ਸਾਹਿਤਕ ਮੰਚ, ਲਹਿਰਾਗਾਗਾ ਵੱਲੋਂ ਸਾਹਿਤਕ ਮਿਲਣੀ ਤੇ ਕਵੀ-ਦਰਬਾਰ
ਦਲਜੀਤ ਕੌਰ
ਲਹਿਰਾਗਾਗਾ, 19 ਮਈ, 2025: ਸਾਹਿਤਕ ਮੰਚ, ਲਹਿਰਾਗਾਗਾ ਵੱਲੋਂ ਸਥਾਨਕ ਪੈਨਸ਼ਨਰਜ਼ ਹੋਮ ਵਿਖੇ ਇੱਕ ਵਿਸ਼ੇਸ਼ ਸਾਹਿਤਕ ਮਿਲਣੀ ਅਤੇ ਕਵੀ-ਦਰਬਾਰ ਕਰਵਾਿਆ ਗਿਆ। ਜਿਸ ਵਿੱਚ ਸਾਹਿਤਕ ਮੰਚ ਦੇ ਮੈਂਬਰਾਂ ਨੇ ਉਨ੍ਹਾਂ ਵੱਲੋਂ ਬੀਤੇ ਦਿਨਾਂ ਵਿੱਚ ਪੜ੍ਹੀਆਂ ਪੁਸਤਕਾਂ ਦੀ ਚਰਚਾ ਕੀਤੀ ਅਤੇ ਕਵੀਆਂ ਨੇ ਆਪਣੀਆਂ ਕਾਵਿਕ ਰਚਨਾਵਾਂ ਪੇਸ਼ ਕੀਤੀਆਂ।
ਸਾਹਿਤਕ ਮੰਚ ਦੀ ਇਹ ਮਿਲਣੀ ਕਿਉਂਕਿ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਨਿਰਦੋਸ਼ ਲੋਕਾਂ ਦੇ ਕਤਲੇਆਮ ਅਤੇ ਉਸ ਉਪਰੰਤ ਭਾਰਤ- ਪਾਕਿਸਤਾਨ ਦਰਮਿਆਨ ਛਿੜੀ ਜੰਗ ਤੋਂ ਬਾਅਦ ਹੋ ਰਹੀ ਸੀ ਇਸ ਲਈ ਪਹਿਲਗਾਮ ਅਤੇ ਜੰਗ ਵਿੱਚ ਫੌਤ ਹੋਣ ਵਾਲੀਆਂ ਸਭਨਾਂ ਮਨੁੱਖੀ ਜ਼ਿੰਦਾਂ ਨੂੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਡਾ: ਜਗਦੀਸ਼ ਪਾਪੜਾ ਨੇ ਇਸ ਸਾਰੇ ਲਹੂ-ਭਿੱਜੇ ਵਰਤਾਰੇ ਦਾ ਜ਼ਿਕਰ ਕਰਦਿਆਂ ਕਾਮਨਾ ਕੀਤੀ ਕਿ ਸ਼ਾਲਾ ਕਿਤੇ ਵੀ ਲੋਕ ਨਾ ਅੱਤਵਾਦ ਦਾ ਸ਼ਿਕਾਰ ਹੋਣ ਤੇ ਨਾ ਨਿੱਹਕੀਆਂ ਜੰਗਾਂ ਦਾ ਖਾਜਾ ਬਣਨ।
ਇਸ ਉਪਰੰਤ ਮਾਸਟਰ ਰਤਨਪਾਲ ਡੂਡੀਆਂ ਨੇ ਪ੍ਰਸਿੱਧ ਲੇਖਕ ਜਸਵੀਰ ਭੁੱਲਰ ਦੇ ਨਾਵਲ "ਖਿੱਦੋ" ਅਤੇ ਉਨ੍ਹਾਂ ਦੀ ਹੀ ਵਾਰਤਕ ਦੀ ਪੁਸਤਕ "ਕਾਗਜ਼ ਉੱਤੇ ਲਿਖੀ ਮੁਹੱਬਤ" ਦੀ ਚਰਚਾ ਕਰਦਿਆਂ ਇਨ੍ਹਾਂ ਪੁਸਤਕਾਂ ਨੂੂੰ ਪੜ੍ਹਨ ਦੀ ਅਪੀਲ ਕੀਤੀ। ਲੇਖਕ ਰਣਜੀਤ ਲਹਿਰਾ ਨੇ ਕਹਾਣੀਕਾਰ ਅਜਮੇਰ ਸਿੱਧੂ ਦੇ ਚੌਥੇ ਕਹਾਣੀ ਸੰਗ੍ਰਿਹ "ਰੰਗ ਦੀ ਬਾਜ਼ੀ" ਦੀ ਜਾਣ ਪਹਿਚਾਣ ਕਰਵਾਈ ਅਤੇ ਕਿਹਾ ਕਿ ਕਹਾਣੀਆਂ ਦੀ ਵੰਨ-ਸੁਵੰਨਤਾ ਪੁਸਤਕ ਦੀ ਖੂਬਸੂਰਤੀ ਹੈ। ਧਰਮਵੀਰ ਬਾਵਾ ਨੇ ਉਹਦੇ ਵੱਲੋਂ ਪੜ੍ਹੀ ਨੈਣ ਸੁੱਖ "ਰਾਣੀ ਤੱਤ" ਅਤੇ ਜਗਦੀਸ਼ ਪਾਪੜਾ ਨੇ ਜੰਗ ਬਹਾਦਰ ਗੋਇਲ ਵੱਲੋਂ ਅਨੁਵਾਦਿਤ ਜਰਮਨ ਨਾਵਲ "ਆਲ ਕੁਆਇਟ ਔਨ ਵੈਸਟਰਨ ਫਰੰਟ" ਦੇ ਹਵਾਲੇ ਨਾਲ ਦੱਸਿਆ ਕਿ ਜੰਗ ਕੀ ਕੁੱਝ ਖੋਹ ਲਿਜਾਂਦੀ ਹੈ। ਡਾ: ਬਿਹਾਰੀ ਮੰਡੇਰ ਨੇ ਕਵਿਤਾ ਪਾਠ ਦੇ ਨਾਲ ਆਪਣੇ ਅਧਿਆਪਕ ਰਹੇ ਲੇਖਕ ਤੇ ਇਤਿਹਾਸਕਾਰ ਸੁਭਾਸ਼ ਪਰਿਹਾਰ ਦੀ ਪੁਸਤਕ "ਕਿਤਾਬਾਂ ਦੀ ਕਿਤਾਬ" ਦੀ ਚਰਚਾ ਕੀਤੀ।
ਇਸ ਉਪਰੰਤ ਮੈਡਮ ਜਗਦੀਪ ਰੂਬੀ, ਧਰਮਾ ਹਰਿਆਊ, ਜਗਵੀਰ ਸਿੰਘ ਗਾਗਾ, ਖ਼ੁਸ਼ਪ੍ਰੀਤ ਹਰੀਗੜ੍ਹ, ਡਾ: ਸੁਖਜਿੰਦਰ ਲਾਲੀ, ਸਤਨਾਮ ਸਿੰਘ ਹਰਿਆਊ ਅਤੇ ਸਵਰਨ ਸਿੰਘ ਹਰਿਆਊ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਜ਼ਿਕਰਯੋਗ ਗੱਲ ਇਹ ਹੈ ਕਿ ਇਨ੍ਹਾਂ ਕਾਵਿ ਰਚਨਾਵਾਂ ਵਿੱਚੋਂ ਬਹੁਤੀਆਂ ਨਿਹੱਕੀ ਜੰਗ ਦੇ ਵਿਰੁੱਧ ਅਤੇ ਅਮਨ ਤੇ ਭਾਈਚਾਰੇ ਦੀ ਬਾਤ ਪਾਉਣ ਵਾਲੀਆਂ ਸਨ। ਇਸ ਮਿਲਣੀ ਵਿੱਚ ਮਾਸਟਰ ਭਗਵਾਨ ਦਾਸ, ਬਲਦੇਵ ਚੀਮਾ, ਜੋਰਾ ਸਿੰਘ ਗਾਗਾ ਨੇ ਵੀ ਸ਼ਿਰਕਤ ਕੀਤੀ।