ਖੂਨ ਦੇ ਲਗਾਤਾਰ ਵਧਣ ਲੱਗੇ ਦਬਾਅ ਨੂੰ ਕਾਬੂ 'ਚ ਰੱਖਣਾ ਬਹੁਤ ਜ਼ਰੂਰੀ: ਡਾ: ਧੀਰਾ ਗੁਪਤਾ
ਅਸ਼ੋਕ ਵਰਮਾ
ਗੋਨਿਆਣਾ, 21 ਮਈ 2025: ਵਿਸ਼ਵ ਹਾਇਪਰਟੈਨਸ਼ਨ ਮਹੀਨੇ ਦੇ ਸਬੰਧ ਵਿੱਚ ਕਾਰਜਕਾਰੀ ਸਿਵਲ ਸਰਜਨ ਬਠਿੰਡਾ ਡਾ: ਰਮਨ ਸਿੰਗਲਾ ਦੀਆਂ ਹਦਾਇਤਾਂ ਮੁਤਾਬਿਕ ਬਲਾਕ ਗੋਨਿਆਣਾ ਵਿੱਚ ਸੀਨੀਅਰ ਮੈਡੀਕਲ ਅਫ਼ਰ ਡਾ: ਧੀਰਾ ਗੁਪਤਾ ਦੀ ਅਗਵਾਈ ਹੇਠ ਵੱਖ—ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਲੋਕਾਂ ਨੂੰ ਵਧਦੇ ਬਲੱਡ ਪ੍ਰੈਸ਼ਰ ਸਬੰਧੀ ਜਾਗਰੂਕ ਕਰਨ ਲਈ ਸਾਇਕਲ ਰੈਲੀਆਂ ਅਤੇ ਜਾਗਰੂਕਤਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਬਲਾਕ ਦੇ ਪਿੰਡ ਸਿਵੀਆਂ, ਜੀਦਾ, ਬਲਾਹੜ ਵਿੰਝੂ, ਗਹਿਰੀ ਭਾਗੀ, ਕੋਟਸ਼ਮੀਰ , ਬਹਿਮਣ ਦੀਵਾਨਾ, ਬੱਲੂਆਣਾ ਆਦਿ ਵਿੱਚ ਸਾਇਕਲ ਰੈਲੀਆਂ ਕੀਤੀਆਂ ਗਈਆਂ। ਇੰਨ੍ਹਾਂ ਰੈਲੀਆਂ ਨੂੰ ਝੰਡੀ ਦਿਖਾਉਣ ਸਮੇਂ ਆਪਣੇ ਸੰਬੋਧਨ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਿਹਾ ਕਿ ਵਧਦੇ ਖੂਨ ਦੇ ਦਬਾਅ ਨੂੰ ਕਾਬੂ ਵਿੱਚ ਰੱਖਣਾ ਬਹੁਤ ਜਰੂਰੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰਤੀ ਦਿਖਾਈ ਅਣਦੇਖੀ ਮਨੁੱਖੀ ਜ਼ਿੰਦਗੀ ਲਈ ਘਾਤਕ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜੋਕੀ ਖਾਣ—ਪੀਣ ਦੀਆਂ ਆਦਤਾਂ ਨੇ ਛੋਟੀ ਉਮਰ ਦੇ ਬੱਚਿਆਂ ਦਾ ਵੀ ਬਲੱਡ ਪ੍ਰੈਸ਼ਰ ਬੇਕਾਬੂ ਕਰ ਰੱਖਿਆ ਹੈ। ਉਨ੍ਹਾ ਕਿਹਾ ਕਿ ਵਿਸ਼ੇਸ਼ ਤੌਰ 'ਤੇ 30 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਆਪਣਾ ਬਲੱਡ ਪ੍ਰੈਸ਼ਰ ਰੈਗੂਲਰ ਚੈਕ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਿਉਂਕਿ ਵੱਧ ਬਲੱਡ ਪ੍ਰੈਸ਼ਰ ਸਰੀਰ ਦੇ ਅਨੇਕਾਂ ਅੰਗਾਂ *ਤੇ ਮਾਰੂ ਪ੍ਰਭਾਵ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਵੇਰ ਸਮੇਂ ਦੀ ਸੈਰ, ਪੌਸ਼ਟਿਕ ਖੁਰਾਕ, ਸਾਇਕਲਿੰਗ ਅਤੇ ਯੋਗਾ ਆਦਿ ਦੀ ਆਦਤ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖ ਸਕਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਮੋਨਿਸ਼ਾ ਗਰਗ, ਡਾ: ਮੋਨਿਕਾ, ਸ਼ੈਰੀ ਗਰਗ, ਕਮਲਦੀਪ ਗਰਗ, ਬੀ.ਐਸ.ਏ. ਬਲਜਿੰਦਰਜੀਤ ਸਿੰਘ, ਸੀ.ਐਚ.ਓ. ਪ੍ਰਭਜੋਤ ਕੌਰ, ਮਰਜੀਨਾ ਖਾਨ, ਅਮਨਦੀਪ ਕੌਰ, ਕਿਰਨਦੀਪ ਕੌਰ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।