ਸਾਬਕਾ ਚੇਅਰਮੈਨ 'ਤੇ ਹੋਏ ਪਰਚੇ ਦਾ ਮਾਮਲਾ: ਆਪ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਸਾਰੇ ਤੱਥ ਰੱਖੇ ਸਾਹਮਣੇ
- ਸਾਬਕਾ ਚੇਅਰਮੈਨ ਤੇ ਪਰਚਾ ਬਦਲਾਖੋਰੀ ਦੀ ਰਾਜਨੀਤੀ ਕਾਰਨ ਨਹੀਂ ਬਲਕਿ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਹੋਇਆ-ਆਪ ਆਗੂ
ਦੀਪਕ ਜੈਨ
ਜਗਰਾਉਂ/10 ਜੁਲਾਈ 2025 - ਬੀਤੇ ਦਿਨੀ ਜਗਰਾਉਂ ਪੁਲਿਸ ਵੱਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਿਕ ਅਤੇ ਉਸਦੇ ਇੱਕ ਹੋਰ ਸਾਥੀ ਤੇ ਕਲੋਨੀ ਦੀ ਕੰਧ ਤੋੜਨ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਪਰਚਾ ਦਰਜ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਨੂੰ ਸਿਆਸੀ ਰੰਗ ਦਿੰਦਿਆਂ ਹੁੰਦਿਆਂ ਕਿਹਾ ਗਿਆ ਸੀ ਕਿ ਦੀਦਾਰ ਸਿੰਘ ਮਲਕ ਤੇ ਇਹ ਪਰਚਾ ਆਮ ਆਦਮੀ ਪਾਰਟੀ ਦੀ ਬਦਲਾਖੋਰੀ ਦੀ ਰਾਜਨੀਤੀ ਦੇ ਕਾਰਨ ਹੋਇਆ ਹੈ ਕਿਉਂਕਿ ਉਹਨਾਂ ਵੱਲੋਂ ਬੀਤੀ 7 ਜੁਲਾਈ ਨੂੰ ਤਹਿਸੀਲ ਚੌਂਕ ਵਿਖੇ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਵੱਖ-ਵੱਖ ਰਾਜਨੀਤੀ ਪਾਰਟੀਆਂ ਦੇ ਆਗੂਆਂ ਦੀ ਅਗਵਾਈ ਵਿੱਚ ਧਰਨਾ ਲਗਾਇਆ ਗਿਆ ਸੀ ਜਿਸ ਧਰਨੇ ਦੀ ਪੂਰੀ ਰੂਪ ਰੇਖਾ ਦਾ ਸੂਤਰਧਾਰ ਦੀਦਾਰ ਸਿੰਘ ਮਲਿਕ ਸਨ ਜਿਸਦੇ ਚਲਦਿਆਂ ਹੀ ਸਰਕਾਰ ਵੱਲੋਂ ਉਹਨਾਂ ਨੂੰ ਜਾਣ ਬੁਝ ਕੇ ਕਈ ਮਹੀਨੇ ਪੁਰਾਣੀ ਸ਼ਿਕਾਇਤ ਦੇ ਆਧਾਰ ਤੇ ਪਰਚਾ ਦਰਜ ਕਰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਜਗਰਾਉਂ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਆਗੂਆਂ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਾਣ ਬੁਝ ਕੇ ਦੀਦਾਰ ਸਿੰਘ ਮਲਕ ਉੱਤੇ ਹੋਏ ਪਰਚੇ ਨੂੰ ਸਿਆਸੀ ਰੰਗ ਦੇਣਾ ਚਾਹੁੰਦੀ ਹੈ ਜੋ ਕਿ ਸਾਰਾ ਸਰ ਗਲਤ ਹੈ। ਉਹਨਾਂ ਨੇ ਕਿਹਾ ਕਿ ਬੀਤੇ ਕੁਝ ਮਹੀਨੇ ਪਹਿਲਾਂ ਦੀਦਾਰ ਸਿੰਘ ਮਲਕ ਵੱਲੋਂ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਜਗਰਾਉਂ ਦੀ ਸਭ ਤੋਂ ਮਹਿੰਗੀ ਪੋਸ਼ ਸੈਂਟਰ ਸਿਟੀ ਕਲੋਨੀ ਦੇ ਨਾਲ ਲੱਗਦੀ ਜਮੀਨ ਲਈ ਹੋਈ ਹੈ ਜੋ ਕਿ ਸੈਂਟਰ ਸਿਟੀ ਦੀ ਦੀਵਾਰ ਤੋੜ ਕੇ ਉਸ ਵਿੱਚੋਂ ਰਸਤਾ ਕੱਢਣਾ ਚਾਹੁੰਦਾ ਹੈ ਜਿਸ ਦਾ ਸੈਂਟਰ ਸਿਟੀ ਦੇ ਵਸਨੀਕਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਅਤੇ ਇਸ ਮਾਮਲੇ ਵਿੱਚ ਹਾਈਕੋਰਟ ਤੋਂ 2021 ਚ ਸਟੇ ਵੀ ਲਿਆ ਹੋਇਆ ਹੈ ਇਸ ਦੇ ਬਾਵਜੂਦ ਵੀ ਦੀਦਾਰ ਸਿੰਘ ਮਲਕ ਅਤੇ ਉਸਦੇ ਸਾਥੀਆਂ ਵੱਲੋਂ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਕਲੋਨੀ ਦੀ ਕੰਧ ਤੋੜ ਦਿੱਤੀ ਗਈ।
ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਲੋਨੀ ਦੇ ਵਸਨੀਕਾ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਹਾਈ ਕੋਰਟ ਦੇ ਸਟੇ ਆਰਡਰ ਦੇ ਹੁਕਮਾਂ ਦੀ ਕਾਪੀ ਸਮੇਤ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਦੇ ਆਧਾਰ ਤੇ ਪੁਲਿਸ ਵੱਲੋਂ ਉੱਚ ਅਧਿਕਾਰੀਆਂ ਦੀ ਸਿੱਟ ਬਣਾਉਣ ਕੇ ਇਸ ਮਾਮਲੇ ਦੀ ਕਈ ਮਹੀਨਿਆਂ ਤੱਕ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਡੀਏ ਲੀਗਲ ਦੀ ਸਲਾਹ ਦੇ ਨਾਲ ਹੀ ਪੂਰੇ ਤੱਥਾਂ ਦੇ ਅਧਾਰ ਤੇ ਦੀਦਾਰ ਸਿੰਘ ਮਲਕ ਅਤੇ ਉਸਦੇ ਸਾਥੀ ਦੁਸ਼ਹਿਰਾ ਕਮੇਟੀ ਦੇ ਸਾਬਕਾ ਪ੍ਰਧਾਨ ਰਤੇਸ਼ ਭੱਟ ਜੋਕਿ ਪ੍ਰਾਪਰਟੀ ਕਾਰੋਬਾਰੀ ਵੀ ਹੈ ਤੇ ਪਰਚਾ ਦਰਜ ਕੀਤਾ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਕੂੜ ਪ੍ਰਚਾਰ ਕਰਕੇ ਇਸ ਮੁੱਦੇ ਨੂੰ ਭੜਕਾਉਣਾ ਚਾਹੁੰਦਾ ਹੈ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹਲਕਾ ਜਗਰਾਉਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਬਦਨਾਮ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ ਅਤੇ ਅਸੀਂ ਵੀ ਇਹ ਨਹੀਂ ਚਾਹੁੰਦੇ ਕਿ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦੇ ਕਾਰਨ ਕਿਸਾਨਾਂ ਦੀ ਜਮੀਨ ਉਹਨਾਂ ਦੇ ਹੱਥੋਂ ਖੁੰਝ ਜਾਵੇ ਉਹਨਾਂ ਕਿਹਾ ਕਿ ਇਸ ਮੁੱਦੇ ਤੇ ਉਹਨਾਂ ਵੱਲੋਂ ਵੀ ਹਲਕਾ ਵਿਧਾਇਕਾ ਮਾਣੂਕੇ ਨਾਲ ਪਿਛਲੇ ਕਈ ਦਿਨਾਂ ਤੋਂ ਵਿਚਾਰ ਵਿਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਵਿਧਾਇਕਾਂ ਮਾਣੂਕੇ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਨੂੰ ਜਲਦ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਉਣਗੇ।