ਸਿਲੰਡਰ ਫਟਣ ਕਾਰਨ ਮਾਂ-ਧੀ ਗੰਭੀਰ ਜ਼ਖਮੀ
ਕਮਲਜੀਤ ਸੰਧੂ
ਬਰਨਾਲਾ, 15 ਜੁਲਾਈ 2025 - ਬਰਨਾਲਾ ਦੇ ਪੱਕਾ ਕਾਲਜ ਰੋਡ ਨੇੜੇ ਇੱਕ ਘਰ 'ਚ ਸਿਲੰਡਰ ਫਟਣ ਕਾਰਨ ਮਾਂ-ਧੀ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ਤੋਂ ਬਾਅਦ ਮਾਂ-ਧੀ ਨੂੰ ਸਰਕਾਰੀ ਹਸਪਤਾਲ ਬਰਨਾਲਾ ਤੋਂ ਫਰੀਦਕੋਟ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ 'ਚ ਮਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਿਲੰਡਰ ਫਟਣ ਮੌਕੇ ਘਰ ਵਿੱਚ ਮਾਵਾਂ ਧੀਆਂ ਦੋਨੋਂ ਹੀ ਮੌਜੂਦ ਸਨ। ਘਟਨਾ ਪਿਛਲੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ।
ਘਟਨਾ ਨੂੰ ਲੈ ਕੇ ਕੋਈ ਵੀ ਪਰਿਵਾਰਿਕ ਮੈਂਬਰ ਮੀਡੀਆ ਸਾਹਮਣੇ ਨਹੀਂ ਆ ਰਿਹਾ। ਜਦੋਂ ਕਿ ਸਿਲੰਡਰ ਨੂੰ ਅੱਗ ਲੱਗਣ ਦੀ ਘਟਨਾ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਟੀ ਵਨ ਇੰਸਪੈਕਟਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਇਸ ਮਾਮਲੇ ਨੂੰ ਲੈ ਕੇ ਸਿਟੀ ਬਰਨਾਲਾ ਪੁਲਿਸ ਥਾਣਾ ਦੇ ਐਸਐਚ ਓ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਤੋਂ ਜਾਣਕਾਰੀ ਮਿਲੀ ਸੀ ਕਿ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਸਿਲੰਡਰ ਫਟਣ ਕਾਰਨ ਦੋ ਔਰਤਾਂ ਗੰਭੀਰ ਜ਼ਖਮੀ ਹੋਈਆਂ ਹਨ। ਜਿਨਾਂ ਦੀ ਪਹਿਚਾਨ ਮਨਜੀਤ ਕੌਰ (38 ਸਾਲ )ਪਤਨੀ ਜਸਵਿੰਦਰ ਸਿੰਘ ਅਤੇ ਉਸਦੀ ਲੜਕੀ ਅਨਮੋਲ (20 ਸਾਲ) ਜਖਮੀ ਹੋਈਆਂ ਹਨ, ਜਿਨਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਦਾਖਲ ਕਰਵਾਇਆ ਗਿਆ ਸੀ। ਪਰ ਹਾਲਤ ਜਿਆਦਾ ਗੰਭੀਰ ਹੋਣ ਦੇ ਚਲਦਿਆਂ ਉਹਨਾਂ ਨੂੰ ਬਰਨਾਲਾ ਤੋਂ ਫਰੀਦਕੋਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਪਰਿਵਾਰਿਕ ਮੈਂਬਰ ਬਿਆਨ ਲਖਵੋਣਗੇ ਉਸ ਦੇ ਅਧਾਰ ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਘਟਨਾ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਇਸ ਘਟਨਾ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਹਨ। ਕਿ ਇਸ ਘਟਨਾ ਦਾ ਅਸਲ ਕਾਰਨ ਕੀ ਹੈ। ਜੋ ਪੁਲਿਸ ਨੂੰ ਬਿਆਨ ਤੋਂ ਬਾਅਦ ਹੀ ਸਾਹਮਣੇ ਨਿਕਲ ਕੇ ਆਵੇਗਾ। ਇਸ ਘਟਨਾ ਵਿੱਚ ਮਾਂ ਤੇ ਧੀ ਅੱਗ ਵਿੱਚ ਝੁਲਸਣ ਕਾਰਨ ਗੰਭੀਰ ਜ਼ਖਮੀ ਹਨ, ਜਿਸ ਵਿੱਚ ਮਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।