INTERNET ਦਾ ਅਰਥ ਹੈ ਇੰਟਰ ਕਨੈਕਟਡ ਨੈੱਟਵਰਕ, ਨੈਟਵਰਕ ਆਫ ਨੈਟਵਰਕਸ ਅਤੇ ਇਸ ਨੂੰ ਇੰਟਰਨੇਸ਼ਨਲ ਨੈੱਟਵਰਕ ਵੀ ਕਿਹਾ ਜਾਂਦਾ ਹੈ । ਇਹ ਸੰਸਾਰ ਭਰ ਦੇ ਕੰਪਿਊਟਰਾਂ ਅਤੇ ਡਿਵਾਈਸਜ਼ ਨੂੰ ਆਪਸ ਵਿੱਚ ਜੋੜਦਾ ਹੈ। ਇਸ ਲਈ ਅਸੀਂ ਇੰਟਰਨੈੱਟ ਨੂੰ ਗਲੋਬਲ ਨੈੱਟਵਰਕ ਵੀ ਕਹਿ ਸਕਦੇ ਹਾਂ ।ਇਸ ਦੀ ਮਦਦ ਨਾਲ ਅਸੀਂ ਸੰਸਾਰ ਭਰ ਵਿਚ ਇਕ ਦੂਜੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹਾਂ ਅਤੇ ਵੱਖ ਵੱਖ ਆਨਲਾਈਨ ਸੇਵਾਵਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਾਂ।
ਇੰਟਰਨੈਟ ਦੇ ਬਹੁਤ ਜਿਆਦਾ ਫਾਇਦੇ ਹਨ। ਅੱਜ ਹਰ ਉਮਰ ਦਾ ਵਿਅਕਤੀ ਇੰਟਰਨੈੱਟ ਦਾ ਕਿਸੇ ਨਾ ਕਿਸੇ ਰੂਪ ਵਿਚ ਇਸਤੇਮਾਲ ਜਰੂਰ ਕਰ ਰਿਹਾ ਹੈ ।
ਅੱਜ ਅਸੀਂ ਗੱਲ ਕਰਾਂਗੇ IoT ਬਾਰੇ। IoT ਦਾ ਪੂਰਾ ਨਾਮ ਹੈ ਇੰਟਰਨੈੱਟ ਆਫ ਥਿੰਗਸ । ਇੰਟਰਨੈਟ ਅਤੇ IoT ਵਿਚਕਾਰ ਬਹੁਤ ਗੂੜਾ ਸਬੰਧ ਹੈ ।
IoT ਇੱਕ ਅਜਿਹੀ ਤਕਨੀਕ ਹੈ ਜੋ ਸਾਡੇ ਜੀਵਨ ਨੂੰ ਹੋਰ ਵੀ ਜਿਆਦਾ ਸੁਵਿਧਾਜਨਕ ਅਤੇ ਸਮਾਰਟ ਬਣਾ ਰਹੀ ਹੈ । ਇਸ ਦੀ ਮਦਦ ਨਾਲ ਵੱਖ-ਵੱਖ ਡਿਵਾਈਸਜ਼ ਨੂੰ ਇੰਟਰਨੈਟ ਨਾਲ ਜੋੜਿਆ ਜਾਂਦਾ ਹੈ ਜਿਸ ਨਾਲ ਅਸੀਂ ਜਾਣਕਾਰੀ ਸਾਂਝੀ ਕਰ ਸਕਦੇ ਹਾਂ ਜਾਂ ਅਸੀਂ ਇਸ ਨੂੰ ਇਸ ਤਰ੍ਹਾਂ ਬੋਲ ਸਕਦੇ ਹਾਂ ਕਿ IoT ਇੱਕ ਟੈਕਨੌਲੋਜੀ ਹੈ ਜੋ ਰੋਜ਼ਾਨਾ ਦੀਆਂ ਵਸਤੂਆਂ ਨੂੰ ਇੰਟਰਨੈੱਟ ਨਾਲ ਜੋੜਦੀ ਹੈ। ਇਹ ਇਹਨਾਂ ਵਸਤੂਆਂ ਨੂੰ ਡਾਟਾ ਸਾਂਝਾ ਕਰਨ ਅਤੇ ਇੱਕ ਦੂਜੇ ਨਾਲ ਸੰਚਾਰ ਕਰਨ ਦੀ ਆਗਿਆ ਦਿੰਦੀ ਹੈ। ਜਾਂ ਇਸ ਤਰ੍ਹਾਂ ਬੋਲ ਸਕਦੇ ਹਾਂ ਕਿ IoT ਇੱਕ ਭੌਤਿਕ ਵਸਤੂਆਂ ਦਾ ਨੈੱਟਵਰਕ ਹੈ ਜਿਹੜਾ ਸੈਂਸਰਾਂ, ਸੌਫਟਵੇਅਰ ਅਤੇ ਨੈੱਟਵਰਕ ਕਨੈਕਟੀਵਿਟੀ ਨਾਲ ਜੁੜਿਆ ਹੋਇਆ ਹੈ, ਜਿਸ ਨਾਲ ਉਹ ਇੰਟਰਨੈੱਟ 'ਤੇ ਹੋਰ ਡਿਵਾਈਸਾਂ ਅਤੇ ਸਿਸਟਮਾਂ ਨਾਲ ਡੇਟਾ ਇਕੱਠਾ ਅਤੇ ਸਾਂਝਾ ਕਰ ਸਕਦੇ ਹਨ।
IoT ਦੀਆਂ ਤਕਨੀਕਾਂ ਦਾ ਅਲੱਗ ਅਲੱਗ ਖੇਤਰਾਂ ਵਿੱਚ ਪ੍ਰਯੋਗ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਪ੍ਰਯੋਗ ਹੋਰ ਵੀ ਜਿਆਦਾ ਹੋਣ ਦੀ ਸੰਭਾਵਨਾ ਹੈ ।
1. IoT ਟੈਕਨੋਲੋਜੀ ਦਾ ਘਰਾਂ ਦੇ ਵਿੱਚ ਬਹੁਤ ਉਪਯੋਗ ਕੀਤਾ ਜਾ ਰਿਹਾ ਹੈ ਇਹਨਾਂ ਵਿੱਚੋਂ ਕੁਝ ਇਸ ਪ੍ਰਕਾਰ ਹਨ:- ਸਮਾਰਟ ਲਾਈਟਨਿੰਗ ਜੋ ਸੂਰਜ ਦੀ ਰੌਸ਼ਨੀ ਵਿੱਚ ਚਾਰਜ ਹੁੰਦੀ ਹੈ ਅਤੇ ਜਿਵੇਂ ਹੀ ਹਨੇਰਾ ਹੁੰਦਾ ਹੈ ਤਾਂ ਇਸ ਵਿੱਚ ਲੱਗੇ ਸੈਂਸਰ ਕਰਕੇ ਇਹ ਆਪਣੇ ਆਪ ਹੀ ਆਨ ਹੋ ਜਾਂਦੀ ਹੈ, ਸਮਾਰਟ ਸਪੀਕਰ, ਸਮਾਰਟ ਪਰਦੇ, ਸਮਾਰਟ ਦਰਵਾਜੇ, ਸਮਾਰਟ ਪਲੱਗ, ਸਮਾਰਟ ਤਾਲੇ, ਸਮਾਰਟ ਸੁਰੱਖਿਆ ਕੈਮਰੇ ਆਦਿ।
2. IoT ਟੈਕਨੋਲੋਜੀ ਦਾ ਸਿਹਤ ਪ੍ਰਣਾਲੀ ਵਿੱਚ ਵੀ ਬਹੁਤ ਜਿਆਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਇਸ ਦਾ ਪ੍ਰਯੋਗ ਡਾਕਟਰਾਂ ਵਲੋਂ ਹੀ ਨਹੀਂ ਸਗੋਂ ਹੋਰ ਆਮ ਵਿਅਕਤੀਆਂ ਵੱਲੋਂ ਵੀ ਕੀਤਾ ਜਾ ਰਿਹਾ ਹੈ। ਇਸ ਦੀਆਂ ਕੁਝ ਉਦਾਹਰਣਾਂ:- ਜਿਵੇਂ ਸਮਾਰਟ ਘੜੀਆਂ, ਫਿੱਟਨੈੱਸ ਟਰੈਕਰ, ਮੈਡੀਕਲ ਸੈਂਸਰ ਜਿਸ ਨਾਲ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਹੋਰ ਸਿਹਤ ਪੈਰਾਮੀਟਰ ਸਬੰਧੀ ਜਾਣਕਾਰੀ ਇਕੱਠੀ ਕਰਨਾ, ਰਿਮੋਟ ਮੋਨੀਟਰਿੰਗ ਡਿਵਾਈਸ, ਟੈਲੀਮੈਡੀਸਨ, ਸਿਹਤ ਡਾਟਾ ਵਿਸ਼ਲੇਸ਼ਣ ਆਦਿ।
