ਜ਼ਿਲ੍ਹਾ ਗੁਰਦਾਸਪੁਰ ਵਿਚ 2500 ਹੈੱਕ ਰਕਬਾ ਮੱਕੀ ਦੀ ਕਾਸ਼ਤ ਹੇਠ ਲਿਆਂਦਾ ਜਾਵੇਗਾ : ਮੁੱਖ ਖੇਤੀਬਾੜੀ ਅਫ਼ਸਰ
ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਨਿਯੁਕਤ ਕੀਤੇ ਕਿਸਾਨ ਮਿੱਤਰਾਂ ਨੂੰ ਪੀਏਯੂ ਦੇ ਮਾਹਿਰਾਂ ਦੀ ਟੀਮ ਵੱਲੋਂ ਦਿੱਤੀ ਗਈ ਸਿਖਲਾਈ
ਰੋਹਿਤ ਗੁਪਤਾ
ਗੁਰਦਾਸਪੁਰ, 12 ਮਈ 2025 ਗੁਰਦਾਸਪੁਰ ਜ਼ਿਲ੍ਹੇ ਅੰਦਰ 2500 ਹੈਕਟੇਅਰ ਰਕਬੇ ਵਿਚ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਾਉਣ ਦੇ ਉਲੀਕੇ ਗਏ ਟੀਚੇ ਦੀ ਪੂਰਤੀ ਲਈ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਿਯੁਕਤ ਕਿਸਾਨ ਮਿੱਤਰਾਂ ਨੂੰ ਸਿਖਲਾਈ ਦੇਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਟਰੇਨਿੰਗ ਹਾਲ ਵਿਚ ਇਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਕੀਤੀ। ਇਸ ਮੌਕੇ ਸਮੁੱਚੇ ਜ਼ਿਲ੍ਹੇ ਦੇ ਡਾਕਟਰ ਸਰਬਜੀਤ ਸਿੰਘ ਔਲਖ ਐਸੋਸੀਏਟ ਨਿਰਦੇਸ਼ਕ,ਡਾਕਟਰ ਮਨਪ੍ਰੀਤ ਸਿੰਘ ,ਡਾਕਟਰ ਗੁਰਪ੍ਰੀਤ ਸਿੰਘ, ਡਾਕਟਰ ਗਗਨਦੀਪ ਸਿੰਘ, ਡਾਕਟਰ ਪਰਮਿੰਦਰ ਕੁਮਾਰ ਸਮੂਹ ਖੇਤੀਬਾੜੀ ਅਫ਼ਸਰ ਸਮੇਤ ਸਮੂਹ ਕਿਸਾਨ ਮਿੱਤਰਾਂ ਹਾਜ਼ਰ ਸਨ, ਜਿਨ੍ਹਾਂ ਨੂੰ ਸਿਖਲਾਈ ਦੇਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸਬੰਧਿਤ ਖੇਤੀ ਮਾਹਿਰਾਂ ਦੀ ਟੀਮ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮੱਕੀ ਦੀ ਕਾਸ਼ਤ ਨਾਲ ਸਬੰਧਿਤ ਅਹਿਮ ਨੁਕਤੇ ਸਾਂਝੇ ਕੀਤੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸਾਲ 2014-15 ਦੌਰਾਨ ਤਕਰੀਬਨ 28.9 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ ਜਦ ਕਿ 60ਵੇਂ ਦਹਾਕੇ ਦੌਰਾਨ ਝੋਨੇ ਹੇਠ ਰਕਬਾ ਕੇਵਲ 2.27 ਲੱਖ ਹੈਕਟੇਅਰ ਸੀ।