਵਧਣ ਲਈ ਇਹ ਜ਼ਰੂਰੀ ਹੈ ਕਿ ਦੇਸ਼ ਇੱਕ 'ਹਾਰਡ ਪਾਵਰ' ਵਜੋਂ ਵੀ ਅਪਣਾ ਦਰਜਾ ਸਥਾਪਤ ਕਰੇ। ਇਸ ਦਿਸ਼ਾ ਵਿੱਚ ਨੌਜਵਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰਨ ਦੇ ਵਿਕਲਪ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ।
ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਸੀ ਆਧੁਨਿਕ ਤਕਨਾਲੋਜੀ ਨਾਲ ਲੈਸ ਆਈਪੀਈਵੀ ਵਾਹਨ, ਜਿਸ ਵਿੱਚ ਉਡਾਣ ਸਿਮੂਲੇਟਰ, ਗਲਾਸਟ੍ਰੋਨ ਹੈੱਡਸੈੱਟ, ਇੰਟਰਐਕਟਿਵ ਟਚ ਸਕ੍ਰੀਨ ਕਿਓਸਕ, ਵਰਚੁਅਲ ਰਿਐਲਿਟੀ ਡਿਵਾਈਸ, ਵਿਮਾਨ ਮਾਡਲ, ਜੀ-ਸੂਟ ਅਤੇ ਐਲਈਡੀ ਡਿਸਪਲੇਅ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਸਨ। ਵਿਦਿਆਰਥੀਆਂ ਨੂੰ ਇਨ੍ਹਾਂ ਤਕਨੀਕਾਂ ਦਾ ਸਿੱਧਾ ਅਨੁਭਵ ਮਿਲਿਆ ਅਤੇ ਭਾਰਤੀ ਹਵਾਈ ਸੈਨਾ ਦੇ ਕੰਮਕਾਜ ਨੂੰ ਬਿਹਤਰ ਢੰਗ ਨਾਲ ਸਮਝਿਆ।
ਪ੍ਰੋਗਰਾਮ ਦੇ ਅੰਤ ਵਿੱਚ ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ ਨੇ ਦਿਸ਼ਾ ਸੈੱਲ ਅਤੇ ਏਅਰ ਫੋਰਸ ਸਟੇਸ਼ਨ, ਭਿਸੀਆਣਾ ਦੀ ਟੀਮ ਦਾ ਸੀਯੂ ਪੰਜਾਬ ਕੈਂਪਸ ਵਿੱਚ ਇਸ ਪ੍ਰੇਰਨਾਦਾਇਕ ਅਤੇ ਜਾਣਕਾਰੀ ਭਰਪੂਰ ਪਹਿਲਕਦਮੀ ਨੂੰ ਲਿਆਉਣ ਲਈ ਧੰਨਵਾਦ ਕੀਤਾ। ਇਹ ਜ਼ਿਕਰਯੋਗ ਹੈ ਕਿ ਇਸ ਦਿਸ਼ਾ-ਆਈਪੀਈਵੀ ਮੁਹਿੰਮ ਨੂੰ 28 ਜੁਲਾਈ 2025 ਨੂੰ ਵਿਜੇ ਚੌਕ, ਨਵੀਂ ਦਿੱਲੀ ਤੋਂ ਹਰੀ ਝੰਡੀ ਦੇ ਕੇ ਸ਼ੁਰੂ ਕੀਤਾ ਗਿਆ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਕਰਵਾਇਆ ਜਾਵੇਗਾ।