ਸਕੂਲਾਂ 'ਚ ਠੰਡੇ ਪਾਣੀ ਦੇ ਕੂਲਰ ਦਾਨ ਕਰਨਾ ਸਦੀਵੀਂ ਛਬੀਲ : ਡਾ ਮੁਲਤਾਨੀ
- ਦੋ ਸਕੂਲਾਂ ਨੂੰ ਵਾਟਰ ਕੂਲਰ ਤੇ ਆਰਓ ਭੇਟ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਜੁਲਾਈ 2025: ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ( ਰਜਿ ਸੁਸਾਇਟੀ) ਲਾਲੜੂ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਿਛਲੇ ਤੀਹ ਸਾਲਾਂ ਤੋਂ ਚੱਲਦੀ ਸਹਿਯੋਗ ਮੁਹਿੰਮ ਨੂੰ ਜਾਰੀ ਰੱਖਦਿਆਂ ਅੱਜ ਦੋ ਸਰਕਾਰੀ ਸਕੂਲਾਂ ਨੂੰ ਵੱਖ -ਵੱਖ ਲੋੜੀਂਦਾ ਸਮਾਨ ਭੇਟ ਕੀਤਾ ਗਿਆ , ਜਿਸ ਵਿੱਚ ਸਰਕਾਰੀ ਹਾਈ ਸਕੂਲ ਸੁੰਡਰਾ ਅਤੇ ਸਰਕਾਰੀ ਮਿਡਲ ਸਕੂਲ ਨਗਲਾ (ਹੰਡੇਸਰਾ) ਨੂੰ ਵਾਟਰ ਕੂਲਰ ਅਤੇ ਆਰਓ ਦਿੱਤੇ ਗਏ । ਡਾ. ਮੁਲਤਾਨੀ ਨੇ ਸਕੂਲਾਂ ਵਿੱਚ ਠੰਡੇ ਪਾਣੀ ਦੇ ਕੂਲਰ ਦਾਨ ਕਰਨ ਨੂੰ ਸਦੀਵੀਂ ਛਬੀਲ ਦੱਸਦੇ ਹੋਏ ਕਿਹਾ ਕਿ ਆਮ ਲੋਕਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਕੂਲੀ ਬੱਚੇ ਖੁਸ਼ੀ ਨਾਲ ਪੜ੍ਹਾਈ ਕਰ ਸਕਣ ।
ਡਾ.ਮੁਲਤਾਨੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਕਈ ਬਦਲਾਵ ਆਏ ਹਨ ਪਰੰਤੂ ਅਜੇ ਸਕੂਲਾਂ ਦੇ ਸੁਧਾਰ ਲਈ ਬਹੁਤ ਕੁਝ ਕਰਨਾ ਬਾਕੀ ਹੈ। ਡਾ. ਮੁਲਤਾਨੀ ਨੇ ਮੰਗ ਕੀਤੀ ਕਿ ਸਕੂਲਾਂ ਅਤੇ ਕਾਲਜਾਂ ਵਿਚ ਟੀਚਰਾਂ ਦੀਆਂ ਖਾਲੀ ਅਸਾਮੀਆਂ ਪੂਰੀਆਂ ਕਰਨ ਨੂੰ ਪ੍ਰਾਥਮਿਕਤਾ ਦੇਣ ਦੇ ਨਾਲ ਨਾਲ ਅਧਿਆਪਕਾਂ ਵਲੋਂ ਬਰਾਬਰ ਕੰਮ ਬਰਾਬਰ ਤਨਖਾਹ ਅਤੇ ਪੱਕੇ ਕਰਨ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਨੂੰ ਬਿਨਾਂ ਦੇਰੀ ਪੂਰੀਆਂ ਕਰਨੀਆਂ ਚਾਹੀਦਾ ਹੈ । ਡਾ. ਮੁਲਤਾਨੀ ਨੇ ਅਧਿਆਪਕਾਂ ਨੂੰ ਦੇਸ਼ ਨਿਰਮਾਤਾ ਦੱਸਦੇ ਹੋਏ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਡਿੱਗ ਰਹੇ ਸਟੈਂਡਰਡ ਵੱਲ ਉਚੇਚਾ ਧਿਆਨ ਦੇਣ ਅਤੇ ਸੋਸ਼ਲ ਸਿੱਖਿਆ ਨੂੰ ਪ੍ਰਾਥਮਿਕਤਾ ਦੇਣ ਲਈ ਵੀ ਬੇਨਤੀ ਕੀਤੀ। ਸ਼ੈਲਟਰ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਨੇ ਆਉਣ ਵਾਲੇ ਸਮੇਂ ਵਿੱਚ ਵੀ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਇਸੇ ਤਰ੍ਹਾਂ ਦੀ ਮਦਦ ਚਾਲੂ ਰੱਖਣ ਦਾ ਵਾਅਦਾ ਕੀਤਾ।
ਡਾ. ਮੁਲਤਾਨੀ ਨੇ ਦੱਸਿਆ ਕਿ ਸ਼ੈਲਟਰ ਚੈਰੀਟੇਬਲ ਟਰੱਸਟ ਵੱਲੋਂ ਹੁਣ ਤੱਕ ਡੇਰਾੱਬਸੀ ਬਲਾਕ ਦੇ ਲਾਲੜੂ ਪਿੰਡ , ਲਾਲੜੂ ਮੰਡੀ ਸਕੂਲ , ਘੋਲੂ ਮਾਜਰਾ, ਮਲਕਪੁਰ ਜੰਡਲੀ , ਮੋਰ ਠੀਕਰੀ, ਹੰਡੇਸਰਾ , ਨਗਲਾ ਤੇ ਸੁੰਡਰਾਂ ਵਿਚ ਪਾਣੀ ਲਈ ਬੋਰ / ਮੋਟਰ , ਆਰ ਓਜ , ਠੰਡੇ ਪਾਣੀ ਲਈ ਵਾਟਰ ਕੂਲਰ ਆਦਿ ਦੀ ਸੇਵਾ ਕਰ ਚੁੱਕੇ ਹਨ ਇਸ ਮੌਕੇ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ, ਜਨਰਲ ਸਕੱਤਰ ਰਾਜਬੀਰ ਸਿੰਘ ਰਾਣਾ, ਖਜ਼ਾਨਚੀ ਰਘੁਬੀਰ ਜੁਨੇਜਾ , ਕਾਮਰੇਡ ਚੰਦਰਪਾਲ ਅੱਤਰੀ , ਜੱਗੀ ਤੁਸ਼ਾਰ, ਮਨੋਜ ਮਹਿਤਾ ਅਤੇ ਸਕੂਲ ਟੀਚਰ ਮੈਡਮ ਅਨੀਤਾ ਤੇ ਗਗਨਦੀਪ ਕੌਰ ਦੇ ਨਾਲ -ਨਾਲ ਅਧਿਆਪਕ ਦਲਜੀਤ ਸਿੰਘ ਵੀ ਹਾਜ਼ਰ ਸਨ ।