ਕੋਵਿਡ-19: ਸਿਹਤ ਵਿਭਾਗ ਵੱਲੋਂ ਸਾਵਧਾਨ ਰਹਿਣ ਅਤੇ ਸੁਰੱਖਿਆ ਅਪਣਾਉਣ ਦੀ ਅਪੀਲ
ਅਸ਼ੋਕ ਵਰਮਾ
ਨਥਾਣਾ, 17 ਜੂਨ 2025 :ਸਿਹਤ ਵਿਭਾਗ ਪੰਜਾਬ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੋਵਿਡ- 19 ਸੰਬੰਧੀ ਇੱਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਸਿਹਤ ਕੇਂਦਰ ਨਥਾਣਾ ਵਲੋਂ ਕੋਵਿਡ-19 ਮਾਮਲਿਆਂ ਵਿੱਚ ਆ ਰਹੇ ਹਲਕੇ ਵਾਧੇ ਨੂੰ ਵੇਖਦੇ ਹੋਏ ਜਨਤਾ ਨੂੰ ਸਾਵਧਾਨ ਰਹਿਣ ਅਤੇ ਸੁਰੱਖਿਆ ਉਪਾਅ ਅਪਣਾਉਣ ਦੀ ਸਿਫ਼ਾਰਿਸ਼ ਕੀਤੀ ਜਾ ਰਹੀ ਹੈ।ਮੈਡੀਕਲ ਅਫਸਰ ਡਾ. ਸਤਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਭਾਗ ਵਲੋਂ ਸਿਹਤ ਕਰਮਚਾਰੀਆਂ ਨੂੰ ਮਾਸਕ ਪਹਿਨਣ ਅਤੇ ਕੋਵਿਡ-ਉਪਚਾਰ ਵਿਭਾਗ ਦੀ ਪੂਰੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਵੱਡੀ ਉਮਰ ਦੇ ਲੋਕ, ਗਰਭਵਤੀ ਮਹਿਲਾਵਾਂ ਅਤੇ ਬਿਮਾਰ/ਕਮਜ਼ੋਰ ਰੋਗ ਪ੍ਰਤੀਰੋਧਕ ਸਮਰਥਾ ਵਾਲੇ ਵਿਅਕਤੀਆਂ ਨੂੰ ਭੀੜ-ਭਾੜ ਵਾਲੀਆਂ ਜਾਂ ਬੰਦ ਥਾਵਾਂ ’ਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਭ ਨੂੰ ਖੰਘਣ ਜਾਂ ਛਿੱਕਣ ਸਮੇਂ ਰੁਮਾਲ, ਟਿਸ਼ੂ ਜਾਂ ਕੋਹਣੀ ਨਾਲ ਮੁੱਢ ਅਤੇ ਨੱਕ ਨੂੰ ਢੱਕਣਾ ਚਾਹੀਦਾ ਹੈ। ਹੱਥ ਛੂਹਣ ਜਾਂ ਮਿਲਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਬੁਖਾਰ, ਖੰਘ ਜਾਂ ਸਾਹ ਲੈਣ ਵਿੱਚ ਦਿੱਕਤ ਹੋਵੇ ਤਾਂ ਸਵੈ-ਉਪਚਾਰ ਨਾ ਕਰਕੇ ਸਿਰਫ ਸਿਹਤ ਵਿਭਾਗ ਜਾਂ ਤਜਰਬੇਕਾਰ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ।
ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਭੀੜ-ਭਾੜ ਵਾਲੀਆਂ ਜਾਂ ਘੱਟ ਹਵਾਦਾਰ ਥਾਵਾਂ ‘ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਕੋਵਿਡ ਸਬੰਧੀ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਜਾਂ ਅਫਵਾਵਾਂ ਤੋਂ ਬਚੋ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੀ ਭੂਮਿਕਾ ਨਿਭਾ ਕੇ ਕੋਵਿਡ-19 ਦੀ ਰੋਕਥਾਮ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਸਟਾਫ ਸਮੇਤ ਆਸ਼ਾ ਵਰਕਰਾਂ ਨੂੰ ਕੋਵਿਡ ਸਬੰਧੀ ਹਦਾਇਤਾਂ ਦਾ ਲੋਕਾਂ ਵਿਚ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਕਿਹਾ ਗਿਆ।