ਪੇਂਡੂ ਮਜਦੂਰ ਯੂਨੀਅਨ ਅਤੇ ਇਫਟੂ ਨੇ ਸਰਕਾਰ ਦਾ ਪੁਤਲਾ ਫੂਕਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 16 ਜੂਨ, 2025- ਅੱਜ ਪੇਂਡੂ ਮਜਦੂਰ ਯੂਨੀਅਨ ਪੰਜਾਬ ਅਤੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼( ਇਫਟੂ ) ਨੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈਕੇ ਅੰਬੇਡਕਰ ਚੌਂਕ ਨਵਾਂਸ਼ਹਿਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।ਪਹਿਲਾਂ ਉਕਤ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਆਟੋ ਸਟੈਂਡ ਨਵਾਂਸ਼ਹਿਰ ਵਿਖੇ ਇਕੱਠੇ ਹੋਏ ਅਤੇ ਬਾਅਦ ਵਿਚ ਮੁਜਾਹਰਾ ਕਰਕੇ ਪੁਤਲਾ ਫੂਕਿਆ।
ਇਸ ਮੌਕੇ ਸੰਬੋਧਨ ਕਰਦਿਆਂ ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਆਗੂਆਂ ਕਮਲਜੀਤ ਸਨਾਵਾ, ਹਰੀ ਰਾਮ ਰਸੂਲਪੁਰੀ ,ਕਿਰਨਜੀਤ ਕੌਰ, ਆਟੋ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਬਛੌੜੀ ਅਤੇ ਰੇਹੜੀ ਵਰਕਰ ਯੂਨੀਅਨ ਦੇ ਆਗੂ ਹਰੇ ਰਾਮ ਨੇ ਕਿਹਾ ਕਿ 20 ਮਈ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਹਿ ਉੱਤੇ ਪੁਲਸ ਨੇ ਸੰਗਰੂਰ ਜਿਲੇ ਦੀ 1927 ਏਕੜ ਬੇਨਾਮੀ ਜਮੀਨ ਉੱਤੇ ਬੇਗਮ ਪੁਰਾ ਵਸਾਉਣ ਜਾ ਰਹੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਸੀ।
ਹੁਣ ਸੰਗਰੂਰ ਪੁਲਸ ਨੇ ਕੁਝ ਦਿਨ ਪਹਿਲਾਂ ਕਮੇਟੀ ਦੇ ਸੰਗਰੂਰ ਜੋਨ ਦੇ ਆਗੂ ਬਿੱਕਰ ਸਿੰਘ ਹਥੋਆ ਨੂੰ ਸੰਗਰੂਰ ਦੇ ਐਸ ਐਸ ਪੀ ਨੇ ਗੱਲਬਾਤ ਦੇ ਬਹਾਨੇ ਬੁਲਾ ਕੇ ਗ੍ਰਿਫਤਾਰ ਕਰ ਲਿਆ।ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਬੀ.ਆਰ ਅੰਬੇਡਕਰ ਦੇ ਗੁਣਗਾਨ ਕਰਦੀ ਨਹੀਂ ਥੱਕਦੀ ਪਰ ਉਹਨਾਂ ਦੇ ਅਸਲ ਵਾਰਿਸਾਂ ਨੂੰ ਜੇਹਲਾਂ ਵਿਚ ਤਾੜ ਰਹੀ ਹੈ।ਉਹਨਾਂ ਕਿਹਾ ਕਿ ਮਾਨ ਸਰਕਾਰ ਦਾ ਦਲਿਤ ਵਿਰੋਧੀ ਚੇਹਰਾ ਆਏ ਦਿਨ ਨੰਗਾ ਹੋ ਰਿਹਾ ਹੈ ਅਤੇ ਇਸ ਸਰਕਾਰ ਵਲੋਂ ਖੜ੍ਹੇ ਕੀਤੇ ਧੂੰਏ ਦੇ ਪਹਾੜ ਸੰਘਰਸ਼ਾਂ ਦੀ ਹਨੇਰੀ ਨਾਲ ਉੱਡ ਰਹੇ ਹਨ।ਆਗੂਆਂ ਨੇ ਕਿਹਾ ਕਿ ਲੋਕ ਸੰਘਰਸ਼ਾਂ ਨੂੰ ਜਬਰ ਨਾਲ ਨਹੀਂ ਦਬਾਇਆ ਜਾ ਸਕਦਾ।