ਯੁਗਾਂਡਾ 'ਚ ਵੱਸਦੇ ਪੰਜਾਬੀ ਸਾਹਿੱਤ, ਸੱਭਿਆਚਾਰ ਤੇ ਸੇਵਾ ਦਾ ਝੰਡਾ ਬੁਲੰਦ ਕਰ ਰਹੇ : ਬਾਜਵਾ
ਲੁਧਿਆਣਾ, 21 ਜੁਲਾਈ 2025 : ਯੁਗਾਂਡਾ ਵੱਸਦੇ ਪੰਜਾਬੀ ਗੀਤਕਾਰ ਤੇ ਉੱਘੇ ਸਮਾਜ ਸੇਵੀ ਨ ਸ ਬਾਜਵਾ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਯੁਗਾਂਡਾ ਵਿੱਚ ਵੱਸਦੇ ਪੰਜਾਬੀ ਲੋਕ ਬੜੇ ਸਮਰੱਥ ਹਨ ਅਤੇ ਕੁਝ ਸੱਜਣ ਪੰਜਾਬੀ ਸਾਹਿੱਤ ਤੇ ਸੱਭਿਆਚਾਰ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਲਈ ਲਗਾਤਾਰ ਸੇਵਾ ਕਰ ਰਹੇ ਹਨ। ਇਸ ਕੰਮ ਵਿੱਚ ਗੁਰੂ ਘਰਾਂ ਦਾ ਯੋਗਦਾਨ ਬਹੁਤ ਵੱਡਾ ਹੈ।
ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਵੱਡੇ ਵਡੇਰੇ ਨਾਮਧਾਰੀ ਗੁਰੂ ਪ੍ਰਤਾਪ ਸਿੰਘ ਜੀ ਦੀ ਕਿਰਪਾ ਸਦਕਾ ਨਾਰੋਵਾਲ ਤੋਂ 1946ਵਿੱਚ ਹੀ ਰਾਣੀਆਂ( ਸਿਰਸਾ) ਆਣ ਵੱਸੇ ਸਨ। ਉਨ੍ਹਾਂ ਦੱਸਿਆ ਕਿ ਦੇਸ਼ ਰਹਿੰਦਿਆਂ ਉਹ ਦੂਰਦਰਸ਼ਨ ਪ੍ਰੋਗ਼ਾਮ “ਪੰਜਾਬ ਦੇ ਮੇਲੇ “ਅਤੇ “ਸ਼ਾਮ ਸੁਨਹਿਰੀ” ਪ੍ਰੋਗਰਾਮ ਰੀਕਾਰਡ ਕਰਕੇ ਪੇਸ਼ ਕਰਦੇ ਰਹੇ ਹਨ। ਇੱਥੇ ਉਹ ਬੀ ਐੱਮ ਸੀ ਰੀਕਾਰਡਿੰਗ ਕੰਪਨੀ ਵੀ ਚਲਾਉਂਦੇ ਰਹੇ ਹਨ। ਉਨ੍ਹਾਂ ਦੀ ਇਸ ਫੇਰੀ ਦਾ ਮਨੋਰਥ ਵੀਹਵੀਂ ਸਦੀ ਦੇ ਇੱਕ ਮਹਾਨ ਤੇ ਸੁਰੀਲੇ ਕਵੀ ਬਾਰੇ ਜਸਵਿੰਦਰ ਸਿੰਘ “ਭੱਟੀ ਭੜੀ ਵਾਲਾ”ਨਾਲ ਰਲ਼ ਕੇ ਫਿਲਮ ਬਣਾਉਣਾ ਹੈ। ਇਸ ਸਬੰਧੀ ਵਿਚਾਰ ਚਰਚਾ ਕਰਨ ਲਈ ਹੀ ਉਹ ਭੱਟੀ ਭੜੀ ਵਾਲਾ ਸਮੇਤ ਪ੍ਰੋ. ਗਿੱਲ ਨੂੰ ਮਿਲਣ ਆਏ ਸਨ।
ਇਸ ਮੌਕੇ ਵਿਚਾਰਾਂ ਕਰਦਿਆਂ ਭੱਟੀ ਭੜੀ ਵਾਲਾ ਨੇ ਕਿਹਾ ਕਿ ਪੰਜਾਬੀ ਫ਼ਿਲਮਾਂ ਨੇ ਹੁਣ ਤੀਕ ਸਾਹਿੱਤ ਦੇ ਨਾਇਕ ਪੇਸ਼ ਨਹੀਂ ਕੀਤੇ ਜਿਸ ਕਾਰਨ ਸਾਨੂੰ ਇਹ ਘਾਟ ਰੜਕਦੀ ਸੀ। ਫ਼ਿਲਮ ਦਾ ਲਿਖਤੀ ਕੰਮ ਪੂਰਾ ਕਰਕੇ ਉਹ ਸ਼ਾਇਰ ਦੇ ਪਰਿਵਾਰ ਦਾ ਆਸ਼ੀਰਵਾਦ ਲੈ ਕੇ ਇਹ ਫ਼ਿਲਮ ਤਿਆਰ ਕਰਨਗੇ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਯੁਗਾਂਡਾ ਵਿੱਚ ਵੱਸਦੇ ਪੰਜਾਬੀ ਭਰਾ ਸਾਡੇ ਸੱਭਿਆਚਾਰਕ ਰਾਜਦੂਤ ਹਨ। ਵੱਡੀ ਗੱਲ ਇਹ ਹੈ ਕਿ 1972 ਵਿੱਚ ਉੱਥੋਂ ਦੇ ਰਾਸ਼ਟਰਪਤੀ ਈਦੀ ਅਮੀਨ ਵੱਲੋਂ ਸਾਰੇ ਭਾਰਤੀਆਂ ਨੂੰ ਕੱਢ ਦਿੱਤੇ ਜਾਣ ਦੇ ਬਾਵਜੂਦ ਉੱਥੇ ਵੱਸਦੇ ਪੰਜਾਬੀ ਯੁਗਾਂਡਾ ਦੇ ਵਿਕਾਸ ਵਿੱਚ ਵਡਮੁੱਲਾ ਹਿੱਸਾ ਪਾਉਣ ਦੇ ਨਾਲ ਨਾਲ ਪੰਜਾਬੀ ਸਾਹਿੱਤ ਤੇ ਸੱਭਿਆਚਾਰ ਦੇ ਖੇਤਰ ਵਿੱਚ ਵੀ ਕਹਿਣ ਸੁਣਨ ਯੋਗ ਹਿੱਸਾ ਪਾ ਰਹੇ ਹਨ। ਉਨ੍ਹਾਂ ਵੀਹਵੀਂ ਸਦੀ ਦੇ ਮਹਾਨ ਕਵੀ ਦੀ ਯਾਦ ਵਿੱਚ ਫਿਲਮ ਬਣਾਉਣ ਦੀ ਵੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਦੋਹਾਂ ਗੀਤਕਾਰਾਂ ਨੂੰ ਪ੍ਰੋ. ਗਿੱਲ ਨੇ ਪਿਛਲੇ 50 ਸਾਲਾਂ ਦੌਰਾਨ ਲਿਖੀਆਂ ਗ਼ਜ਼ਲਾਂ ਦਾ ਵੱਡ ਆਕਾਰੀ ਸੰਗ੍ਰਹਿ “ਅੱਖਰ ਅੱਖਰ “ ਭੇਂਟ ਕੀਤਾ।