ਮੇਜਰ ਹਰਜੋਤ ਕੌਰ ਨੇ ਪਟਿਆਲਾ ਦੇ ਐਸ.ਡੀ.ਐਮ ਦਾ ਅਹੁਦਾ ਸੰਭਾਲਿਆ
ਪਟਿਆਲਾ, 21 ਜੁਲਾਈ:
2022 ਬੈਚ ਦੇ ਪੀ.ਸੀ.ਐਸ. ਅਧਿਕਾਰੀ ਮੇਜਰ ਹਰਜੋਤ ਕੌਰ ਨੇ ਪਟਿਆਲਾ ਦੇ ਐਸ.ਡੀ.ਐਮ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। 10 ਸਾਲ ਭਾਰਤੀ ਫ਼ੌਜ ਵਿੱਚ ਦੇਸ਼ ਭਰ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਮੇਜਰ ਹਰਜੋਤ ਕੌਰ ਦੀਆਂ ਤਿੰਨ ਪੀੜ੍ਹੀਆਂ ਨੇ ਭਾਰਤੀ ਫ਼ੌਜ ਵਿੱਚ ਦੇਸ਼ ਦੀਆਂ ਸਰਹੱਦਾਂ 'ਤੇ ਸੇਵਾ ਕੀਤੀ ਹੈ।
ਮੇਜਰ (ਸੇਵਾ ਮੁਕਤ) ਹਰਜੋਤ ਕੌਰ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਆਖਿਆ ਕਿ ਉਹ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪਟਿਆਲਾ ਦੇ ਵਸਨੀਕਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਸਰਕਾਰੀ ਸੇਵਾਵਾਂ ਤੇ ਲੋਕ ਭਲਾਈ ਸਕੀਮਾਂ ਦਾ ਲਾਭ ਪਹਿਲ ਦੇ ਅਧਾਰ 'ਤੇ ਮੁਹੱਈਆ ਕਰਵਾਉਣਾ ਯਕੀਨੀ ਬਣਾਉਣਗੇ।
ਮੇਜਰ ਹਰਜੋਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਸਮੇਂ ਕੋਈ ਸਮੱਸਿਆ ਨਾ ਆਉਣ ਦੇਣਾ ਵੀ ਉਨ੍ਹਾਂ ਦੀ ਤਰਜੀਹ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਸੌਖੀ ਰਜਿਸਟਰੀ ਤੇ ਸਰਕਾਰੀ ਸੇਵਾਵਾਂ ਲੋਕਾਂ ਦੇ ਘਰਾਂ ਵਿਖੇ ਹੀ ਪ੍ਰਦਾਨ ਕਰਨ ਦੀ ਪਹਿਲਕਦਮੀ ਕੀਤੀ ਗਈ ਹੈ, ਇਹ ਸੇਵਾਵਾਂ ਸੁਖਾਲੇ ਢੰਗ ਨਾਲ ਲੋਕਾਂ ਨੂੰ ਪ੍ਰਦਾਨ ਕਰਵਾਉਣਾ ਵੀ ਉਨ੍ਹਾਂ ਦੀ ਤਰਜੀਹਾਂ 'ਚ ਸ਼ਾਮਲ ਹੈ।