ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਚੱਕੇ ਸਵਾਲ
ਅਸ਼ੋਕ ਵਰਮਾ
- ਪੰਜਾਬ ਦੇ ਹਾਲਾਤ ਸਰਕਾਰ ਦੇ ਹੱਥੋਂ ਹੋਏ ਬਾਹਰ, ਮੁੱਖ ਮੰਤਰੀ ਦੇਣ ਅਸਤੀਫਾ : ਮੋਹਿਤ ਗੁਪਤਾ
- ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦੇ ਹੌਸਲੇ ਬੁਲੰਦ, ਪੰਜਾਬ ਦੇ ਵਿਕਾਸ ਲਈ ਕਰਦੇ ਰਹਾਂਗੇ ਯਤਨ
ਬਠਿੰਡਾ, 10ਜੁਲਾਈ 2025:ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ ਨੇ ਬਠਿੰਡਾ ਵਿੱਚ 20 ਲੱਖ ਦੀ ਹੋਈ ਲੁੱਟ, 40 ਕਿਲੋ ਹੈਰੋਇਨ ਦੀ ਬਰਾਮਦਗੀ, ਅਬੋਹਰ ਵਿਖੇ ਕੱਪੜਾ ਵਪਾਰੀ ਦੇ ਹੋਏ ਕਤਲ ਅਤੇ ਇਸ ਕਤਲ ਘਟਨਾ ਵਿੱਚ ਦੋ ਨੌਜਵਾਨਾਂ ਨੂੰ ਨਾਮਜਦ ਕਰਕੇ ਇਨਕਾਊਂਟਰ ਵਿੱਚ ਮਾਰ ਦੇਣ ਦੇ ਸ਼ੱਕੀ ਹਾਲਾਤ ਤੇ ਚਿੰਤਾ ਜਾਹਰ ਕਰਦੇ ਹੋਏ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ। ਮੋਹਿਤ ਗੁਪਤਾ ਨੇ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ, ਹਰ ਪਾਸੇ ਕਤਲੋਗਾਰਦ ,ਲੁਟ ਖੋਹ, ਗੈਂਗਸਟਰਾਂ ਦੀਆਂ ਧਮਕੀਆਂ ਅਤੇ ਫਰੌਤੀਆਂ ਦਾ ਕੰਮ ਜ਼ੋਰਾਂ ਤੇ ਹੈ ਪਰੰਤੂ ਹੈਰਾਨਗੀ ਦੀ ਗੱਲ ਹੈ ਕਿ ਕਿਸੇ ਪਾਸੇ ਸਰਕਾਰ ਜਾਂ ਪੁਲਿਸ ਦੀ ਕਾਰਗੁਜ਼ਾਰੀ ਨਜ਼ਰ ਨਹੀਂ ਆ ਰਹੀ ਹੈ।
ਉਹਨਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਅਸਤੀਫਾ ਦੇਣ ।ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਚੋਣਾਂ ਵੇਲੇ ਦਿੱਤੀਆਂ ਕਿਸੇ ਵੀ ਗਰੰਟੀਆਂ ਤੇ ਕੋਈ ਕੰਮ ਨਹੀਂ ਹੋਇਆ, ਮਹਿਲਾਵਾਂ ਇੱਕ ਇੱਕ ਹਜ਼ਾਰ ਰੁਪਏ ਦੀ ਉਡੀਕ ਵਿੱਚ ਆਪਣੇ ਨਾਲ ਧੋਖਾ ਮਹਿਸੂਸ ਕਰ ਰਹੀਆਂ ਹਨ ,ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲਿਆ, ਨੌਕਰੀਆਂ ਨਹੀਂ ਮਿਲੀਆਂ, ਨਸ਼ਿਆਂ ਦਾ ਜੋਰ ਵਧ ਰਿਹਾ ਹੈ ਪਰੰਤੂ ਹੈਰਾਨਗੀ ਦੀ ਗੱਲ ਹੈ ਕਿ ਸਰਕਾਰ ਸੂਬੇ ਦੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥਕਦੀ, ਜਦੋਂ ਕਿ ਜਮੀਨੀ ਹਾਲਾਤ ਮਾੜੇ ਹਨ।
ਉਹਨਾਂ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਝੂਠਾ ਕੇਸ ਦਰਜ ਕਰਕੇ ਮਾਨ ਸਰਕਾਰ ਆਪਣੀਆਂ ਨਲਾਇਕੀਆਂ ਨੂੰ ਛਪਾਉਣ ਲਈ ਕੰਮ ਕਰ ਰਹੀ ਹੈ ਪ੍ਰੰਤੂ ਅਦਾਲਤ ਵਿੱਚ ਇਸਦਾ ਸਾਹਮਣਾ ਸਰਕਾਰ ਨੂੰ ਕਰਨਾ ਹੀ ਪਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦੇ ਹੌਸਲੇ ਬੁਲੰਦ ਹਨ ਤੇ ਉਹ ਪੰਜਾਬ ਦੇ ਵਿਕਾਸ ਲਈ ਹਮੇਸ਼ਾ ਹੀ ਯਤਨਸ਼ੀਲ ਰਹਿਣਗੇ। ਇਸ ਮੌਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰਾਂ ਅਤੇ ਲੀਡਰਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਸੂਬੇ ਦੇ ਵਿਕਾਸ ਅਤੇ ਹਰ ਵਰਗ ਨੂੰ ਦਿੱਤੀਆਂ ਬੁਨਿਆਦੀ ਸਹੂਲਤਾਂ ਪ੍ਰਤੀ ਜਾਣਕਾਰੀ ਦੇਣ ਲਈ ਘਰ ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਲਾਮਬੰਦ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਪਾਰਟੀ ਦੇ ਬੁਲਾਰੇ ਚਮਕੌਰ ਸਿੰਘ ਮਾਨ ਅਤੇ ਹੋਰ ਆਗੂ ਵੀ ਹਾਜ਼ਰ ਸਨ।