ਝੋਨੇ ਦੀ ਕਾਸ਼ਤ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਨੀਵਾਂ ਜਾ ਚੁੱਕਾ ਹੈ ਕਿ ਕੇਂਦਰੀ ਜ਼ਿਲਿਆਂ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਪੰਜਾਬ ਦੇ 141 ਬਲਾਕਾਂ ਵਿੱਚੋਂ 110 ਬਲਾਕਾਂ ਨੂੰ ਪਹਿਲਾਂ ਹੀ ਜ਼ਮੀਨਦੋਜ਼ ਪਾਣੀ ਦੇ ਵਧੇਰੇ ਨਿਕਾਸੀ ਕਾਰਨ ਕਾਲੇ ਖੇਤਰ ਐਲਾਨਿਆ ਚੁੱਕਾ ਹੈ ਅਤੇ ਹੁਣੇ ਹੁਣੇ ਕੇਂਦਰੀ ਭੂ ਜਲ ਬੋਰਡ ਵੱਲੋਂ 18 ਬਲਾਕਾਂ ਨੂੰ ਕਾਲੇ ਖੇਤਰ ਵਾਲੇ ਬਲਾਕ ਐਲਾਨ ਕਰਕੇ ਹੋਰ ਟਿਊਬਵੈੱਲ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਮੱਕੀ ਅਜਿਹੀ ਫ਼ਸਲ ਹੈ,ਜਿਸ ਦੀ ਵਰਤੋਂ 25 ਫ਼ੀਸਦੀ ਖ਼ੁਰਾਕ, 49 ਫ਼ੀਸਦੀ ਮੁਰਗ਼ੀਆਂ ਦੀ ਫੀਡ,12 ਫ਼ੀਸਦੀ ਪਸ਼ੂਆਂ ਲਈ ਚਾਰਾ, 12 ਫ਼ੀਸਦੀ ਸਟਾਰਚ ਬਣਾਉਣ ਲਈ, 1 ਫ਼ੀਸਦੀ ਸ਼ਰਾਬ ਬਣਾਉਣ ਲਈ ਅਤੇ 1 ਫ਼ੀਸਦੀ ਬੀਜ ਦੇ ਤੌਰ 'ਤੇ ਕੀਤੀ ਜਾਂਦੀ ਹੈ। ਪੋਲਟਰੀ, ਪਸ਼ੂ ਖ਼ੁਰਾਕ ਅਤੇ ਸਟਾਰਚ ਉਦਯੋਗ ਦੀ ਮੰਗ ਨੂੰ ਪੂਰਿਆਂ ਕਰਨ ਲਈ ਮੱਕੀ ਹੇਠ ਰਕਬਾ 8 ਲੱਖ ਹੈਕਟੇਅਰ ਤੱਕ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਬਲਾਕ ਦੀਨਾਨਗਰ, ਗੁਰਦਾਸਪੁਰ, ਕਾਹਨੂੰਵਾਨ, ਕਾਦੀਆਂ ਅਤੇ ਸ੍ਰੀ ਹਰਗੋਬਿੰਦਪੁਰ ਵਿਚ 2500 ਹੈੱਕ ਰਕਬੇ ਵਿੱਚ ਸਾਉਣੀ ਦੀ ਮੱਕੀ ਕਾਸ਼ਤ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਟੀਚੇ ਦੀ ਪੂਰਤੀ ਲਈ 25 ਕਿਸਾਨ ਮਿੱਤਰ ਨਿਯੁਕਤ ਕੀਤੇ ਗਏ ਹਨ ਜੋ ਖੇਤੀਬਾੜੀ ਅਧਿਕਾਰੀਆਂ ਅਤੇ ਕਿਸਾਨਾਂ ਵਿਚ ਕੜੀ ਦਾ ਕੰਮ ਕਰਨਗੇ ਅਤੇ ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਕਰਨ ਲਈ ਪ੍ਰੇਰਤ ਕਰਨਗੇ।
ਡਾਕਟਰ ਸਰਬਜੀਤ ਸਿੰਘ ਔਲਖ ਨੇ ਕਿਹਾ ਕਿ ਮੌਜੂਦਾ ਹਾਲਤਾਂ ਨੂੰ ਮੁੱਖ ਰੱਖਦਿਆਂ ਮੱਕੀ ਹੇਠ ਰਕਬਾ ਵਧਾਉਣਾ ਚਾਹੀਦਾ ਹੈ ਜਿਸ ਦੀ ਖ਼ਰੀਦ ਲਈ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਕਰ ਦਿੱਤਾ ਗਿਆ ਹੈ। ਫ਼ਸਲ ਵਿਗਿਆਨੀ ਡਾਕਟਰ ਖੋਖਰ ਨੇ ਜਿੱਥੇ ਮੱਕੀ ਦੀ ਕਾਸ਼ਤ ਨਾਲ ਸਬੰਧਿਤ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਉਸ ਦੇ ਨਾਲ ਹੀ ਮੱਕੀ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ 39.0 ਕੁਇੰਟਲ ਹੈ ਜਦ ਕਿ ਦੋਗਲੀਆਂ ਕਿਸਮਾਂ ਪ੍ਰਤੀ ਹੈਕਟੇਅਰ ਤਕਰੀਬਨ 55-60 ਕੁਇੰਟਲ ਤੱਕ ਪੈਦਾਵਾਰ ਦੇਣ ਦੀ ਸਮਰੱਥਾ ਰੱਖਦੀਆਂ ਹਨ।
