ਮੁਲਾਜ਼ਮ ਅਤੇ ਪੈਨਸ਼ਨਜ਼ ਸਾਂਝੇ ਫਰੰਟ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਪੁਤਲੇ ਫੂਕੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 6 ਅਗਸਤ 2025
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਅੱਜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਨਰਿੰਦਰ ਮਹਿਤਾ, ਜੀਤ ਲਾਲ ਗੋਹਲੜੋਂ, ਗੁਰਮੇਲ ਚੰਦ, ਸੁਰਿੰਦਰ ਸਿੰਘ ਸੋਇਤਾ,
ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਪੁਤਲੇ ਫੂਕੇ ਗਏ।
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਸੋਮ ਲਾਲ ਥੋਪੀਆ, ਕੁਲਵੰਤ ਸਿੰਘ ਅਟਵਾਲ, ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ, ਮਦਨ ਲਾਲ, ਮਨਜੀਤ ਸਿੰਘ, ਦਸੌਂਦਾ ਸਿੰਘ, ਰਵਿੰਦਰ ਰਾਹੋਂ, ਅਸ਼ਵਨੀ ਕੁਮਾਰ, ਰੇਸ਼ਮ ਲਾਲ, ਕਮਲਦੇਵ, ਬਿਕਰਮਜੀਤ ਸਿੰਘ, ਮਨਜੀਤ ਮੰਢਾਲੀ, ਗੁਰਵਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਆਪਣੀਆਂ ਮੰਗਾਂ ਲਈ ਅਨੇਕਾਂ ਵਾਰ ਰੋਸ ਪ੍ਰਦਰਸ਼ਨ ਕਰਨ ਉਪਰੰਤ ਦਿੱਤੀਆਂ ਗਈਆਂ ਮੀਟਿੰਗਾਂ ਨੂੰ ਵਾਰ-ਵਾਰ ਮੁਲਤਵੀ ਕੀਤਾ ਗਿਆ ਹੈ। ਹੁਣ ਫਿਰ 29 ਜੁਲਾਈ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਜਿਸ ਦੇ ਰੋਸ ਵਜੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 5 ਅਗਸਤ ਤੋਂ 12 ਅਗਸਤ ਤੱਕ ਤਹਿਸੀਲਾਂ / ਜਿਲ੍ਹਿਆਂ 'ਤੇ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ ਹੈ।
ਆਗੂਆਂ ਨੇ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੰਗਾਂ ਮਸਲੇ ਹੱਲ ਕਰਨ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿੱਤਾ ਕੇ ਗੱਦੀ ਤੇ ਬਿਠਾਇਆ ਸੀ। ਗੱਦੀ ਤੇ ਬੈਠਦਿਆਂ ਹੀ ਇਹ ਸਰਕਾਰ ਆਪਣੇ ਵਾਅਦੇ ਭੁੱਲ ਕੇ ਪੰਜਾਬ ਦੇ ਸਾਧਨਾਂ ਨੂੰ ਲੁੱਟਣ ਅਤੇ ਜਨਤਕ ਖੇਤਰ ਦੇ ਅਦਾਰਿਆਂ ਦਾ ਭੋਗ ਪਾਉਣ ਵਿੱਚ ਮਸਤ ਹੋ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਤੋਂ ਮੂੰਹ ਫੇਰ ਕੇ ਪੁਲਸੀਆ ਤਸ਼ੱਦਦ ਦਾ ਰਸਤਾ ਅਪਣਾ ਰਹੀ ਹੈ। ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ, ਪੰਜਵੇਂ ਤਨਖਾਹ ਕਮਿਸ਼ਨ ਵਲੋਂ ਦਿੱਤੀ ਉਚੇਰੀ ਗਰੇਡ ਪੇ, 2.59 ਦਾ ਗੁਣਾਂਕ, ਬਕਾਏ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਪੇਂਡੂ ਭੱਤੇ ਸਮੇਤ ਸਮੁੱਚੇ ਭੱਤੇ, ਏਸੀਪੀ, ਕੈਸ਼ਲੈਸ ਹੈਲਥ ਸਕੀਮ ਆਦਿ ਸਭ ਮਸਲੇ ਹੱਲ ਕਰਨ ਤੋਂ ਅਖੌਤੀ ਇਨਕਲਾਬੀਆਂ ਦੀ ਸਰਕਾਰ ਭੱਜ ਰਹੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਖਤ ਵਿਰੋਧ ਕੀਤਾ ਜਾਵੇਗਾ।
ਇਸ ਸਮੇਂ ਜਸਵੀਰ ਸਿੰਘ ਮੋਰੋਂ, ਸੁੱਖ ਰਾਮ, ਸੋਹਣ ਸਿੰਘ, ਸੋਮ ਨਾਥ ਤੱਕਲਾ, ਧਰਮ ਪਾਲ, ਰਾਮ ਪਾਲ, ਗੁਰਦਿਆਲ ਸਿੰਘ, ਹਰਭਜਨ ਸਿੰਘ, ਦੀਦਾਰ ਸਿੰਘ, ਦੇਸ ਰਾਜ ਬੱਜੋਂ, ਵਿਜੈ ਕੁਮਾਰ, ਸੰਭੂ ਨਰਾਇਣ, ਹਰਮੇਸ਼ ਲਾਲ, ਅਜੀਤ ਰਾਮ, ਸਤਪਾਲ ਭਾਟੀਆ, ਸਵਰਨ ਸਿੰਘ, ਜਸਵੀਰ ਸਿੰਘ ਮੰਗੂਵਾਲ, ਹਰੀ ਸਿੰਘ ਆਦਿ ਹਾਜ਼ਰ ਸਨ।