ਚਾਰ ਦਿਨ ਬਿਜਲੀ ਰਹੀ ਬੰਦ,ਝੋਨੇ ਦੀ ਪਨੀਰੀ ਬਚਾਉਣ ਲਈ ਕਿਸਾਨਾਂ ਨੇ ਬਾਲਟੀਆਂ ਭਰ ਭਰ ਦਿੱਤਾ ਪਾਣੀ
ਖਾਲਾਂ ਵਿੱਚ ਨਹੀਂ ਪਹੁੰਚਿਆ ਨਹਿਰੀ ਪਾਣੀ
ਰੋਹਿਤ ਗੁਪਤਾ
ਗੁਰਦਾਸਪੁਰ : ਪੰਜਾਬ ਵਿੱਚ ਇਕ ਜੂਨ ਤੋਂ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਦਕਿ ਜਿਲਾ ਗੁਰਦਾਸਪੁਰ ਵਿੱਚ ਝੋਨਾ ਕੱਲ ਯਾਨੀ ਪੰਜ ਜੂਨ ਤੋਂ ਲੱਗਣਾ ਸ਼ੁਰੂ ਹੋਏਗਾ ।ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਲਗਾ ਦਿੱਤੀ ਗਈ ਹੈ ਪਰ ਜਿਲੇ ਦੇ ਕੁਝ ਪਿੰਡਾਂ ਵਿੱਚ ਪਾਵਰਕਾਮ ਅਤੇ ਨਹਿਰੀ ਵਿਭਾਗ ਵਲੋਂ ਇਸ ਦੇ ਲਈ ਕਿਸੇ ਵੀ ਤਰ੍ਹਾਂ ਦੇ ਅਗੇਤੀ ਪ੍ਰਬੰਧ ਨਹੀਂ ਕੀਤੇ ਗਏ ਹਨ । ਨਹਿਰੀ ਵਿਭਾਗ ਵੱਲੋਂ ਹਜੇ ਤੱਕ ਖਾਲਾਂ ਵਿੱਚ ਪਾਣੀ ਨਹੀਂ ਛੱਡਿਆ ਗਿਆ ਹੈ ਅਤੇ ਨਾ ਹੀ ਖਾਲਾਂ ਦੀ ਸਫਾਈ ਕਰਵਾਈ ਗਈ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਹੀ ਕਈ ਨਵੀਆਂ ਨਹਿਰੀ ਖਾਲਾਂ ਦਾ ਨਿਰਮਾਣ ਕਰਵਾਇਆ ਗਿਆ ਸੀ ਅਤੇ ਕਈ ਪੁਰਾਣੀਆਂ ਖਾਲਾਂ ਵੀ ਪੱਕੀਆਂ ਕਰਵਾਈਆਂ ਗਈਆਂ ਸਨ ਤਾਂ ਜੋ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਸਿੱਧਾ ਪਹੁੰਚਾਇਆ ਜਾ ਸਕੇ। ਦੂਜੇ ਪਾਸੇ ਗੱਲ ਪਾਵਰ ਕੌਮ ਦੀ ਕਰੀਏ ਤਾਂ ਕਿਸਾਨਾਂ ਦਾ ਦੋਸ਼ ਹੈ ਕਿ ਪਾਵਰ ਕੌਮ ਕਰਮਚਾਰੀ ਬਾਰ-ਬਾਰ ਸ਼ਿਕਾਇਤ ਕਰਨ ਦੇ ਬਾਵਜੂਦ ਉਹਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ । ਹੋਰ ਤਾਂ ਹੋਰ ਪਿੰਡ ਹਜਾਤ ਨਗਰ , ਵਰਿਆਂ, ਕਾਲਾ ਨੰਗਲ ਹਮਰਾਜਪੁਰ ਅਤੇ ਬਥਵਾਲਾ ਫੀਡਰ ਦੀ ਬਿਜਲੀ ਚਾਰ ਦਿਨ ਬੰਦ ਰਹੀ ਜਿਸ ਕਾਰਨ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਝੋਨੇ ਦੀ ਪਨੀਰੀ ਬਚਾਉਣ ਲਈ ਬਾਲਟੀਆਂ ਭਰ ਭਰ ਕੇ ਉਸਨੂੰ ਪਾਣੀ ਦੇਣਾ ਪਿਆ ।