ਉਨ੍ਹਾਂ ਕਿਹਾ ਕਿ ਮੱਕੀ ਦਾ ਚੰਗਾ ਝਾੜ ਲੈਣ ਲਈ ਖੇਤਾਂ ਦੇ ਜਲ ਨਿਕਾਸ ਦਾ ਠੀਕ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। ਸਿੰਚਿਤ ਇਲਾਕਿਆਂ ਵਿੱਚ ਮੱਕੀ ਦੀ ਬਿਜਾਈ 25 ਮਈ ਤੋਂ 29 ਜੂਨ ਤੱਕ ਬਿਜਾਈ ਕੀਤੀ ਜਾ ਸਕਦੀ ਹੈ। ਅਗਸਤ ਮਹੀਨੇ ਵਿੱਚ ਮੱਕੀ ਦੀ ਬਿਜਾਈ ਕਰਕੇ ਵੀ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ। ਪ੍ਰਤੀ ਏਕੜ ਬੂਟਿਆਂ ਦੀ ਗਿਣਤੀ 33000 ਹੋਣੀ ਬਹੁਤ ਜ਼ਰੂਰੀ ਹੈ ਇਹ ਗਿਣਤੀ ਤਾਂ ਹੀ ਪੂਰੀ ਕੀਤੀ ਜਾ ਸਕਦੀ ਹੈ ਜੇਕਰ ਮੱਕੀ ਦੀ ਬਿਜਾਈ ਸਮੇਂ ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈ.ਮੀ. ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈ.ਮੀ. ਹੋਵੇ। ਮੱਕੀ ਦੀ ਬਿਜਾਈ ਨੁਮੈਟਿਕ ਪਲਾਂਟਰ ਨਾਲ ਜਾਂ ਵੱਟਾਂ ਉੱਪਰ ਚੋਗ ਕੇ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਮੱਕੀ ਦੀ ਕਾਸ਼ਤ ਕੀਤੀ ਜਾਵੇ ਤਾਂ ਕਿਸਾਨ ਚੰਗੀ ਆਮਦਨ ਕਮਾ ਸਕਦੇ ਹਨ।ਡਾ.ਰਾਜਵਿੰਦਰ ਕੌਰ ਨੇ ਬੀਜ ਦੀ ਸੋਧ ਅਤੇ ਮੱਕੀ ਦੀ ਫ਼ਸਲ ’ਤੇ ਹਮਲਾ ਕਰਨ ਵਾਲੇ ਵੱਖ ਵੱਖ ਕੀਟ ਪਤੰਗਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ।
ਡਾਕਟਰ ਗੁਰਪ੍ਰੀਤ ਸਿੰਘ ਨੇ ਨਦੀਨਾਂ ਦੀ ਰੋਕਥਾਮ ਲਈ, ਵੱਖ ਵੱਖ ਬਿਮਾਰੀਆਂ ਤੋ ਬਚਾਅ ਦੇ ਢੰਗ ਤਰੀਕਿਆਂ ਸਮੇਤ ਹੋਰ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਮਾਹਿਰਾਂ ਨੇ ਖਾਦਾਂ ਦੀ ਵਰਤੋਂ ਬਿਜਾਈ ਅਤੇ ਕਟਾਈ ਦੇ ਢੰਗ ਤਰੀਕੇ, ਸਿੰਚਾਈ ਆਦਿ ਸਬੰਧੀ ਵੀ ਸਿਖਲਾਈ ਦਿੱਤੀ । ਸਟੇਜ ਸਕੱਤਰ ਦੇ ਫਰਜ ਡਾਕਟਰ ਮਨਪ੍ਰੀਤ ਸਿੰਘ ਨੇ ਬਾਖ਼ੂਬੀ ਨਿਭਾਏ। ਅਖੀਰ ਵਿਚ ਦੋ ਸਫਲ ਮੱਕੀ ਕਾਸ਼ਤਕਾਰਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ।