ਫਸਲੀ ਵਿਭਿੰਨਤਾ ਲਈ ਪਕਾਵੀਂ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਮਿਲੇਗਾ 10,000 ਰੁਪਏ ਪ੍ਰਤੀ ਹੈਕਟੇਅਰ
ਮਾਲੇਰਕੋਟਲਾ 10 ਜੁਲਾਈ 2025 - ਪੰਜਾਬ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪਕਾਵੀਂ ਮੱਕੀ ਹੇਠ ਰਕਬਾ ਵਧਾਉਣ ਦੇ ਉਦੇਸ਼ ਨਾਲ ਕਿਸਾਨ ਭਰਾਵਾਂ ਨੂੰ 10,000/- ਰੁਪਏ ਪ੍ਰਤੀ ਹੈੱਕਟਅਰ (4000/- ਰੁਪਏ ਪ੍ਰਤੀ ਏਕੜ) ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸਕੀਮ ਦਾ ਲਾਭ ਉਹਨਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਝੋਨੇ ਦੇ ਬਦਲ ਵਜ਼ੋ ਮੱਕੀ ਬੀਜਣਗੇ। ਇਹ ਯੋਜਨਾ ਪੰਜਾਬ ’ਚ ਘਟਦੇ ਪਾਣੀ ਦੇ ਪੱਧਰ ਨੂੰ ਰੋਕਣ ਤੇ ਪਾਣੀ ਦੀ ਭਵਿੱਖ ਲਈ ਸੰਭਾਲ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ ਕਿਉਕਿ ਮੱਕੀ ਦੀ ਫ਼ਸਲ ਨੂੰ ਝੋਨਾ/ਬਾਸਮਤੀ ਦੀ ਤੁਲਨਾ ’ਚ ਕਾਫੀ ਘੱਟ ਪਾਣੀ ਦੀ ਲੋੜ ਹੁੰਦੀ ਹੈ, ਜਿਸ ਕਾਰਨ ਇਹ ਫਸਲ ਪਾਣੀ ਦੇ ਘੱਟਦੇ ਪੱਧਰ ਨੂੰ ਬਚਾਉਣ ਤੇ ਫਸਲੀ ਵਿਭਿੰਨਤਾ ਲਈ ਸਹਾਇਕ ਸਿੱਧ ਹੋਵੇਗੀ।
ਖੇਤੀਬਾੜੀ ਅਫਸਰ ਡਾ. ਕੁਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਅਧੀਨ ਜ਼ਿਲ੍ਹੇ ਨੂੰ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਮੱਕੀ ਹੇਠ ਰਕਬਾ 50 ਹੈੱਕਟੇਅਰ (125 ਏਕੜ) ਰਕਬਾ ਤਕ ਵਧਾਉਣ ਦਾ ਟੀਚਾ ਪ੍ਰਾਪਤ ਹੋਇਆ ਹੈ ਜਿਸ ’ਚ 5 ਕਲੱਸਟਰ ਪ੍ਰਦਰਸ਼ਨੀਆਂ (10 ਹੈੱਕਟੇਅਰ ਪ੍ਰਤੀ ਪ੍ਰਦਰਸ਼ਨੀ) ਹਨ, ਜਿਨ੍ਹਾਂ ਦੀ ਬਲਾਕ ਵਾਰ ਵੰਡ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਜੋ ਕਿਸਾਨ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਮੱਕੀ ਦੀ ਬੀਜਾਈ ਕਰਨ ਤੋਂ ਬਾਅਦ ਆਪਣੀ ਰਜਿਸਟ੍ਰੇਸ਼ਨ ਪੰਜਾਬ ਸਰਕਾਰ ਦੇ ਪੋਰਟਲ www.agrimachinerypb.com ਤੇ ਜ਼ਰੂਰ ਕਰਵਾਉਣ।
ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਿਸਾਨ ਮੱਕੀ ਦੀ ਫ਼ਸਲ ਤੇ ਖ਼ਰਚ ਕੀਤੇ ਹਰੇਕ ਇਨਪੁੱਟ (ਜਿਵੇਂ ਕਿ ਬੀਜ, ਖਾਦਾਂ, ਕੀਟਨਾਸ਼ਕ ਆਦਿ) ਦੇ ਅਸਲੀ ਬਿੱਲ ਸੰਭਾਲ ਕੇ ਰੱਖਣ ਤਾਂ ਜੋ ਲੋੜ ਪੈਣ ਤੇ ਵਿਭਾਗ ਦੇ ਸਨਮੁੱਖ ਪੇਸ਼ ਕੀਤੇ ਜਾ ਸਕਣ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਮੱਕੀ ਦੇ ਰਕਬੇ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਜ਼ਿਲ੍ਹੇ ’ਚ ਫ਼ਸਲੀ ਵਿਭਿੰਨਤਾ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਸਕੇ ਤੇ ਪਾਣੀ ਦੀ ਬਚਤ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਡਾ. ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਕਿਸਾਨ ਖੇਤੀਬਾੜੀ ਦਫਤਰ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਵਿਖੇ ਸੰਪਰਕ ਕਰ ਸਕਦੇ ਹਨI