ਪਿੰਡ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਕੀਤਾ ਧੰਨਵਾਦ
ਨੌਸ਼ਹਿਰਾ ਮੱਝਾ ਸਿੰਘ ਦੇ ਛੱਪੜ ਦੀ ਸਾਫ਼-ਸਫਾਈ ਲਈ ਵਿਕਾਸ ਕੰਮ ਸ਼ੁਰੂ-
ਰੋਹਿਤ ਗੁਪਤਾ
ਨੌਸ਼ਹਿਰਾ ਮੱਝਾ ਸਿੰਘ (ਬਟਾਲਾ), 12 ਜੂਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਨੌਸ਼ਹਿਰਾ ਮੱਝਾ ਸਿੰਘ ਦੇ ਲੋਕਾਂ ਦੀ ਮੰਗ ਪੂਰੀ ਕਰਦਿਆਂ ਛੱਪੜ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।
ਇਸ ਸਬੰਧੀ ਗੱਲ ਕਰਦਿਆਂ ਮਨਦੀਪ ਸਿੰਘ ਗਿੱਲ, ਜਿਲ੍ਹਾ ਯੂਥ ਆਗੂ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਮੰਗ ਪੂਰੀ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਛੱਪੜ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਹੈ ਅਤੇ ਪਿਛਲੇ 3-4 ਦਿਨਾਂ ਤੋਂ ਲਗਾਤਾਰ ਛੱਪੜ ਦੀ ਸਫਾਈ ਚੱਲ ਰਹੀ ਹੈ। ਛੱਪੜ ਵਿਚੋਂ ਗਾੜ ਕੱਢੀ ਜਾ ਰਹੀ ਹੈ ਅਤੇ ਛੱਪੜ ਵਿੱਚ ਉੱਘੀ ਕਾਈ ਨੂੰ ਬਾਹਰ ਕੱਢ ਕੇ ਛੱਪੜ ਦੇ ਕਿਨਾਰੇ ਬਣਾਏ ਜਾਣਗੇ।
ਉਨਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਛੱਪੜ ਦੀ ਸਫਾਈ ਨਹੀਂ ਕਰਵਾਈ ਗਈ ਸੀ ਪਰ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਸਦਕਾ ਇਸ ਛੱਪੜ ਦੀ ਸਫਾਈ ਦਾ ਕੰਮ ਸ਼ੁਰੂ ਹੋਇਆ ਹੈ। ਉਨਾਂ ਦੱਸਿਆ ਕਿ ਵਿਧਾਇਕ ਸ਼ੈਰੀ ਕਲਸੀ ਦੇ ਅਗਵਾਈ ਹੇਠ ਹਲਕੇ ਅੰਦਰ ਜਿਥੇ ਗੰਦੇ ਪਾਣੀ ਦੀ ਨਿਕਾਸੀ ਲਈ ਛੱਪੜਾਂ ਦੀ ਸਾਫ਼-ਸਫਾਈ ਚੱਲ ਰਹੀ ਹੈ, ਉਸਦੇ ਨਾਲ ਪਿੰਡਾਂ ਅੰਦਰ ਨੌਜਵਾਨਾਂ ਦੇ ਖੇਡਣ ਲਈ ਖੇਡ ਸਟੇਡੀਅਮ, ਪਿੰਡਾਂ ਵਿੱਚ ਖੂਬਸੂਰਤ ਪਾਰਕਾਂ ਦੀ ਉਸਾਰੀ, ਗਲੀਆਂ ਤੇ ਸੜਕਾਂ ਦੀ ਬਣਾਉਣ ਸਮੇਤ ਵੱਖ-ਵੱਖ ਵਿਕਾਸ ਕੰਮ ਤੇਜ਼ਗਤੀ ਨਾਲ ਚੱਲ ਰਹੇ ਹਨ।
ਉਨਾਂ ਗੁਰਦੀਪ ਸਿੰਘ, ਅਮਨ ਗਿੱਲ, ਲਾਡੀ ਜੀ ਤੇ ਸੰਧੂ ਭਰਾ ਅਮਨਵੀਰ ਸੰਧੂ ਤੇ ਕਾਕਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਜਲਦ ਛੱਪੜ ਦਾ ਨਵੀਨੀਕਰਨ ਹੋਣ ਨਾਲ ਪਿੰਡ ਵਾਸੀਆਂ ਦੀ ਸਮੱਸਿਆ ਹੱਲ ਹੋ ਜਾਵੇਗੀ।