ਸਰਕਾਰੀ ਕੰਨਿਆਂ ਹਾਈ ਸਕੂਲ ਕਾਉਂਕੇ ਕਲਾਂ ਅਤਿ-ਆਧੁਨਿਕ ਸਹੂਲਤਾਂ ਨਾਲ ਸੂਬੇ 'ਚੋਂ ਬਣਿਆਂ ਮੋਹਰੀ
- ਹਰ ਖੇਤਰ 'ਚ ਜੇਤੂ ਰਹੇ ਸਕੂਲ ਨੂੰ ਪ੍ਰਵਾਸੀ ਪੰਜਾਬੀਆਂ ਨੇ ਏ.ਸੀ. ਲਗਵਾਕੇ ਦਿੱਤਾ ਅਨੂਠਾ ਤੋਹਫ਼ਾ
ਜਗਰਾਉਂ, 15 ਜੁਲਾਈ 2025 - ਇਲਾਕੇ ਦੇ ਨਾਮਵਰ ਸਰਕਾਰੀ ਕੰਨਿਆਂ ਹਾਈ ਸਕੂਲ ਪੱਤੀ ਸ਼ਾਮ ਸਿੰਘ ਕਾਉਂਕੇ ਕਲਾਂ ਨੂੰ ਪ੍ਰਵਾਸੀ ਪੰਜਾਬੀ ਵੀਰਾਂ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ 8 ਏ.ਸੀ. ਦਾਨ ਕਰਕੇ ਇਤਿਹਾਸ ਸਿਰਜ ਦਿੱਤਾ ਹੈ ਅਤੇ ਲੜਕੀਆਂ ਦਾ ਇਹ ਸਕੂਲ ਹੁਣ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਪੰਜਾਬ ਭਰ ਦੇ ਮੋਹਰੀ ਸਰਕਾਰੀ ਸਕੂਲਾਂ ਦੇ ਦਰਜ਼ੇ ਵਿੱਚ ਆ ਗਿਆ ਹੈ। ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਸਮਾਜ ਸੇਵੀ ਮਾ.ਹਰਦੀਪ ਸਿੰਘ ਦੇ ਸਾਂਝੇ ਯਤਨਾਂ ਸਦਕਾ ਪ੍ਰਵਾਸੀ ਪੰਜਾਬੀਆਂ ਵੱਲੋਂ ਆਪਣੇ ਨਾਮ ਨੂੰ ਉਜਾਗਰ ਕਰਨ ਤੋਂ ਗੁਰੇਜ਼ ਕਰਦਿਆਂ ਸਕੂਲ ਦੇ 8 ਕਲਾਸ ਰੂਮਾਂ ਨੂੰ ਏਅਰ ਕੰਡੀਸ਼ਨ ਬਣਾ ਦਿੱਤਾ ਹੈ, ਤਾਂ ਜੋ ਲੜਕੀਆਂ ਨੂੰ ਸੁੱਖ-ਸਹੂਲਤਾਂ ਪ੍ਰਦਾਨ ਕਰਕੇ ਹੋਰ ਵੀ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਅਤੇ ਇਲਾਕੇ ਦਾ ਨਾਮ ਰੌਸ਼ਨ ਹੋ ਸਕੇ।
ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕਾ ਪੂਜਾ ਵਰਮਾਂ ਨੇ ਦੱਸਿਆ ਕਿ ਕਾਉਂਕੇ ਕਲਾਂ ਦਾ ਇਹ ਸਕੂਲ ਗਰੀਨ ਮਿਸ਼ਨ ਪੰਜਾਬ ਮੁਹਿੰਮ ਤਹਿਤ ਦੇਸ਼ ਭਰ ਵਿੱਚੋਂ ਪਹਿਲੇ ਸਥਾਨ 'ਤੇ ਆਉਣ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਚੁਣੇ ਗਏ 'ਉਤਮ ਸਕੂਲ ਪ੍ਰਤੀਯੋਗਤਾ' ਮੁਕਾਬਲੇ ਵਿੱਚੋਂ ਵੀ ਮੋਹਰੀ ਰਿਹਾ ਹੈ ਅਤੇ ਮਿਆਰੀ ਸਿੱਖਿਆ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਵੀ ਮੱਲਾਂ ਮਾਰ ਚੁੱਕਾ ਹੈ। ਉਹਨਾਂ ਲੜਕੀਆਂ ਦੇ ਸਕੂਲ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ।
ਮੈਡਮ ਪੂਜਾ ਵਰਮਾਂ ਨੇ ਹੋਰ ਦੱਸਿਆ ਕਿ ਸਕੂਲ ਦਾ ਉਚ ਯੋਗਤਾ ਪ੍ਰਾਪਤ ਮਿਹਨਤੀ ਸਟਾਫ਼ ਪੂਰੀ ਲਗਨ ਨਾਲ ਵਿਦਿਆਰਥਣਾਂ ਨੂੰ ਸਿੱਖਿਅਤ ਕਰ ਰਿਹਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਆਉਂਦੇ ਸਮੇਂ ਵਿੱਚ ਵੀ ਚੰਗੇ ਨਤੀਜ਼ੇ ਆਉਣ ਦੀ ਆਸ ਪ੍ਰਗਟਾਈ ਜਾ ਸਕਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਚਰਨਜੀਤ ਕੌਰ, ਸਾਬਕਾ ਸਰਪੰਚ ਜਗਜੀਤ ਸਿੰਘ, ਸੂਬੇਦਾਰ ਹਰਨੇਕ ਸਿੰਘ, ਆਪ ਆਗੂ ਸੁਖਦੇਵ ਸਿੰਘ ਕਾਉਂਕੇ, ਮਿੰਟੂ ਕਾਉਂਕੇ ਕਲਾਂ, ਗੁਰਦਿੱਤ ਸਿੰਘ ਪੰਚ, ਕੁਲਦੀਪ ਸਿੰਘ, ਪ੍ਰਿਤਪਾਲ ਸਿੰਘ, ਇਕਬਾਲ ਸਿੰਘ ਡੀ.ਪੀ.ਈ., ਅਮਨਦੀਪ ਕੌਰ, ਹਰਪ੍ਰੀਤ ਕੌਰ ਚੀਮਾਂ, ਕੋਮਲ ਅਰੋੜਾ, ਜਸਪ੍ਰੀਤ ਕੌਰ, ਰਣਬੀਰ ਕੌਰ, ਰਾਧਾ ਰਾਣੀ, ਗੁਰਿੰਦਰ ਕੌਰ, ਗੀਤਾ ਰਾਣੀ, ਗੌਰਵ ਗੁਪਤਾ, ਕੁਲਦੀਪ ਸਿੰਘ ਢੋਲਣ ਆਦਿ ਵੀ ਹਾਜ਼ਰ ਸਨ।