Weather Update : ਪੰਜਾਬ ਵਿਚ ਬਾਰਸ਼ ਪਵੇਗੀ ਜਾਂ ਨਹੀਂ ? ਪੜ੍ਹੋ ਅੱਜ 18 ਜੁਲਾਈ ਦੇ ਮੌਸਮ ਦਾ ਹਾਲ
ਚੰਡੀਗੜ੍ਹ, 18 ਜੁਲਾਈ 2025: ਪਿਛਲੇ 24 ਘੰਟਿਆਂ ਦੌਰਾਨ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਈ, ਜਿਸ ਕਾਰਨ ਤਾਪਮਾਨ ਵਿੱਚ ਥੋੜ੍ਹਾ ਵਾਧਾ ਦੇਖਿਆ ਗਿਆ। ਮੌਸਮ ਵਿਭਾਗ ਅਨੁਸਾਰ ਪੰਜਾਬ ਦਾ ਔਸਤ ਤਾਪਮਾਨ 1.2 ਡਿਗਰੀ ਵਧਿਆ ਹੈ, ਹਾਲਾਂਕਿ ਇਹ ਅਜੇ ਵੀ ਆਮ ਨਾਲੋਂ 2.1 ਡਿਗਰੀ ਘੱਟ ਹੈ।
ਅਗਲੇ 72 ਘੰਟਿਆਂ ਤੱਕ ਪੰਜਾਬ ਵਿੱਚ ਮੌਸਮ ਆਮ ਰਹਿਣ ਦੀ ਉਮੀਦ ਹੈ ਅਤੇ ਮੌਸਮ ਵਿਭਾਗ ਨੇ ਫਿਲਹਾਲ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। 7 ਜੁਲਾਈ ਤੋਂ ਸੂਬੇ ਵਿੱਚ ਮਾਨਸੂਨ ਕਮਜ਼ੋਰ ਪੈ ਗਿਆ ਹੈ, ਜਿਸ ਕਾਰਨ ਇਸ ਮਹੀਨੇ ਹੁਣ ਤੱਕ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ।
ਜਿੱਥੇ ਸੂਬੇ ਵਿੱਚ ਜੁਲਾਈ ਮਹੀਨੇ ਵਿੱਚ ਘੱਟ ਬਾਰਿਸ਼ ਹੋ ਰਹੀ ਹੈ, ਉੱਥੇ ਹੀ 8 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਨਾਲੋਂ ਵੱਧ ਬਾਰਿਸ਼ ਹੋ ਰਹੀ ਹੈ। ਅੰਮ੍ਰਿਤਸਰ ਵਿੱਚ 1 ਤੋਂ 17 ਜੁਲਾਈ ਤੱਕ 193.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 119% ਵੱਧ ਹੈ। ਤਰਨਤਾਰਨ ਵਿੱਚ 183.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 239% ਵੱਧ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਠਿੰਡਾ ਅਤੇ ਮਾਨਸਾ ਵਿੱਚ ਆਮ ਨਾਲੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ।