ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਬਠਿੰਡਾ ਜ਼ਿਲ੍ਹੇ ‘ਚ ਵੱਖ-ਵੱਖ ਪਾਬੰਦੀਆਂ ਲਾਗੂ
ਅਸ਼ੋਕ ਵਰਮਾ
ਬਠਿੰਡਾ, 17 ਜੂਨ 2025 : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਧਾਰਾ 163 ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਵੱਖ-ਵੱਖ ਪਾਬੰਦੀਆਂ ਸਬੰਧੀ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਅੰਦਰ ਉਲਾਈਵ ਗਰੀਨ ਰੰਗ ਦੀ ਮਿਲਟਰੀ ਵਰਦੀ ਤੇ ਉਲਾਈਵ ਗਰੀਨ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ, ਮੋਟਰਸਾਈਕਲਾਂ, ਮੋਟਰ ਗੱਡੀਆਂ ਦੀ ਵਰਤੋਂ ਦੀ ਮਨਾਹੀ ਕੀਤੀ ਹੈ।
ਇੱਕ ਹੋਰ ਹੁਕਮ ਅਨੁਸਾਰ ਪੰਜਾਬ ਵਿਲੇਜ ਤੇ ਸਮਾਲ ਟਾਊਨ ਕੰਟਰੋਲ ਐਕਟ 1918 ਦੀ ਧਾਰਾ 3 ਸਬ-ਸੈਕਸ਼ਨ 1 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਅੰਦਰ ਪਿੰਡ, ਰੇਲਵੇ ਟਰੈਕ, ਸੂਏ ਤੇ ਨਹਿਰਾਂ ਦੇ ਪੁਲ, ਨਹਿਰਾਂ, ਜਨ-ਨਿਕਾਸ ਦੇ ਨਾਲਿਆਂ ਅਤੇ ਸੂਏ/ਰਜਵਾਹੇ, ਆਇਲ ਪਾਈਪ ਲਾਈਨਜ਼ ਆਦਿ ਨਾਲ ਲਗਦੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਸਾਰੇ ਬਾਲਗ ਆਦਮੀ ਸਾਰੇ ਪਿੰਡਾਂ, ਰੇਲ ਪਟੜੀਆਂ, ਜਲ ਸਪਲਾਈ ਸਕੀਮਾਂ, ਨਹਿਰਾਂ, ਜਲ ਨਿਕਾਸ ਦੇ ਨਾਲਿਆਂ ਅਤੇ ਸੂਏ ਟੁੱਟਣ ਤੋਂ ਬਚਾਉਣ ਲਈ ਠੀਕਰੀ ਪੈਰਾ ਰਾਖੀ ਦੀ ਡਿਊਟੀ ਨਿਭਾਉਣਗੇ।
ਜਾਰੀ ਹੁਕਮਾਂ ਅਨੁਸਾਰ ਸਿਵਲ ਏਅਰਪੋਰਟ ਵਿਰਕ ਕਲਾਂ, ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਰਾਮਾਂ, ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਬਠਿੰਡਾ, ਆਈ.ਓ.ਸੀ.ਐਲ, ਬੀ.ਪੀ.ਸੀ.ਐਲ., ਐਚ.ਪੀ.ਸੀ.ਐਲ., ਬਲਕ ਪੀ.ਓ.ਐਲ ਟਰਮੀਨਲ ਫੂਸ ਮੰਡੀ ਮਾਨਸਾ ਰੋਡ ਬਠਿੰਡਾ ਦੇ ਆਸ-ਪਾਸ ਦੇ ਏਰੀਏ ਵਿੱਚ ਡਰੋਨ ਕੈਮਰਾ ਚਲਾਉਣ/ਉਡਾਉਣ ’ਤੇ ਪਾਬੰਦੀ ਲਗਾਈ ਗਈ ਹੈ।
