ਬਿਜਲੀ ਮੁਲਾਜ਼ਮ 27 ਜੁਲਾਈ ਨੂੰ ਮੰਤਰੀ ਈਟੀਓ ਦੀ ਕੋਠੀ ਦਾ ਘਿਰਾਓ ਕਰਨਗੇ
ਸਬਅਰਬਨ ਸਰਕਲ ਲੁਧਿਆਣਾ ਦੀ ਮੀਟਿੰਗ ਦੌਰਾਨ ਬਿਜਲੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ
ਦੀਪਕ ਜੈਨ
ਜਗਰਾਉਂ 21 ਜੁਲਾਈ 2025: ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਸਬਅਰਬਨ ਸਰਕਲ ਲੁਧਿਆਣਾ ਦੀ ਮੀਟਿੰਗ ਜਗਰਾਉਂ ਮੰਡਲ ਵਿਖੇ ਹੋਈ। ਜਿਸ ਵਿੱਚ ਸਬਅਰਬਨ ਸਰਕਲ ਅਤੇ ਡਵੀਜ਼ਨ ਕਮੇਟੀਆਂ ਦੇ ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਟੀ.ਐਸ.ਯੂ. ਦੇ ਜੋਨ ਪ੍ਰਧਾਨ ਦਲਜੀਤ ਸਿੰਘ ਜੱਸੋਵਾਲ ਅਤੇ ਸਰਕਲ ਪ੍ਰਧਾਨ ਅਵਤਾਰ ਸਿੰਘ ਬੱਸੀਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ। ਉਹਨਾਂ ਦੱਸਿਆ ਕਿ ਮਿਤੀ 2 ਜੂਨ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਹਾਜ਼ਰੀ ਵਿੱਚ ਪਾਵਰਕਾਮ ਦੇ ਗੈਸਟ ਹਾਊਸ ਮੁਹਾਲੀ ਵਿਖੇ ਬਿਜਲੀ ਵਿਭਾਗ ਦੀ ਮੈਨੇਜਮੈਂਟ ਤੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਸੀ ਅਤੇ ਇਸ ਦੌਰਾਨ ਕਈ ਮੰਗਾਂ ਤੇ ਸਹਿਮਤੀਆਂ ਵੀ ਬਣੀਆਂ ਸਨ। ਜਿਨਾਂ ਨੂੰ ਲਾਗੂ ਕਰਨ ਲਈ ਪਾਵਰਕਾਮ ਮੈਨੇਜਮੈਂਟ ਵੱਲੋਂ ਦਸ ਕੁ ਦਿਨਾਂ ਦਾ ਸਮਾਂ ਮੰਗਿਆ ਗਿਆ ਸੀ, ਪ੍ਰੰਤੂ ਦੋ ਮਹੀਨੇ ਦੇ ਲਗਭਗ ਸਮਾਂ ਬੀਤ ਜਾਣ ਤੇ ਵੀ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। ਜਿਸ ਕਾਰਨ ਸਮੁੱਚੇ ਬਿਜਲੀ ਮੁਲਾਜ਼ਮਾਂ ਅੰਦਰ ਭਾਰੀ ਬੇਚੈਨੀ ਅਤੇ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ, ਤਾਂ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਕੋਠੀ ਅੱਗੇ ਅੰਮ੍ਰਿਤਸਰ ਵਿਖੇ ਸੂਬਾ ਪੱਧਰੀ ਰੋਹ ਭਰਪੂਰ ਧਰਨਾ ਦਿੱਤਾ ਜਾਵੇਗਾ। ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ, ਅਗਸਤ ਦੇ ਪਹਿਲੇ ਹਫਤੇ ਤੋਂ ਸਮੁੱਚੇ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ਤੇ ਚਲੇ ਜਾਣਗੇ। ਇਸ ਦੌਰਾਨ ਜੇਕਰ ਪੂਰੇ ਪੰਜਾਬ ਅੰਦਰ ਬਲੈਕ ਆਊਟ ਹੁੰਦਾ ਹੈ, ਤਾਂ ਇਸ ਦੀ ਸਮੁੱਚੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ ਮਲਕ, ਹਰਵਿੰਦਰ ਸਿੰਘ ਸਵੱਦੀ, ਪਰਮਜੀਤ ਸਿੰਘ ਚੀਮਾਂ, ਅਵਤਾਰ ਸਿੰਘ ਕਲੇਰ, ਤਰਲੋਚਨ ਸਿੰਘ ਹਠੂਰ, ਸੁਖਵਿੰਦਰ ਸਿੰਘ ਕਾਕਾ, ਬਲਜੀਤ ਸਿੰਘ, ਕਰਮਜੀਤ ਸਿੰਘ, ਭਰਤ ਲਾਲ, ਭੁਪਿੰਦਰ ਸਿੰਘ ਸੇਖੋਂ, ਜਗਜੀਤ ਸਿੰਘ ਫੋਰਮੈਨ ਆਦਿ ਵੀ ਹਾਜ਼ਰ ਸਨ।