ਸਿੱਖ ਸੰਸਥਾਵਾਂ ਤੇ ਗੁਰਦੁਆਰਿਆਂ ਦੇ ਪ੍ਰਬੰਧਕ ਮੈਂਬਰ ਲਾਜ਼ਮੀ ਅੰਮ੍ਰਿਤਧਾਰੀ ਹੋਣ: ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ:- 21 ਜੁਲਾਈ 2025 : ਗੁਰਦੁਆਰਾ ਸਾਹਿਬ ਦੀਆਂ ਲੋਕਲ ਕਮੇਟੀਆਂ ਦੇ ਪ੍ਰਬੰਧਕ, ਸਮੂੰਹ ਸਿੱਖ ਸੰਸਥਾਵਾਂ/ਸੰਪਰਦਾਵਾਂ ਦੇ ਆਹੁਦੇਦਾਰ ਮੈਂਬਰਾਂ ਬਾਰੇ ਨਿਹੰਗ ਸਿੰਘਾਂ ਦੀ ਮੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬੋਲਦਿਆਂ ਕਿਹਾ ਕਿ ਸਾਰੇ ਅੰਮ੍ਰਿਤਧਾਰੀ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਯਾਦਾ ਦੇ ਧਾਰਨੀ ਬਨਣ। ਉਨ੍ਹਾਂ ਚੀਫ ਖਾਲਸਾ ਦੀਵਾਨ ਦੀ ਇਕ ਧਾਰਮਿਕ ਸਟੇਜ ਤੇ ਬੋਲਦਿਆਂ ਕਿਹਾ ਕਿ ਸੰਗਤਾਂ ਵਿਚ ਇਸ ਗੱਲ ਦਾ ਭਾਰੀ ਰੋਸ ਪਾਇਆ ਜਾਂਦਾ ਹੈ ਕਿ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕ ਤੇ ਮੁਲਾਜਮ ਹੀ ਅੰਮ੍ਰਿਤਧਾਰੀ ਨਹੀਂ ਹਨ ਜਿਸ ਕਾਰਨ ਇਨ੍ਹਾਂ ਅਸਥਾਨਾਂ ਤੋਂ ਦਿਤਾ ਜਾਣ ਵਾਲਾ ਉਪਦੇਸ਼ ਆਮ ਸੰਗਤ ਗ੍ਰਹਿਣ ਨਹੀਂ ਕਰਦੀ। ਉਨ੍ਹਾਂ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੰਗਾ ਹੋਵੇ ਜਿਨ੍ਹਾਂ ਪ੍ਰਬੰਧਕਾਂ ਮੈਂਬਰਾਂ ਨੇ ਗੁਰੂ ਮਹਾਰਾਜ ਦਾ ਖੰਡੇ ਬਾਟੇ ਦਾ ਅੰਮ੍ਰਿਤਪਾਨ ਨਹੀਂ ਕੀਤਾ ਉਹ ਬਾਣੀ-ਬਾਣੇ ਦੇ ਧਾਰਨੀ ਹੋ ਕੇ ਗੁਰ ਮਰਿਯਾਦਾ ‘ਚ ਰਹਿ ਕੇ ਸੰਜਮ ਭਰਿਆ ਜੀਵਨ ਬਤੀਤ ਕਰਨ। ਉਨ੍ਹਾਂ ਕਿਹਾ ਨਿਜਵਾਦ ਵਾਸਤੇ ਧਾਰਮਿਕ ਅਸਥਾਨਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਨਾਂ ਹੀ ਕਿਸੇ ਨੂੰ ਇਹ ਅਧਿਕਾਰ ਦਿਤਾ ਜਾਣਾ ਚਾਹੀਦਾ ਹੈ। ਉਨ੍ਹਾਂ ਧਾਰਮਿਕ ਅਸਥਾਨਾਂ ਨੂੰ ਆ ਰਹੀਆਂ ਫਰਜੀ ਧਮਕੀਆਂ ਬਾਰੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਧਾਰਮਿਕ ਅਸਥਾਨਾਂ ਵੱਲ ਜਿਸ ਨੇ ਭੈੜੀ ਅੱਖ ਨਾਲ ਤਕਿਆ ਖਾਲਸਾ ਪੰਥ ਦੇ ਸ਼ੇਰ ਦੂਲਿਆਂ ਨੇ ਹਰ ਹੀਲੇ ਉਸ ਨੂੰ ਸਜ਼ਾ ਦਿਤੀ ਹੈ। ਹਮਲਾਵਰਾਂ ਦੀਆਂ ਪੁਸ਼ਤਾਂ ਤੀਕ ਬਰਬਾਦ ਹੋ ਗਈਆਂ ਹੁਣ ਵੀ ਈਮੇਲ ਕਰਨ ਵਾਲੇ ਦੁਸ਼ਟ ਬਚਣਗੇ ਨਹੀਂ, ਉਨ੍ਹਾਂ ਦੀਆਂ ਕੁਲਾਂ ਦਾ ਨਾਸ਼ ਹੋ ਜਾਵੇਗਾ। ਉਨ੍ਹਾਂ ਕਿਹਾ ਸਮੁੱਚੇ ਨਿਹੰਗ ਸਿੰਘ ਦਲਪੰਥ ਸੁਰੱਖਿਆ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਨਾਲ ਹਨ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਅਤੇ ਮੌਜੂਦਾ ਹਾਲਾਤਾਂ ਤੇ ਵਿਚਾਰ ਵਟਾਂਦਰਾਂ ਕੀਤਾ। ਇਸ ਤੋਂ ਪਹਿਲਾਂ ਉਹ ਆਪਣੇ ਜਥੇ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।