ਅਗਲੇ ਹੁਕਮਾਂ ਅਨੁਸਾਰ ਏਅਰ ਫ਼ੋਰਸ, ਭਿਸੀਆਣਾ ਹਵਾਈ ਅੱਡੇ ਦੇ ਬਾਹਰ 100 ਗਜ ਏਰੀਏ ਦੀ ਹਦੂਦ ਅੰਦਰ ਪੁਲਿਸ ਵੈਰੀਫਿਕੇਸ਼ਨ ਕਰਵਾਏ ਤੋਂ ਬਿਨਾਂ ਲੋਕਾਂ ਵਲੋਂ ਦੁਕਾਨਾਂ ਬਣਾਕੇ ਕਾਰੋਬਾਰ ਕਰਨ ’ਤੇ ਪਾਬੰਦੀ ਲਗਾਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੁਕਮ ਮੁਤਾਬਿਕ ਪੁਰਾਣੀ ਤਹਿਸੀਲ ਕੰਪਲੈਕਸ ਬਠਿੰਡਾ ਵਿਖੇ ਸਰਕਾਰੀ ਜਗ੍ਹਾਂ ਤੇ ਗੈਰ ਕਾਨੂੰਨੀ ਢੰਗ ਨਾਲ ਬਣਾਏ ਜਾ ਰਹੇ ਦੁਕਾਨਾਂ/ਬੂਥ/ਚੈਂਬਰ ਆਦਿ ਦੀ ਉਸਾਰੀ ਕਰਨ ’ਤੇ ਰੋਕ ਲਗਾਈ ਗਈ ਹੈ। ਇਹ ਹੁਕਮ ਸਰਕਾਰੀ ਜਗ੍ਹਾਂ ਵਿੱਚ ਸਰਕਾਰੀ ਇਮਾਰਤ ਬਣਾਉਣ ’ਤੇ ਲਾਗੂ ਨਹੀਂ ਹੋਵੇਗਾ।
ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਜੋ ਟਰੈਕਟਰ-ਟਰਾਲੀ ਅਤੇ ਹੋਰ ਆਵਾਜਾਈ ਦੇ ਸਾਧਨ ਜਿਸ ਰਾਹੀਂ ਬਰੇਤੀ/ਮਿੱਟੀ ਆਦਿ ਦੀ ਢੋਆ-ਢੁਆਈ ਕੀਤੀ ਜਾਂਦੀ ਹੈ ਅਤੇ ਇਸ ਬਰੇਤੀ/ਮਿੱਟੀ ਆਦਿ ਦੀ ਟਰਾਲੀ ਨੂੰ ਬਿਨਾਂ ਕਵਰ ਕੀਤੇ ਇੱਧਰ-ਉੱਧਰ ਲੈ ਕੇ ਜਾਣ 'ਤੇ ਪੂਰਨ ਰੋਕ ਲਗਾਈ ਜਾਂਦੀ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੋੁਰ ਹੁਕਮਾਂ ਮੁਤਾਬਿਕ ਜ਼ਿਲੇ ’ਚ ਅਮਨ ਤੇ ਕਾਨੂੰਨ ਦੀ ਕਾਇਮੀ ਲਈ ਵਿਆਹਾਂ, ਸ਼ਾਦੀਆਂ ਅਤੇ ਹੋਰ ਸਮਾਗਮਾਂ ਆਦਿ ’ਤੇ ਪਟਾਕੇ, ਆਤਿਸ਼ਬਾਜ਼ੀ ਚਲਾਉਣ ਤੇ ਆਰਮ ਫਾਇਰ ਦੀ ਵਰਤੋਂ ਕਰਨ ਉੱਪਰ ਮੁਕੰਮਲ ਪਾਬੰਦੀ ਲਗਾਈ ਗਈ ਹੈ।
ਜਾਰੀ ਹੁਕਮਾਂ ਅਨੁਸਾਰ ਉਕਤ ਦੇ ਮੱਦੇਨਜ਼ਰ ਕਾਨੂੰਨ ਅਤੇ ਵਿਵਸਥਾ ਨੂੰ ਸੰਚਾਰੂ ਰੂਪ ਨਾਲ ਚਲਾਉਣ ਲਈ ਕਿਸੇ ਵੀ ਵਿਅਕਤੀ ਦੇ ਪਾਣੀ ਦੀਆਂ ਟੈਕੀਆਂ ’ਤੇ ਚੜਣ ਜਾਂ ਅਜਿਹੀਆਂ ਉਚੀਆਂ ਥਾਵਾਂ ’ਤੇ ਪਾਬੰਦੀ ਲਗਾਈ ਜਾਂਦੀ ਹੈ।
ਹੁਕਮ 9 ਅਗਸਤ 2025 ਤੱਕ ਲਾਗੂ ਰਹਿਣਗੇ।