3. IoT ਟੈਕਨੋਲੋਜੀ ਦੀ ਵਰਤੋਂ ਆਵਾਜਾਈ ਅਤੇ ਡਰਾਈਵਿੰਗ ਵਿੱਚ ਵੀ ਕੀਤੀ ਜਾਂਦੀ ਹੈ । ਕੁਝ ਅਜਿਹੇ ਸਮਾਰਟ ਡਿਵਾਈਸਜ਼ ਹਨ ਜਿਸ ਦੀ ਵਰਤੋਂ ਵਾਹਨਾਂ ਦੀ ਸੁਰੱਖਿਆ, ਵਾਹਨ ਟਰੈਕਿੰਗ, ਟਰੈਫਿਕ ਬਾਰੇ ਜਾਣਕਾਰੀ, ਸਮਾਰਟ ਪਾਰਕਿੰਗ ਲਈ ਕੀਤੀ ਜਾਂਦੀ ਹੈ । ਹੁਣ ਤਾਂ ਬਿਨਾਂ ਡਰਾਈਵਰ ਤੋਂ ਚੱਲਣ ਵਾਲੀਆਂ ਗੱਡੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ ।
4. IoT ਟੈਕਨੋਲੋਜੀ ਦੀ ਵਰਤੋਂ ਖੇਤੀਬਾੜੀ ਵਿੱਚ ਵੀ ਬਹੁਤ ਉਪਯੋਗੀ ਹੈ । ਇਹ ਕਿਸਾਨਾਂ ਲਈ ਮਿੱਟੀ ਦੀ ਕੁਆਲਿਟੀ ਤੋਂ ਫਸਲ ਪ੍ਰਾਪਤ ਕਰਨ ਤੱਕ ਮਦਦ ਕਰ ਸਕਦੀ ਹੈ ।ਇਸ ਦੀ ਮਦਦ ਨਾਲ ਫ਼ਸਲ ਦੀ ਸਿਹਤ ਦੀ ਨਿਗਰਾਨੀ, ਮਿੱਟੀ ਦੀ ਕੁਆਲਿਟੀ ਅਤੇ ਨਿਗਰਾਨੀ, ਸਿੰਚਾਈ ਪ੍ਰਬੰਧ, ਫਸਲਾਂ ਵਿੱਚ ਕੀੜਿਆਂ ਅਤੇ ਦਵਾਈਆਂ ਦਾ ਪਤਾ ਲਗਾਉਣਾ, ਪਸ਼ੂਆਂ ਦੀ ਸਿਹਤ ਨਿਗਰਾਨੀ ਆਦਿ ਵਿਚ ਪ੍ਰਯੋਗ ਕੀਤਾ ਜਾ ਸਕਦਾ ਹੈ ।
5. IoT ਟੈਕਨੋਲੋਜੀ ਮੈਨੂਫੈਕਚਰਿੰਗ ਅਰਥਾਤ ਨਿਰਮਾਣ ਵਿੱਚ ਵੀ ਬਹੁਤ ਉਪਯੋਗੀ ਹੈ । ਇਸ ਦੀ ਮਦਦ ਨਾਲ ਨਿਰਮਾਣ ਪ੍ਰਕਿਰਿਆ ਦਾ ਆਟੋਮੇਸ਼ਨ, ਮਸ਼ੀਨਾਂ ਦੀ ਸਾਂਭ ਸੰਭਾਲ ਅਤੇ ਰੱਖ ਰਖਾਵ ਸਬੰਧੀ ਯੋਜਨਾ, ਉਤਪਾਦਾਂ ਦੀ ਗੁਣਵੱਤਾ ਦੀ ਨਿਗਰਾਨੀ ਅਤੇ ਨਿਯੰਤਰਣ , ਸਪਲਾਈ ਚੈਨ ਬਾਰੇ ਜਾਣਕਾਰੀ ਆਦਿ।