ਕਿਸਾਨ ਆਗੂ ਜਤਿੰਦਰ ਸਿੰਘ ਵਰਿਆਂ ਤੇ ਕੁਲਜੀਤ ਸਿੰਘ ਨੇ ਦੱਸਿਆ ਕਿ ਕੁਝ ਇੱਕ ਪਿੰਡਾਂ ਵਿੱਚ ਬਿਜਲੀ ਦੇ ਖੰਭੇ ਅਤੇ ਤਾਰਾਂ ਸਹੀ ਕਰਨ ਬਾਰੇ ਕਈ ਵਾਰ ਸ਼ਿਕਾਇਤਾਂ ਬਿਜਲੀ ਵਿਭਾਗ ਨੂੰ ਕੀਤੀਆਂ ਜਾ ਚੁੱਕੀਆਂ ਹਨ ਪਰ ਵਿਭਾਗ ਦੇ ਮੁਲਾਜ਼ਮ ਕੋਈ ਧਿਆਨ ਨਹੀਂ ਦਿੰਦੇ । ਪਿੰਡ ਵਿੱਚ ਕਈ ੍ਰ ਮੋਟਰਾਂ ਦੇ ਟ੍ਰਾਂਸਫਾਰਮਰਾਂ ਤੇ ਜ਼ੀਰੋ ਸਵਿੱਚ ਇਹ ਨਹੀਂ ਲਗਾਏ ਗਏ ਜਦਕਿ ਉਹਨਾਂ ਦੀ ਫੀਸ ਵਿਭਾਗ ਨੂੰ ਜਮਾ ਕਰਵਾ ਦਿੱਤੀ ਗਈ ਹੈ। ਜ਼ੀਰੋ ਸਵਿੱਚ ਲੱਗੇ ਹੋਣ ਤਾਂ ਕਿਸਾਨ ਆਪ ਹੀ ਟਰਾਂਸਫਾਰਮਰ ਨੂੰ ਆਪਰੇਟ ਕਰ ਸਕਦੇ ਹਨ। ਦੂਜੇ ਪਾਸੇ ਪਿਛਲੇ ਚਾਰ ਦਿਨ ਲਗਾਤਾਰ ਬਿਜਲੀ ਬੰਦ ਰਹੀ ਜਿਸ ਕਾਰਨ ਝੋਨੇ ਦੀ ਪਨੀਰੀ ਸੁੱਕਣ ਦੇ ਕਗਾਰ ਤੇ ਆ ਗਈ ਸੀ । ਕੁਝ ਇਕ ਕਿਸਾਨਾਂ ਨੇ ਤਾਂ ਜਨਰੇਟਰ ਚਲਾ ਕੇ ਕੰਮ ਸਾਰ ਲਿਆ ਪਰ ਜਿਆਦਾਤਰ ਕਿਸਾਨਾਂ ਨੇ ਬਾਲਟੀਆਂ ਨਾਲ ਭਰ ਭਰ ਕੇ ਪਾਣੀ ਦਿੱਤਾ ਤੇ ਝੋਨੇ ਦੀ ਪਨੀਰੀ ਨੂੰ ਬਚਾਉਂਦੇ ਰਹੇ। ਉਹਨਾਂ ਦੱਸਿਆ ਕਿ ਜੇ ਨਹਿਰੀ ਪਾਣੀ ਦੀ ਗੱਲ ਕਰੀਏ ਤਾਂ ਰਾਮ ਨਗਰ ਤੋਂ ਆ ਰਹੀ ਨਹਿਰੀ ਪਾਣੀ ਦੀ ਖਾਲ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕੀ ਹੈ ਇਸ ਦੀ ਸਫਾਈ ਨਹੀਂ ਹੋਈ।ਨਾ ਹੀ ਪਿਛਲੇ ਸਾਲ ਇਸ ਵਿੱਚ ਪਾਣੀ ਆਇਆ ਤੇ ਨਾ ਹੀ ਇਸ ਵਾਰ ਆਉਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਸਰਕਾਰ ਤਾਂ ਆਪਣੇ ਵੱਲੋਂ ਕਿਸਾਨਾਂ ਲਈ ਅਗੇਤੀ ਪ੍ਰਬੰਧ ਕਰਨ ਦੀ ਗੱਲ ਕਰਦੀ ਹੈ ਪਰ ਜਮੀਨੀ ਹਕੀਕਤ ਇਹ ਹੈ ਕਿ ਇਹ ਪ੍ਰਬੰਧ ਲੋਕਲ ਲੈਵਲ ਤੇ ਆ ਕੇ ਹਾਥੀ ਦੇ ਦੰਦ ਸਾਬਤ ਹੁੰਦੇ ਹਨ ।
2 | 9 | 0 | 2 | 3 | 1 | 8 | 8 |