ਸਵੱਛਤਾ ਪਖਵਾੜਾ -2025 ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 15 ਜੁਲਾਈ 2025: ਗੈਸ ਅਥਾਰਟੀ ਆਫ਼ ਇੰਡੀਆ ਲਿਮਟਿਡ (ਜੀਏਆਈਐਲ) , ਚੰਡੀਗੜ੍ਹ ਜ਼ੋਨਲ ਆਫਿਸ), ਜਵਾਲਾ ਬਾਇਓਐਨਰਜੀ ਅਤੇ ਆਰਜੀਆਰ ਸੈੱਲ (ਟਾਟਾ ਟਰੱਸਟਸ ਨਾਲ ਸੰਬੰਧਤ ਐਨਜੀਓ) ਨੇ ਮਿਲ ਕੇ ਸਰਕਾਰੀ ਸਮਾਰਟ ਹਾਈ ਸਕੂਲ, ਜੌਲਾ ਕਲਾਂ ਵਿਖੇ ਸਵੱਛਤਾ ਪਖਵਾੜਾ 2025 ਦੇ ਤਹਿਤ ਇਕ ਸੀਐਸਆਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ,ਜਿਸ ਵਿੱਚ ਸ਼੍ਰੀ ਆਕਾਸ਼ ਭਵਨ, ਜ਼ੋਨਲ ਆਫਿਸ ਇੰਚਾਰਜ ਜੀਏਆਈਐਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਉਕਤ ਕੰਪਨੀ ਦੇ ਜਨਰਲ ਮੈਨੇਜਰ ਸੰਜੇ ਅਰੋੜਾ ਅਤੇ ਸੀਨੀਅਰ ਅਫਸਰ ਸ਼ਸ਼ਾਂਕ ਸ਼ੇਖਰ ਵੀ ਮੌਜੂਦ ਸਨ।
ਸਮਾਗਮ ਵਿੱਚ ਜਵਾਲਾ ਬਾਇਓਐਨਰਜੀ ਵੱਲੋਂ ਅਸ਼ੋਕ ਬੈਂਜਾਮਿਨ,ਸੁਬੋਧ ਰਾਓ ਅਤੇ ਦਰਸ਼ਪ੍ਰੀਤ ਸਿੰਘ ਅਤੇ ਆਰਜੀਆਰ ਤੋਂ ਬਲਵਿੰਦਰ ਸਿੰਘ ਸੈਣੀ, ਗੁਰਪ੍ਰੀਤ ਵਾਲੀਆ , ਆਸ਼ੂ ਸੈਣੀ, ਹਰਦੀਪ ਸਿੰਘ, ਪਰਵਿੰਦਰ ਸਿੰਘ, ਜੈ ਸਿੰਘ, ਤਲਵਿੰਦਰ ਸਿੰਘ ਅਤੇ ਪਰਵਿੰਦਰ ਸਿੰਘ ਆਦਿ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਦਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਸੀਬੀਜੀ ਕਲੀਨ ਮੋਬਿਲਟੀ ਅਵੇਰਨੈੱਸ ਥੀਮ ਤਹਿਤ ਆਯੋਜਿਤ ਇਸ ਸਮਾਗਮ ਵਿੱਚ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਕੰਪ੍ਰੈੱਸਡ ਬਾਇਓਗੈਸ ਦੀ ਭਵਿੱਖ ਵਿੱਚ ਭੂਮਿਕਾ ਬਾਰੇ ਜਾਗਰੂਕ ਕੀਤਾ।
ਆਕਾਸ਼ ਭਵਨ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਜੀਏਆਈਐਲ ਇੰਡੀਆ ਦੇਸ਼ ਵਿੱਚ 16 ਹਜਾਰ ਕਿਲੋਮੀਟਰ ਤੋਂ ਵੱਧ ਦੀ ਗੈਸ ਪਾਈਪਲਾਈਨ ਵਿਛਾ ਚੁੱਕੀ ਹੈ ਅਤੇ ਜੌਲਾ ਕਲਾਂ ਵਰਗੇ ਬਹੁਤ ਸਾਰੇ ਪਿੱਛੜੇ ਪਿੰਡ ਭਾਰਤ ਦੇ ਸਾਫ਼ ਊਰਜਾ ਭਵਿੱਖ ਦਾ ਕੇਂਦਰ ਬਣਨ ਵਾਲੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਹਰ ਸਾਲ 40 ਹਜ਼ਾਰ ਟਨ ਐਗਰੀਕਲਚਰਲ ਵੇਸਟ (ਪਰਾਲੀ, ਗੋਬਰ, ਚਿਕਨ ਕੂੜਾ) ਤੋਂ ਗੈਸ ਬਣਾਵੇਗੀ । ਉਨ੍ਹਾਂ ਦੱਸਿਆ ਕਿ ਇਸ ਪਲਾਂਟ ਨੂੰ ਗਾਂ ਦੇ ਪੇਟ ਵਾਂਗ ਸਮਝੋ, ਜਿੱਥੇ ਭੋਜਨ ਹਜ਼ਮ ਹੁੰਦਾ ਹੈ ਅਤੇ ਗੈਸ ਬਣਦੀ ਹੈ।" ਉਨ੍ਹਾਂ ਦੱਸਿਆ ਕਿ ਆਰਜੀਆਰ ਸੈੱਲ 10 ਨੇੜਲੇ ਪਿੰਡਾਂ ਵਿੱਚ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨਾਲ ਰਾਬਤਾ ਕਰਕੇ ਖੇਤੀ ਤਰੀਕਿਆਂ ਨੂੰ ਉਤਸ਼ਾਹਿਤ ਕਰੇਗੀ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਸਵੱਛਤਾ, ਸਾਫ ਊਰਜਾ ਉੱਤੇ ਡਰਾਇੰਗ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸ੍ਰੀਮਤੀ ਨੁਪੁਰ ਗੁਪਤਾ ਨੇ ਸਮਾਗਮ ਦੇ ਅੰਤ ਵਿੱਚ ਧੰਨਵਾਦ ਪ੍ਰਗਟ ਕਰਦਿਆਂ ਜੀਏਆਈਐਲ ਅਤੇ ਜਵਾਲਾ ਬਾਇਓਐਨਰਜੀ ਦੇ ਅਧਿਕਾਰੀਆਂ ਨੂੰ ਵਿਦਿਆਰਥੀਆਂ ਲਈ ਭਵਿੱਖ ਵਿੱਚ ਕੈਰੀਅਰ ਕੌਂਸਲਿੰਗ ਅਤੇ ਸਿੱਖਿਆਵਾਂ ਦੀਆਂ ਵੱਖ-ਵੱਖ ਵਰਕਸ਼ਾਪਾਂ ਕਰਵਾਉਣ ਲਈ ਸੱਦਾ ਦਿੱਤਾ। ਇਸ ਮੌਕੇ ਪਿੰਡ ਦੇ ਸਰਪੰਚ, ਪੰਚ ਅਤੇ ਪਿੰਡ ਵਾਸੀ ਮੌਜੂਦ ਸਨ।