ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਹੋਵੇਗੀ ਰਜਿਸਟ੍ਰੇਸ਼ਨ
ਆਪਣੇ ਉੱਦਮਾਂ ਸਦਕੇ ਸਮਾਜ ਵਿੱਚ ਸਕਾਰਾਤਮਕ ਬਦਲਾਓ ਲਿਆਉਣ ਵਾਲੇ ਬੱਚਿਆਂ ਲਈ ਪੁਰਸਕਾਰ ਇੱਕ ਹੱਲਾਸ਼ੇਰੀ
ਮਾਲੇਰਕੋਟਲਾ, 4 ਜੂਨ 2025- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਵੱਲੋਂ ਹਰ ਸਾਲ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਪੁਰਸਕਾਰ ਉਹਨਾਂ ਬੱਚਿਆਂ ਨੂੰ ਇੱਕ ਮੰਚ ਪ੍ਰਦਾਨ ਕਰਦਾ ਹੈ ਜਿਹੜੇ ਆਪਣੇ ਉੱਦਮਾਂ ਸਦਕੇ ਸਮਾਜ ਵਿੱਚ ਸਕਾਰਾਤਮਕ ਬਦਲਾਓ ਲਿਆਉਣ ਦਾ ਯਤਨ ਕਰਦੇ ਹਨ। ਇਹ ਪੁਰਸਕਾਰ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਜਿਹਨਾਂ ਨੇ ਖੇਡਾਂ, ਸਮਾਜ ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ, ਕਲਾ ਅਤੇ ਸੱਭਿਆਚਾਰ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਮੱਲ੍ਹਾਂ ਮਾਰੀਆਂ ਹੋਣ । ਇਸ ਪੁਰਸਕਾਰ ਵਿੱਚ ਮੈਡਲ ਅਤੇ ਸਰਟੀਫਿਕੇਟ ਸ਼ਾਮਿਲ ਹੁੰਦਾ ਹੈ। ਇਸ ਸਾਲ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਪੁਰਸਕਾਰ ਪ੍ਰਾਪਤੀ ਲਈ ਮਿਤੀ 31 ਜੁਲਾਈ 2025 ਤੱਕ ਅਪਲਾਈ ਕੀਤਾ ਜਾ ਸਕਦਾ ਹੈ । ਕੋਈ ਵੀ ਭਾਰਤੀ ਬੱਚਾ ਜਿਸਦੀ ਉਮਰ 18 ਸਾਲ ਤੱਕ ਦੀ ਹੈ, ਉਹ ਪੁਰਸਕਾਰ ਲਈ ਸਿੱਧੇ ਤੌਰ ਉਤੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਪੋਰਟਲ https://awards.gov.in' ਤੇ ਅਪਲਾਈ ਕਰ ਸਕਦਾ ਹੈ।
2 | 8 | 9 | 7 | 8 | 7 | 7 | 4 |