ਨਾਲਾ ਬਲੋਕ ਹੋਣ ਕਰਨ ਗਲੀ ਵਿੱਚ ਫੈਲੀ ਗੰਦਗੀ, ਚੱਲ ਰਹੇ ਕੀੜੇ, ਲੋਕ ਕਹਿੰਦੇ ਘਰਾਂ ਵਿੱਚ ਵੜ ਜਾਂਦਾ ਗੰਦਾ ਪਾਣੀ
ਰੋਹਿਤ ਗੁਪਤਾ
ਗੁਰਦਾਸਪੁਰ
ਸ਼ਹਿਰ ਦੀ ਵਾਰਡ ਨੰਬਰ 11 ਵਿੱਚ ਕਾਹਨੂਵਾਨ ਰੋਡ ਤੇ ਪੈਂਦੇ ਮੁਹੱਲਾ ਸ਼ਿਵ ਨਗਰ ਵਿੱਚ ਨਾਲਾ ਬੰਦ ਹੋਣ ਕਾਰਨ ਲੋਕਾਂ ਦੇ ਘਰਾਂ ਦੇ ਸਾਹਮਣੇ ਗੰਦਾ ਪਾਣੀ ਇਕੱਠਾ ਹੋ ਗਿਆ ਹੈ। ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਾਲੇ ਦਾ ਪਾਣੀ ਗਲੀ ਵਿੱਚ ਇਕੱਠਾ ਹੋਣ ਕਾਰਨ ਗਲੀ ਵਿੱਚ ਕੀੜੇ ਫਿਰ ਰਹੇ ਹਨ ਤੇ ਗੰਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਆ ਜਾਂਦਾ ।ਇਸ ਦੇ ਨਾਲ ਹੀ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਡਰ ਹੈ। ਹਾਲਾਂਕਿ, ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਸਬੰਧਤ ਵਿਭਾਗ ਨੂੰ ਸੂਚਿਤ ਕੀਤਾ ਹੈ, ਪਰ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ। ਉੱਥੇ ਹੀ ਵਾਰਡ ਦੇ ਕੌਂਸਲਰ ਅਸ਼ੋਕ ਭੁੱਟੋ ਦਾ ਕਹਿਣਾ ਹੈ ਕਿ ਸ਼ਹਿਰ ਦਾ ਮੁੱਖ ਨਿਕਾਸੀ ਨਾਲਾ ਨਿਰਮਾਣ ਅਧੀਨ ਹੋਣ ਕਾਰਨ ਇਹ ਸਮੱਸਿਆ ਪੈਦਾ ਹੋ ਰਹੀ ਹੈ। ਉਹ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਨ ਕਿ ਸ਼ਿਵਨਗਰ ਦੇ ਨਾਲੇ ਦਾ ਪਾਣੀ ਵੀ ਕਿਸੇ ਪਾਸੇ ਕੱਢਿਆ ਜਾਏ ਪਰ ਉਹਨਾਂ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਜਾਣਕਾਰੀ ਦਿੰਦੇ ਹੋਏ ਮੁਹੱਲੇ ਦੇ ਵਸਨੀਕਾਂ ਨੇ ਦੱਸਿਆ ਕਿ ਮੁਹੱਲੇ ਦਾ ਮੁੱਖ ਨਾਲਾ ਅਰਸੇ ਤੋਂ ਬੰਦ ਪਿਆ ਹੈ। ਜਿਸ ਕਾਰਨ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਨ੍ਹਾਂ ਦੇ ਘਰਾਂ ਦੇ ਸਾਹਮਣੇ ਪਾਣੀ ਇਕੱਠਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੀ ਹੈ। ਮੁੱਖ ਨਿਕਾਸੀ ਨਾਲਾ ਬੰਨ ਰਿਹਾ ਹੈ ਜਿਸ ਕਾਰਨ ਗੰਦੇ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਪੂਰੇ ਮੁਹੱਲੇ ਵਿੱਚ ਬਦਬੂ ਫੈਲ ਗਈ ਹੈ, ਬੱਚੇ ਬਿਮਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਲਾਕੇ ਦਾ ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ ਸਾਰੇ ਸ਼ਹਿਰ ਦਾ ਗੰਦਾ ਪਾਣੀ ਉਨ੍ਹਾਂ ਦੇ ਇਲਾਕੇ ਵਿੱਚ ਇਕੱਠਾ ਹੋ ਜਾਂਦਾ ਹੈ। ਬਰਸਾਤਾਂ ਦੌਰਾਨ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ। ਕਈ ਵਾਰ ਇਹ ਗੰਦਾ ਪਾਣੀ ਘਰਾਂ ਵਿੱਚ ਵੀ ਵੜ ਜਾਂਦਾ ਹੈ। ਸਫ਼ਾਈ ਕਰਮਚਾਰੀ ਵੀ ਨਾਲੀਆਂ ਦੀ ਸਹੀ ਢੰਗ ਨਾਲ ਸਫਾਈ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਤੇ ਕੌਂਸਲਰ ਨੂੰ ਇਸ ਸਮੱਸਿਆ ਬਾਰੇ ਕਈ ਵਾਰ ਜਾਣੂ ਕਰਵਾਇਆ ਗਿਆ ਹੈ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਦੂਜੇ ਪਾਸੇ ਜਦੋਂ ਕੌਂਸਲਰ ਅਸ਼ੋਕ ਭੁੱਟੋ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਨੂੰ ਕਈ ਵਾਰ ਦੱਸਿਆ ਗਿਆ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਨਿਕਾਸੀ ਨਾਲਾ ਪੱਕਾ ਕੀਤਾ ਜਾ ਰਿਹਾ ਹੈ ਹੈ ਜਿਸ ਕਾਰਨ ਨਿਕਾਸੀ ਨਾਲੇ ਵਿੱਚ ਪੈਣ ਵਾਲੇ ਨਾਲਿਆਂ ਦਾ ਪਾਣੀ ਬੰਦ ਕਰ ਦਿੱਤਾ ਗਿਆ ਹੈ।ਜੇਕਰ ਇਸ ਸਮੱਸਿਆ ਦਾ ਜਲਦੀ ਪ੍ਰਸ਼ਾਸਨ ਨਾ ਕੀਤਾ ਤਾਂ ਉਹ ਆਪ ਜੇਸੀਬੀ ਲੈ ਕੇ ਸ਼ਿਵ ਨਗਰ ਮਹੱਲੇ ਦੀ ਨਾਲੇ ਦੀ ਕਿਸੇ ਪਾਸੇ ਨਿਕਾਸੀ ਕਰਵਾਉਣਗੇ।