20 ਤੋਂ ਵੱਧ ਸਕੂਲਾਂ ਨੂੰ ਫਿਰ ਮਿਲੀ ਬੰਬ ਦੀ ਧਮਕੀ, ਮਾਹੌਲ ਤਣਾਅਪੂਰਨ
ਨਵੀਂ ਦਿੱਲੀ, 18 ਜੁਲਾਈ 2025: ਦਿੱਲੀ ਵਿੱਚ ਲਗਾਤਾਰ ਚੌਥੇ ਦਿਨ ਵੀ ਬੰਬ ਧਮਕੀਆਂ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਸਵੇਰੇ, ਰਾਜਧਾਨੀ ਦੇ 20 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਪ੍ਰਾਪਤ ਹੋਏ, ਜਿਸ ਕਾਰਨ ਪੁਲਿਸ, ਬੰਬ ਨਿਰੋਧਕ ਦੱਸੇ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤਾਲਾਸ਼ੀ ਮੁਹਿੰਮ 'ਚ ਜੁਟ ਗਈਆਂ ਹਨ।
ਈਮੇਲ ਪ੍ਰਾਪਤ ਕਰਨ ਵਾਲੇ ਸਕੂਲਾਂ ਵਿੱਚ ਸ਼ਾਮਲ ਹਨ:
ਸੇਂਟ ਜ਼ੇਵੀਅਰਜ਼ (ਸਿਵਲ ਲਾਈਨਜ਼)
ਰਿਚਮੰਡ ਗਲੋਬਲ ਸਕੂਲ (ਪੱਛਮੀ ਵਿਹਾਰ)
ਅਭਿਨਵ ਪਬਲਿਕ ਸਕੂਲ (ਰੋਹਿਣੀ)
ਸੋਵਰੇਨ ਸਕੂਲ (ਰੋਹਿਣੀ)
ਇਸ ਤੋਂ ਪਹਿਲਾਂ ਵੀ, ਮੰਗਲਵਾਰ ਨੂੰ ਸੇਂਟ ਸਟੀਫਨ ਕਾਲਜ (ਉੱਤਰੀ ਦਿੱਲੀ) ਅਤੇ ਸੇਂਟ ਥਾਮਸ ਸਕੂਲ (ਦਵਾਰਕਾ) ਨੂੰ ਧਮਕੀ ਭਰੇ ਈਮੇਲ ਮਿਲੇ ਸਨ।
ਡਿਪਟੀ ਕਮਿਸ਼ਨਰ ਆਫ਼ ਪੁਲਿਸ, ਰਾਜਾ ਬੰਠੀਆ ਨੇ ਦੱਸਿਆ ਕਿ ਸਵੇਰੇ 7:15 ਵਜੇ, ਸੇਂਟ ਸਟੀਫਨ ਨੂੰ ਈਮੇਲ ਮਿਲੀ ਜਿਸ ਵਿੱਚ ਚਾਰ ਆਈਈਡੀ ਅਤੇ ਦੋ ਆਰਡੀਐਕਸ ਪੈਕੇਟ ਲਗੇ ਹੋਣ ਦਾ ਦਾਅਵਾ ਸੀ। ਧਮਕੀ ਦੇ ਅਨੁਸਾਰ, ਇਹ ਵਿਸਫੋਟ ਦੁਪਹਿਰ 2 ਵਜੇ ਤੱਕ ਹੋਣ ਸਨ।
ਆਮ ਆਦਮੀ ਪਾਰਟੀ ਦੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਬੀਜੇਪੀ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ, "ਅੱਜ 20 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ! ਸੋਚੋ ਕਿ ਬੱਚੇ, ਮਾਪੇ ਅਤੇ ਅਧਿਆਪਕ ਕਿਸ ਸਦਮੇ ਵਿੱਚੋਂ ਗੁਜ਼ਰ ਰਹੇ ਹੋਣਗੇ। ਭਾਜਪਾ ਦਿੱਲੀ ਵਿੱਚ 4-ਇੰਜਣਾਂ ਵਾਲਾ ਸ਼ਾਸਨ ਚਲਾ ਰਹੀ ਹੈ, ਪਰ ਬੱਚਿਆਂ ਦੀ ਰੱਖਿਆ ਨਹੀਂ ਕਰ ਸਕੀ।"
ਪੁਲਿਸ, ਬੰਬ ਸਕੁਐਡ, ਅਤੇ ਫਾਇਰ ਟੀਮਾਂ ਵਲੋਂ ਫਿਲਹਾਲ ਤਲਾਸ਼ੀ ਮਿਸ਼ਨ ਜਾਰੀ ਹੈ। ਹਾਲਾਂਕਿ ਪਹਿਲਾਂ ਮਿਲੀਆਂ ਧਮਕੀਆਂ ਝੂਠੀਆਂ ਸਾਬਤ ਹੋਈਆਂ ਹਨ, ਪਰ ਵਿਦਿਆਰਥੀਆਂ ਅਤੇ ਮਾਪਿਆਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।