ਸਿਹਤ ਵਿਭਾਗ ਨਥਾਣਾ ਨੇ ਮਾਂ ਦੇ ਦੁੱਧ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਲਈ ਮੁਹਿੰਮ ਵਿੱਢੀ
ਅਸ਼ੋਕ ਵਰਮਾ
ਨਥਾਣਾ, 6 ਅਗਸਤ 2025:ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ‘ਮਾਂ ਦੇ ਦੁੱਧ ਦੀ ਮਹੱਤਤਾ’ ਸੰਬੰਧੀ ਹਫਤਾਵਰੀ ਸਰਗਰਮੀਆਂ ਤਹਿਤ ਜਾਗਰੂਕਤਾ ਸਰਗਰਮੀਆਂ ਚਾਲੂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸਰਾਂ ਨੇ ਕਿਹਾ ਕਿ ਦੁੱਧ ਪਿਲਾ ਰਹੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਅਤੇ ਦੁੱਧ ਪਿਲਾਉਣ ਲਈ ਢੁੱਕਵੇਂ ਢੰਗ ਤਰੀਕਿਆਂ ਬਾਰੇ ਜਾਗਰੂਕ ਕਰਨਾ ਇਸ ਹਫਤੇ ਦਾ ਮੁੱਖ ਮਕਸਦ ਹੁੰਦਾ ਹੈ ਤਾਂ ਕਿ ਮਾਵਾਂ ਨੂੰ ਵੱਧ ਤੋਂ ਵੱਧ ਆਪਣਾ ਦੁੱਧ ਪਿਲਾਉਣ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬੱਚੇ ਦੇ ਜਨਮ ਦੇ ਬਾਅਦ ਮਾਂ ਦਾ ਦੁੱਧ ਪਿਆਉਣਾ ਇੱਕ ਸੁਭਾਵਿਕ ਕਿਰਿਆ ਹੈ। ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀਆਂ ਹਨ, ਪਰ ਪਹਿਲੀ ਵਾਰ ਮਾਂ ਬਣ ਵਾਲੀਆਂ ਮਾਵਾਂ ਨੂੰ ਸ਼ੁਰੂ ਵਿੱਚ ਬੱਚੇ ਨੂੰ ਦੁੱਧ ਪਿਲਾਉਣ ਲਈ ਸਹਾਇਤਾ ਦੀ ਲੋੜ ਹੁੰਦੀ ਹੈ।
ਬੱਚੇ ਨੂੰ ਦੁੱਧ ਪਿਲਾਉਣ ਦੇ ਬਾਰੇ ਸਹੀ ਗਿਆਨ ਦੀ ਘਾਟ ਕਾਰਨ ਬੱਚਿਆਂ ਵਿੱਚ ਕੁਪੋਸ਼ਣ ਦਾ ਰੋਗ ਅਤੇ ਸੰਕਰਮਣ ਨਾਲ ਦਸਤ ਲੱਗ ਜਾਂਦੇ ਹਨ। ਸੀ.ਐਚ.ਸੀ ਸਮੇਤ ਸਬ-ਸੈਂਟਰ ਉਤੇ ਏਐਨਐਮ ਭੈਣ ਜੀ ਅਤੇ ਆਸ਼ਾ ਵਰਕਰਾਂ ਵਲੋਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਰੀਨਾ ਬਾਂਸਲ ਨੇ ਕਿਹਾ ਕਿ ਜਣੇਪੇ ਦੇ ਅੱਧੇ ਘੰਟੇ ਦੇ ਅੰਦਰ-ਅੰਦਰ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ। ਅਪ੍ਰੇਸ਼ਨ ਨਾਲ ਜਣੇਪਾ ਕਰਾਏ ਬੱਚਿਆਂ ਨੂੰ 4-6 ਘੰਟੇ ਦੇ ਅੰਦਰ ਜਿਵੇਂ ਹੀ ਮਾਂ ਦੀ ਸਥਿਤੀ ਠੀਕ ਹੋ ਜਾਵੇ, ਛਾਤੀ ਨਾਲ ਲਗਾ ਦੇਣਾ ਚਾਹੀਦਾ ਹੈ। ਜਨਮ ਤੋਂ ਛੇ ਮਹੀਨੇ ਤਕ ਦੇ ਬੱਚੇ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਪਾਣੀ ਦਾ ਕੋਈ ਠੋਸ ਜਾਂ ਤਰਲ ਆਹਾਰ ਨਹੀਂ ਦੇਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਪਹਿਲਾ ਬਾਉਲਾ ਦੁੱਧ ਸੰਕਰਮਣ ਤੋਂ ਬਚਾਉਂਦਾ ਹੈ, ਪ੍ਰਤੀਰੱਖਿਆ ਕਰਦਾ ਹੈ ਅਤੇ ਅੰਧਰਾਤੇ ਵਰਗੇ ਰੋਗਾਂ ਤੋਂ ਬਚਾਉਂਦਾ ਹੈ। ਇਸ ਲਈ ਗੁੜਤੀ ਨਾ ਦੇ ਕੇ ਬੱਚੇ ਨੂੰ ਮਾਂ ਦਾ ਦੁੱਧ ਹੀ ਪਿਲਾਉਣਾ ਲਾਜਮੀ ਹੈ। ਮਾਂ ਦਾ ਦੁੱਧ ਬੱਚੇ ਨੂੰ ਕੁਪੋਸ਼ਨ ਤੇ ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ। ਇਹ ਦੁੱਧ ਨਾ ਸਿਰਫ਼ ਬੱਚੇ ਲਈ ਫਾਇਦੇਮੰਦ ਹੁੰਦਾ ਹੈ ਸਗੋਂ ਔਰਤ ਨੂੰ ਵੀ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਘਟ ਜਾਂਦਾ ਹੈ। ਨਵ-ਜੰਮੇ ਬੱਚੇ ਨੂੰ ਪੋਸ਼ਣ, ਸੁਰੱਖਿਆ ਅਤੇ ਪਿਆਰ ਦੀ ਲੋੜ ਹੁੰਦੀ ਹੈ, ਇਨ੍ਹਾਂ ਸਾਰੀਆਂ ਜਰੂਰਤਾਂ ਦੀ ਪੂਰਤੀ ਮਾਂ ਦਾ ਦੁੱਧ ਹੀ ਕਰਦਾ ਹੈ। ਇਸ ਤੋਂ ਇਲਾਵਾ ਸਿਹਤ ਸੁਪਰਵਾਈਜ਼ਰ ਪਰਮਜੀਤ ਕੌਰ, ਕਮਿਊਨਿਟੀ ਹੈਲਥ ਅਫਸਰ ਵੀਰਪਾਲ ਕੌਰ, ਸਿਹਤ ਕਰਮੀ ਇਨਰੀਤ ਰਾਣੀ ਤੇ ਮਨਜਿੰਦਰ ਸਿੰਘ ਅਤੇ ਆਸ਼ਾ ਵਰਕਰਾਂ ਵੱਲੋਂ ਸ਼੍ਰੀ ਗੁਰੂਦੁਆਰਾ ਸਾਹਿਬ ਨਥਾਣਾ ਵਿਖੇ ਮਮਤਾ ਦਿਵਸ ਮੌਕੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ ਤੇ ਔਰਤਾਂ ਨੂੰ ਦੁੱਧ ਪਿਲਾਉਣ ਦੇ ਢੁੱਕਵੇਂ ਢੰਗ ਤਰੀਕੇ ਦੱਸੇ ਗਏ। ਇਸ ਮੌਕੇ ਆਸ਼ਾ ਵਰਕਰਾਂ ਹਾਜ਼ਰ ਸਨ।