6. IoT ਟੈਕਨੌਲੋਜੀ ਦੀ ਵਰਤੋਂ ਸਮਾਰਟ ਸਿਟੀ ਵਿੱਚ ਟ੍ਰੈਫਿਕ ਪ੍ਰਬੰਧਨ, ਸਮਾਰਟ ਊਰਜਾ ਪ੍ਰਬੰਧਨ, ਸਮਾਰਟ ਰਹਿੰਦ-ਖੂੰਹਦ ਪ੍ਰਬੰਧਨ, ਅਤੇ ਸਮਾਰਟ ਜਨਤਕ ਸੁਰੱਖਿਆ ਲਈ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਵੀ ਬਹੁਤ ਸਾਰੇ ਖੇਤਰ ਹਨ ਜਿਵੇਂ ਕਿ ਲੋਜਿਸਟਿਕ ਅਤੇ ਸਪਲਾਈ ਚੈਨ, ਸਮਾਰਟ ਸਿਟੀਜ਼, ਊਰਜਾ ਪ੍ਰਬੰਧਨ ਜਿਸ ਵਿੱਚ IoT ਟੈਕਨੋਲੋਜੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ।ਇੱਥੇ ਇਹ ਗੱਲ ਮੰਨਣਯੋਗ ਹੈ ਕਿ IoT ਵਿੱਚ ਪੂਰੀ ਦੁਨੀਆਂ ਨੂੰ ਵਧੇਰੇ ਨੇੜੇ, ਕੁਸ਼ਲ ਅਤੇ ਟਿਕਾਓ ਭਵਿੱਖ ਵੱਲ ਲਿਜਾਉਣ ਦੀ ਸਮਰੱਥਾ ਹੈ। IoT ਮਨੁੱਖ ਦੇ ਰੋਜ਼ਾਨਾ ਜੀਵਨ ਨੂੰ ਵਧੀਆ ਬਣਾਉਣ, ਵਿਕਾਸ ਅਤੇ ਨਵੀਨਤਾ ਲਈ ਨਵੇਂ ਮੌਕੇ ਪੈਦਾ ਕਰਦਾ ਹੈ। ਮਨੁੱਖੀ ਜੀਵਨ ਇਸ ਨਾਲ ਹੋਰ ਸੌਖਾ ਹੋ ਗਿਆ ਹੈ। ਇਸ ਦੀ ਮਦਦ ਨਾਲ ਮਨੁੱਖ ਆਪਣੇ ਭਵਿੱਖ ਵਿੱਚ ਤਰੱਕੀ ਦੇ ਰਸਤੇ ਦੇ ਇੱਕ ਕਦਮ ਹੋਰ ਅੱਗੇ ਵੱਧ ਗਿਆ ਹੈ। ਇਹ ਟੈਕਨੋਲਜੀ ਦੀ ਸ਼ਕਤੀ ਦੀ ਵਰਤੋਂ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਆਖਰਕਾਰ ਅਸੀਂ ਕਹਿ ਸਕਦੇ ਹਾਂ ਕਿ IoT ਮਨੁੱਖੀ ਜੀਵਨ ਦੇ ਆਲੇ ਦੁਆਲੇ ਦੀ ਦੁਨੀਆ ਨੂੰ ਨਵੇਂ ਆਕਾਰ ਦੇਣ ਨਵੀਨਤਾ ਤੇ ਤਰੱਕੀ ਨੂੰ ਸਮਰੱਥ ਬਣਾਉਣ ਲਈ ਭਵਿੱਖ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

-
ਪਵਨ ਕੁਮਾਰ , ਕੰਪਿਊਟਰ ਫੈਕਲਟੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਮਜੀਤਪੁਰ (ਕਪੂਰਥਲਾ)
******
8427791277
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.